Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿਚਲੇ ਖੇਡ ਸਟੇਡੀਅਮਾਂ ਦਾ ਨਹੀਂ ਭਰਿਆ ਕਿਸੇ ਨੇ ਪ੍ਰਾਪਰਟੀ ਟੈਕਸ ਗਮਾਡਾ, ਖੇਡ ਵਿਭਾਗ ਪੰਜਾਬ ਤੇ ਪ੍ਰਾਈਵੇਟ ਠੇਕੇਦਾਰਾਂ ਵੱਲ ਲੱਖਾਂ ਰੁਪਏ ਦੀ ਦੇਣਦਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ: ਮੁਹਾਲੀ ਵਿੱਚ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਬਣਾਏ ਗਏ ਵੱਖ-ਵੱਖ ਖੇਡ ਸਟੇਡੀਅਮਾਂ ਦੀਆਂ ਇਮਾਰਤਾਂ ਦਾ ਪ੍ਰਾਪਰਟੀ ਟੈਕਸ ਨਹੀਂ ਭਰਿਆ ਗਿਆ ਹੈ। ਜਿਸ ਕਾਰਨ ਹੁਣ ਇਹ ਰਾਸ਼ੀ ਵੱਧ ਕੇ 20 ਲੱਖ ਰੁਪਏ ’ਤੇ ਪਹੁੰਚ ਗਈ ਹੈ। ਹਾਲਾਂਕਿ ਇਸ ਸਬੰਧੀ ਨਗਰ ਨਿਗਮ ਵੱਲੋਂ ਗਮਾਡਾ ਅਤੇ ਖੇਡ ਵਿਭਾਗ ਨੂੰ ਕਈ ਪੱਤਰ ਲਿਖੇ ਜਾ ਰਹੇ ਹਨ ਲੇਕਿਨ ਹੁਣ ਤੱਕ ਗਮਾਡਾ, ਖੇਡ ਵਿਭਾਗ ਅਤੇ ਪ੍ਰਾਈਵੇਟ ਠੇਕੇਦਾਰਾਂ ਨੇ ਪ੍ਰਾਪਰਟੀ ਟੈਕਸ ਵਜੋਂ ਫੁੱਟੀ ਕੌੜੀ ਵੀ ਜਮ੍ਹਾ ਨਹੀਂ ਕਰਵਾਈ ਗਈ ਹੈ। ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ। ਜਾਣਕਾਰੀ ਅਨੁਸਾਰ ਗਮਾਡਾ ਨੇ ਇੱਥੋਂ ਦੇ ਸੈਕਟਰ-69 ਵਾਲਾ ਖੇਡ ਸਟੇਡੀਅਮ ਇਕ ਨਾਮੀ ਪ੍ਰਾਈਵੇਟ ਸਕੂਲ ਨੂੰ ਠੇਕੇ ’ਤੇ ਦੇ ਦਿੱਤਾ ਹੈ। ਇੱਥੇ ਬੈਡਮਿੰਟਨ, ਸੁਕੈਸ਼, ਲਾਨ ਟੈਨਿਸ ਖੇਡਣ ਦਾ ਪ੍ਰਬੰਧ ਹੈ। ਫੇਜ਼-5 ਦਾ ਖੇਡ ਸਟੇਡੀਅਮ ਵੀ ਪ੍ਰਾਈਵੇਟ ਠੇਕੇਦਾਰ ਕੋਲ ਹੈ। ਇੱਥੇ ਬੈਡਮਿੰਟਨ ਅਤੇ ਸਵਿਮਿੰਗ ਅਤੇ ਬਾਹਰ ਬਾਸਕਟ ਵਾਲ ਹੈ, ਪ੍ਰੰਤੂ ਇੱਥੇ ਟੇਬਲ ਟੈਨਿਸ ਖੇਡਣਾ ਬੰਦ ਕਰ ਦਿੱਤਾ ਹੈ। ਸੈਕਟਰ-71 ਦਾ ਸਟੇਡੀਅਮ ਵੀ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਹੋਇਆ ਹੈ। ਇੱਥੇ ਬੈਡਮਿੰਟਨ ਅਤੇ ਸਵਿਮਿੰਗ ਦਾ ਪ੍ਰਬੰਧ ਹੈ। ਜਦੋਂਕਿ ਫੇਜ਼-7 ਵਾਲਾ ਸਟੇਡੀਅਮ ਅਤੇ ਫੇਜ਼-11 ਵਾਲਾ ਸਟੇਡੀਅਮ ਦੋਵੇਂ ਗਮਾਡਾ ਕੋਲ ਦੱਸੇ ਜਾ ਰਹੇ ਹਨ। ਇਨ੍ਹਾਂ ਸਾਰੇ ਖੇਡ ਸਟੇਡੀਅਮਾਂ ਵਿੱਚ ਖਿਡਾਰੀਆਂ ਤੋਂ ਪ੍ਰੈਕਟਿਸ ਕਰਨ ਦੀ ਫੀਸ ਵਸੂਲੀ ਜਾਂਦੀ ਹੈ। ਇਸ ਦੇ ਬਾਵਜੂਦ ਸਟੇਡੀਅਮਾਂ ਦੀਆਂ ਇਮਾਰਤਾਂ ਦਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਗਿਆ ਹੈ। ਵੱਖ ਵੱਖ ਵਿਭਾਗ ਇਕ ਦੂਜੇ ’ਤੇ ਜ਼ਿੰਮੇਵਾਰੀ ਸੁੱਟ ਰਹੇ ਹਨ। ਸੈਕਟਰ-78 ਅਤੇ ਫੇਜ਼-9 ਵਾਲੇ ਸਟੇਡੀਅਮ ਖੇਡ ਵਿਭਾਗ ਕੋਲ ਹਨ। ਇੱਥੇ ਖਿਡਾਰੀਆਂ ਤੋਂ ਪ੍ਰੈਕਟਿਸ ਕਰਨ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਸਗੋਂ ਖਿਡਾਰੀਆਂ ਨੂੰ ਪੈਸੇ ਦਿੱਤੇ ਜਾਂਦੇ ਹਨ। ਇਸ ਬਾਰੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਦਾ ਕਹਿਣਾ ਹੈ ਕਿ ਸਰਕਾਰੀ ਨੇਮਾਂ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਅਤੇ ਸਬੰਧਤ ਅਦਾਰਿਆਂ ਨੂੰ ਨਵੇਂ ਸਿਰਿਓਂ ਯਾਦ-ਪੱਤਰ ਲਿਖ ਕੇ ਪ੍ਰਾਪਰਟੀ ਟੈਕਸ ਦੀ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਲਈ ਕਿਹਾ ਜਾਵੇਗਾ। (ਬਾਕਸ ਆਈਟਮ) ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਸਟੇਡੀਅਮਾਂ ਦਾ ਪ੍ਰਾਪਰਟੀ ਟੈਕਸ ਉਨ੍ਹਾਂ ਦੇ ਵਿਭਾਗ ਨੇ ਭਰਨਾ ਹੈ। ਲਿਹਾਜ਼ਾ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਨਾਲ ਤਾਲਮੇਲ ਕੀਤਾ ਜਾਵੇ। ਸੰਪਰਕ ਕਰਨ ’ਤੇ ਕਰਤਾਰ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਨੇ ਪਹਿਲਾਂ ਕਦੇ ਵੀ ਟੈਕਸ ਵਸੂਲੀ ਲਈ ਕੋਈ ਪੱਤਰ ਨਹੀਂ ਲਿਖਿਆ ਹੈ ਲੇਕਿਨ ਐਤਕੀਂ ਪਹਿਲੀ ਵਾਰ ਜ਼ਰੂਰ ਨਿਗਮ ਦੀ ਚਿੱਠੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸਟੇਡੀਅਮਾਂ ਦਾ ਬਣਦਾ ਟੈਕਸ ਜਮ੍ਹਾਂ ਕਰਵਾਉਣ ਲਈ ਕੇਸ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ ਅਤੇ ਫੰਡ ਮਿਲਣ ’ਤੇ ਟੈਕਸ ਦੀ ਅਦਾਇਗੀ ਕਰ ਦਿੱਤੀ ਜਾਵੇਗੀ। (ਬਾਕਸ ਆਈਟਮ) ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਰਾਜੇਸ਼ ਧੀਮਾਨ ਨੇ ਕਿਹਾ ਕਿ ਉਹ ਛੁੱਟੀ ’ਤੇ ਹੋਣ ਕਾਰਨ ਸ਼ਹਿਰ ’ਚੋਂ ਬਾਹਰ ਹਨ ਅਤੇ ਵੀਰਵਾਰ ਨੂੰ ਵਾਪਸ ਆ ਕੇ ਹੀ ਕੁਝ ਦੱਸ ਸਕਦੇ ਹਨ। ਕਿਉਂਕਿ ਇਸ ਵੇਲੇ ਉਨ੍ਹਾਂ ਨੂੰ ਜ਼ੁਬਾਨੀ ਕੁਝ ਯਾਦ ਨਹੀਂ ਹੈ। ਉਧਰ, ਗਮਾਡਾ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਦਿਆਂ ਦੱਸਿਆ ਕਿ ਹੁਣ ਤੱਕ ਟੈਕਸ ਜਮ੍ਹਾਂ ਕਰਵਾਉਣ ਲਈ ਨਗਰ ਨਿਗਮ ਦੀ ਕੋਈ ਚਿੱਠੀ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਅਧਿਕਾਰੀ ਖ਼ੁਦ ਤਾਂ ਖੇਡ ਸਟੇਡੀਅਮ ਆਪਣੇ ਅਧੀਨ ਲੈਣ ਲਈ ਕਾਹਲੇ ਪਏ ਹੋਏ ਹਨ, ਫਿਰ ਟੈਕਸ ਵਸੂਲੀ ਦਾ ਕਿਉਂ ਢੰਡੋਰਾ ਪਿੱਟਿਆ ਜਾ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ