ਅਧਿਆਪਕਾਂ ਤੋਂ ਕਿਸੇ ਕਿਸਮ ਦਾ ਨਾਨ-ਟੀਚਿੰਗ ਕੰਮ ਨਹੀਂ ਲਿਆ ਜਾਵੇਗਾ: ਮੀਤ ਹੇਅਰ

ਮੰਤਰੀ ਵੱਲੋਂ ਸਕੂਲੀ ਸਿੱਖਿਆ ਨੂੰ ਹੋਰ ਗੁਣਾਤਮਿਕ ਤੇ ਮਿਆਰੀ ਬਣਾਉਣ ਲਈ ਵਿਉਂਤਬੰਦੀ ਕਰਨ ’ਤੇ ਜ਼ੋਰ

ਸਕੂਲ ਮੁਖੀਆਂ ਪਾਸੋਂ ਸਿੱਖਿਆ ਸੁਧਾਰ ਲਈ ਸੁਝਾਅ ਲੈਣ ਦਾ ਸਮਾਂ 31 ਮਈ ਤੱਕ ਵਧਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਸਿੱਖਿਆ ਦੀ ਕ੍ਰਾਂਤੀ ਲਿਆਉਣ ਲਈ ਅਧਿਆਪਕ ਵਰਗ ਦਾ ਵਡਮੱੁਲਾ ਯੋਗਦਾਨ ਹੋਵੇਗਾ। ਸਰਕਾਰੀ ਸਕੂਲਾਂ ਵਿੱਚ ਮੈਰਿਟ ਨਾਲ ਚੁਣੇ ਹੋਏ ਅਧਿਆਪਕ ਭਰਤੀ ਹੁੰਦੇ ਹਨ ਅਤੇ ਉਹ ਆਪਣੀ ਬਿਹਤਰ ਪੜ੍ਹਾਉਣ ਦੀਆਂ ਤਕਨੀਕਾਂ ਨਾਲ ਸਕੂਲੀ ਸਿੱਖਿਆ ਨੂੰ ਹੋਰ ਗੁਣਾਤਮਿਕ ਅਤੇ ਮਿਆਰੀ ਬਣਾ ਸਕਦੇ ਹਨ। ਇਹ ਗੱਲ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਸਿੱਖਿਆ ਭਵਨ ਵਿਖੇ ਐਜੂਸੈਟ ਰਾਹੀਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਤੇ ਐਲੀਮੈਂਟਰੀ ਸਿੱਖਿਆ), ਡਾਈਟ ਪ੍ਰਿੰਸੀਪਲਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਅਤੇ ਇੰਚਾਰਜਾਂ ਨਾਲ ਸਿੱਖਿਆ ਸੁਧਾਰਾਂ ਬਾਰੇ ਪਲੇਠੀ ਮੀਟਿੰਗ ਦੌਰਾਨ ਕਹੀ। ਉਨ੍ਹਾਂ ਸਕੂਲ ਮੁਖੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਆਪਣੇ ਸਟਾਫ਼ ਦੀ ਮਦਦ ਨਾਲ ਵਧੀਆ ਵਿਉਂਤਬੰਦੀ ਕਰਕੇ ਬੱਚਿਆਂ ਵਿੱਚ ਆਤਮ-ਵਿਸ਼ਵਾਸ ਵਧਾ ਕੇ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ਨੂੰ ਤਰਜ਼ੀਹ ਦੇਣ।
ਸਿੱਖਿਆ ਮੰਤਰੀ ਨੇ ਸਮੂਹ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਪਾਸੋਂ ਸਿੱਖਿਆ ਸੁਧਾਰਾਂ ਲਈ ਸੁਝਾਅ ਮੰਗੇ ਗਏ ਹਨ ਅਤੇ ਉਹ ਇੱਕ ਵਾਰ ਫਿਰ ਯਾਦ ਕਰਵਾਉਂਦੇ ਹਨ ਕਿ ਇਹ ਸੁਝਾਅ ਸਕੂਲ ਮੁਖੀ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਨਾਲ ਰਾਏ-ਮਸ਼ਵਰਾ ਕਰਕੇ ਦੇਣ। ਉਨ੍ਹਾਂ ਕਿਹਾ ਕਿ ਉਹ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਦੌਰੇ ’ਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਦਿੱਲੀ ਦੇ ਸਕੂਲਾਂ ਵਿੱਚ ਵੀ ਆਪਣੀ ਟੀਮ ਨਾਲ ਦੌਰਾ ਕੀਤਾ ਹੈ। ਉਨ੍ਹਾਂ ਦਿੱਲੀ ਦੇ ਵਧੀਆ ਕੰਮਾਂ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਪੰਜਾਬ ਦੇ ਸਕੂਲਾਂ ਵਿੱਚ ਦੌਰਿਆਂ ਦੌਰਾਨ ਚੰਗੇ ਤਜਰਬਿਆਂ ਦੀ ਤਾਰੀਫ਼ ਕੀਤੀ ਅਤੇ ਨਾਲ ਇਹ ਵੀ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਲਈ ਹੋਰ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਦੀ ਲੋੜ ਨੂੰ ਵੀ ਦਰਕਿਨਾਰ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਸਕੂਲਾਂ ਵਿੱਚ ਬੱਚਿਆਂ ਦਾ ਸਿੱਖਣ ਪੱਧਰ ਪਤਾ ਲਗਾਉਣ ਲਈ ਅਧਿਆਪਕਾਂ ਨੂੰ ਆਪਣੇ ਬੱਚਿਆਂ ਦੀ ਬੇਸ ਲਾਇਨ ਜਾਂਚ ਇਮਾਨਦਾਰੀ ਨਾਲ ਰਿਕਾਰਡ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਬੇਸ ਲਾਇਨ ਜਾਂਚ ਦੀ ਵਿਭਾਗ ਵੱਲੋਂ ਫੀਡਬੈਕ ਲੈਣ ਲਈ ਵਿਸ਼ੇਸ਼ ਟੀਮਾਂ ਗਠਨ ਕਰਕੇ ਸਮੀਖਿਆ ਕਰਵਾਈ ਜਾਵੇਗੀ।
ਮੀਤ ਹੇਅਰ ਨੇ ਮੀਟਿੰਗ ਦੌਰਾਨ ਇਹ ਗੱਲ ਵੀ ਦੁਹਰਾਈ ਕਿ ਪੰਜਾਬ ਸਰਕਾਰ ਦੀ ਭਵਿੱਖੀ ਯੋਜਨਾ ਹੈ ਕਿ ਭਵਿੱਖ ਵਿੱਚ ਅਧਿਆਪਕਾਂ ਤੋਂ ਕਿਸੇ ਕਿਸਮ ਦਾ ਨਾਨ-ਟੀਚਿੰਗ ਕੰਮ ਨਹੀਂ ਲਿਆ ਜਾਵੇਗਾ। ਸਿੱਖਿਆ ਮੰਤਰੀ ਨੇ ਪਿਛਲੇ ਦਿਨੀਂ ਸਿੱਖਿਆ ਵਿਭਾਗ ਦੀ ਵੈਬਸਾਈਟ ’ਤੇ ਸਕੂਲ ਮੁਖੀਆਂ ਪਾਸੋਂ ਸਿੱਖਿਆ ਸੁਧਾਰ ਲਈ ਸੁਝਾਅ ਮੰਗੇ ਗਏ ਸਨ, ਉਸ ਵਿੱਚ ਕੁਝ ਸਕੂਲ ਮੁਖੀਆਂ ਦੇ ਪ੍ਰਾਪਤ ਹੋਏ ਸੁਝਾਵਾਂ ਨੂੰ ਵੀ ਪੜ੍ਹਿਆ ਅਤੇ ਮੁਖੀਆਂ ਵੱਲੋਂ ਪੋਰਟਲ ਦੇ ਦਿੱਤੇ ਜਾ ਰਹੇ ਚੰਗੇ ਜਵਾਬਾਂ ਦੀ ਵੀ ਸਲਾਹਣਾ ਕੀਤੀ। ਉਨ੍ਹਾਂ ਕਿਹਾ ਕਿ ਉਹ ਸਾਰੇ ਸੁਝਾਵਾਂ ਨੂੰ ਨਿੱਜੀ ਤੌਰ ’ਤੇ ਵੀ ਪੜ੍ਹ ਰਹੇ ਹਨ ਅਤੇ ਇਨ੍ਹਾਂ ‘ਤੇ ਵਿਚਾਰ ਕਰਕੇ ਹੀ ਨਵੀ ਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਦੀ ਵੈਬਸਾਈਟ ’ਤੇ ਮੰਗੇ ਗਏ ਸੁਝਾਵਾਂ ਦੀ ਮਿਤੀ ਵਿੱਚ 31 ਮਈ 2022 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ।
ਇਸ ਮੌਕੇ ਮੰਤਰੀ ਨੇ ਸਿੱਖਿਆ ਬੋਰਡ ਵੱਲੋਂ ਹਰ ਮਹੀਨੇ ਪ੍ਰਕਾਸ਼ਿਤ ਕੀਤੇ ਜਾਂਦੇ ਪੰਖੜੀਆਂ ਅਤੇ ਪ੍ਰਾਇਮਰੀ ਸਿੱਖਿਆ ਬਾਲ ਰਸਾਲਿਆਂ ਦਾ ਮਈ ਅੰਕ ਵੀ ਰਿਲੀਜ਼ ਕੀਤਾ। ਬਾਲ ਰਸਾਲਿਆਂ ਸਬੰਧੀ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਾਹਿਤ ਅਤੇ ਸਭਿਆਚਾਰ ਨਾਲ ਜੋੜਨ ਲਈ ਇਹ ਦੋਵੇਂ ਬਾਲ ਰਸਾਲੇ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ ਅਤੇ ਇਨ੍ਹਾਂ ਰਸਾਲਿਆਂ ਰਾਹੀਂ ਪ੍ਰਕਾਸ਼ਿਤ ਹੁੰਦਾ ਸਾਹਿਤ ਵਿਦਿਆਰਥੀਆਂ ਦੇ ਜੀਵਨ ਅਤੇ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ। ਉਨ੍ਹਾਂ ਵੱਲੋਂ ਇਨ੍ਹਾਂ ਬਾਲ ਰਸਾਲਿਆਂ ਦੇ ਵਧੀਆ ਸੰਪਾਦਨ ਲਈ ਸੰਪਾਦਕ ਦਰਸ਼ਨ ਸਿੰਘ ਬਨੂੜ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਤੋਂ ਪਹਿਲਾਂ ਡੀਪੀਆਈ (ਸੈਕੰਡਰੀ) ਕੁਲਜੀਤ ਪਾਲ ਸਿੰਘ ਨੇ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਸਿੱਖਿਆ ਮੰਤਰੀ ਮੀਤ ਹੇਅਰ ਦਾ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਪੁੱਜਣ ’ਤੇ ਸਵਾਗਤ ਕੀਤਾ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ, ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ, ਡੀਪੀਆਈ (ਐਲੀਮੈਂਟਰੀ) ਹਰਿੰਦਰ ਕੌਰ, ਡਿਪਟੀ ਐੱਸਪੀਡੀ ਗੁਰਜੀਤ ਸਿੰਘ, ਡਿਪਟੀ ਡਾਇਰੈਕਟਰ ਗੁਰਤੇਜ ਸਿੰਘ, ਡਾ. ਭੁਪਿੰਦਰ ਸਿੰਘ ਬਾਠ ਅਤੇ ਦਰਸ਼ਨ ਸਿੰਘ ਬਨੂੜ ਵੀ ਹਾਜ਼ਰ ਸਨ।

Load More Related Articles

Check Also

Majitha Hooch Tragedy: Swift Government Action — All 10 Accused Arrested Within 6 Hours

Majitha Hooch Tragedy: Swift Government Action — All 10 Accused Arrested Within 6 Hours CM…