ਫਿਲਮਾਂ ਵਿੱਚ ਰਾਸ਼ਟਰ ਗੀਤ ਵੱਜਣ ’ਤੇ ਦਰਸ਼ਕਾਂ ਨੂੰ ਖੜ੍ਹੇ ਹੋਣ ਦੀ ਲੋੜ ਨਹੀਂ: ਸੁਪਰੀਮ ਕੋਰਟ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 14 ਫਰਵਰੀ:
ਸੁਪਰੀਮ ਕੋਰਟ ਨੇ ਅੱਜ ਸਪੱਸ਼ਟ ਕੀਤਾ ਕਿ ਕਿਸੇ ਫਿਲਮ ਜਾਂ ਸਮਾਚਾਰ ਫਿਲਮ ਦੀ ਕਹਾਣੀ ਦੇ ਹਿੱਸੇ ਦੇ ਰੂਪ ਵਿੱਚ ਰਾਸ਼ਟਰ ਗੀਤ ਵੱਜਣ ਦੌਰਾਨ ਦਰਸ਼ਕਾਂ ਨੂੰ ਖੜ੍ਹਾ ਹੋਣ ਦੀ ਲੋੜ ਨਹੀਂ ਹੈ। ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਆਰ. ਭਾਨੂੰਮਤੀ ਦੀ ਬੈਂਚ ਨੇ ਇਹ ਸਪੱਸ਼ਟੀਕਰਨ ਉਸ ਸਮੇਂ ਦਿੱਤਾ ਜਦੋਂ ਪਟੀਸ਼ਨਕਰਤਾਵਾਂ ਵਿੱਚੋਂ ਇਕ ਨੇ ਕਿਹਾ ਕਿ ਸੁਪਰੀਮ ਕੋਰਟ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਫਿਲਮ ਜਾਂ ਸਮਾਚਾਰ ਫਿਲਮ ਵਿੱਚ ਰਾਸ਼ਟਰ ਗੀਤ ਵੱਜਣ ਤੇ ਵੀ ਦਰਸ਼ਕਾਂ ਤੋਂ ਖੜ੍ਹਾ ਹੋਣ ਦੀ ਆਸ ਹੈ। ਬੈਂਚ ਨੇ ਕਿਹਾ ਕਿ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਜਦੋਂ ਕਿਸੇ ਫਿਲਮ, ਸਮਾਚਾਰ ਫਿਲਮ ਦੀ ਕਹਾਣੀ ਦੇ ਹਿੱਸੇ ਦੇ ਰੂਪ ਵਿੱਚ ਰਾਸ਼ਟਰਗੀਤ ਵੱਜਦਾ ਹੈ ਤਾਂ ਦਰਸ਼ਕਾਂ ਨੂੰ ਖੜ੍ਹਾ ਹੋਣ ਦੀ ਲੋੜ ਨਹੀਂ ਹੈ।
ਬੈਂਚ ਨੇ ਕਿਹਾ ਕਿ ਪਟੀਸ਼ਨ ਕਰਤਾਵਾਂ ਵੱਲੋਂ ਚੁੱਕੇ ਗਏ ਬਿੰਦੂਆਂ ਤੇ ਚਰਚਾ ਦੀ ਲੋੜ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 18 ਅਪ੍ਰੈਲ ਲਈ ਤੈਅ ਕਰ ਦਿੱਤੀ। ਸੁਪਰੀਮ ਕੋਰਟ ਨੇ ਪਿਛਲੇ ਸਾਲ 30 ਨਵੰਬਰ ਨੂੰ ਦੇਸ਼ ਦੇ ਸਾਰੇ ਸਿਨੇਮਾਘਰਾਂ ਨੂੰ ਆਦੇਸ਼ ਦਿੱਤਾ ਸੀ ਕਿ ਫਿਲਮ ਦਾ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰਗੀਤ ਵਜਾਇਆ ਜਾਵੇ ਅਤੇ ਦਰਸ਼ਕਾਂ ਨੂੰ ਇਸ ਦੇ ਪ੍ਰਤੀ ਸਨਮਾਨ ਵਿੱਚ ਖੜ੍ਹਾ ਹੋਣਾ ਚਾਹੀਦਾ। ਅਦਾਲਤ ਨੇ ਸ਼ਾਮ ਨਾਰਾਇਣ ਚੋਕਸੀ ਦੀ ਜਨਹਿੱਤ ਪਟੀਸ਼ਨ ਤੇ ਇਹ ਆਦੇਸ਼ ਦਿੱਤਾ ਸੀ। ਇਸ ਨੇ ਕਈ ਨਿਰਦੇਸ਼ ਦਿੰਦੇ ਹੋਏ ਕਿਹਾ ਸੀ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਨਾਗਰਿਕਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਇਕ ਰਾਸ਼ਟਰ ਵਿੱਚ ਰਹਿ ਰਹੇ ਹਨ ਅਤੇ ਰਾਸ਼ਟਰਗੀਤ ਦੇ ਪ੍ਰਤੀ ਸਨਮਾਨ ਦਰਸਾਉਣਾ ਉਨ੍ਹਾਂ ਦਾ ਕਰਤੱਵ ਹੈ, ਜੋ ਸਾਡੀ ਸੰਵਿਧਾਨਕ ਰਾਸ਼ਟਰ ਭਗਤੀ ਅਤੇ ਬੁਨਿਆਦੀ ਰਾਸ਼ਟਰੀ ਸ਼੍ਰੇਸ਼ਠਤਾ ਦਾ ਪ੍ਰਤੀਕ ਹੈ।