Share on Facebook Share on Twitter Share on Google+ Share on Pinterest Share on Linkedin ਕੇਬਲ ਕਾਰੋਬਾਰ ਵਿੱਚ ਕਿਸੇ ਦੀ ਇਜਾਰੇਦਾਰੀ ਜਾਂ ‘ਗੁੰਡਾਗਰਦੀ’ ਨਹੀਂ ਚੱਲੇਗੀ: ਮੁੱਖ ਮੰਤਰੀ ਵੱਲੋਂ ਹਿੰਦੂਜਾ ਨੂੰ ਭਰੋਸਾ ਨਬਜ਼-ਏ-ਪੰਜਾਬ ਬਿਊਰੋ, ਮੁੰਬਈ, 2 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹਿੰਦੂਜਾ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਅੰਦਰ ਕੇਬਲ ਕਾਰੋਬਾਰ ’ਚ ਕਿਸੇ ਦੀ ਇਜਾਰੇਦਾਰੀ ਜਾਂ ‘ਗੁੰਡਾਗਰਦੀ’ ਨਹੀਂ ਚੱਲਣ ਦੇਵੇਗੀ ਪਰ ਸਭ ਨੂੰ ਬਰਾਬਰ ਮੌਕੇ ਮੁਹੱਈਆ ਕਰਵਾਏ ਜਾਣਗੇ। ਮੁੱਖ ਮੰਤਰੀ ਨੇ ਇਹ ਭਰੋਸਾ ਅੱਜ ਇੱਥੇ ਹਿੰਦੂਜਾ ਗਰੁੱਪ ਦੇ ਚੇਅਰਮੈਨ ਅਸ਼ੋਕ ਪੀ. ਹਿੰਦੂਜਾ ਦੀ ਅਗਵਾਈ ਵਿੱਚ ਕੰਪਨੀ ਦੀ ਸਿਖਰਲੀ ਮੈਨੇਜਮੈਂਟ ਨਾਲ ਹੋਈ ਉਚ ਪੱਧਰੀ ਮੀਟਿੰਗ ਦੌਰਾਨ ਦਿੱਤਾ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਹਿੰਦੂਜਾ ਵੱਲੋਂ ਦੋ ਸਾਲ ਪਹਿਲਾਂ ਸ਼ੁਰੂ ਕੀਤੀ ਹਿਟਸ (ਹੈੱਡਐਂਡ-ਇਨ-ਦਾ-ਸਕਾਈ) ਦੀ ਡਿਜੀਟਲ ਸੇਵਾ ਐਨ.ਐਕਸ.ਟੀ. ਡਿਜੀਟਲ ਨੂੰ ਚੁਣਨ ਵਾਲੇ ਕੇਬਲ ਅਪਰੇਟਰਾਂ ਨੂੰ ਡਰਾਉਣ-ਧਮਕਾਉਣ ਦੀ ਕਿਸੇ ਨੂੰ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ। ‘ਹਿਟਸ’ ਸੈਟੇਲਾਈਟ ਅਧਾਰਿਤ ਡਿਜੀਟਲ ਕੇਬਲ ਵੰਡ ਪਲੇਟਫਾਰਮ ਸੇਵਾ ਜਿਸ ਵਿੱਚ ਸੈਟੇਲਾਈਟ ਉਪਕਰਨਾਂ ਦੀ ਵਰਤੋਂ ਕਰ ਰਹੇ ਕੇਬਲ ਅਪਰਟੇਰਾਂ ਨੂੰ ਟੀ.ਵੀ ਸਿਗਨਲ ਦਿੱਤਾ ਜਾਂਦਾ ਹੈ। ਇਸ ਮਗਰੋਂ ਅਪਰੇਟਰ ਡਾਇਰੈਕਟ-ਟੂ-ਹੋਮ ਦੀ ਬਜਾਏ ਇਸ ਤਕਨਾਲੋਜੀ ਦੇ ਹਿੱਸੇ ਵਜੋਂ ਕੇਬਲ ਰਾਹੀਂ ਟੀ.ਵੀ. ਸਿਗਨਲ ਘਰਾਂ ਨੂੰ ਭੇਜਦੇ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਹਿੰਦੂਜਾ ਨਾਲ ਇਹ ਦੂਜੀ ਮੀਟਿੰਗ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਕੇਬਲ ਕਾਰੋਬਾਰ ’ਤੇ ਕਿਸੇ ਦੀ ਵੀ ਇਜਾਰੇਦਾਰੀ ਨਹੀਂ ਹੋਣ ਦੇਵੇਗੀ ਜਿਵੇਂ ਕਿ ਅਕਾਲੀ-ਭਾਜਪਾ ਗੱਠਜੋੜ ਵਾਲੇ ਕਰਦੇ ਰਹੇ ਹਨ। ਉਨ੍ਹਾਂ ਨੇ ਵਾਅਦਾ ਕੀਤਾ ਕਿ ਇਸ ਖੇਤਰ ਨਾਲ ਜੁੜੇ ਸਾਰੇ ਲੋਕਾਂ ਨੂੰ ਬਰਾਬਰ ਮੌਕਾ ਦਿੱਤਾ ਜਾਵੇਗਾ ਅਤੇ ਸੂਬੇ ਵਿੱਚ ਨਿਵੇਸ਼ ਕਰਨ ਤੇ ਵਧਣ-ਫੁੱਲ੍ਹਣ ਲਈ ਢਾਂਚਾਗਤ ਸਹਿਯੋਗ, ਰਿਆਇਤਾਂ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਪਿਛਲੇ ਦੋ ਦਿਨਾਂ ਤੋਂ ਸੀ.ਆਈ.ਆਈ. ਇਨਵੈਸਟ ਨਾਰਥ ਸਮਿੱਟ ਵਿੱਚ ਸ਼ਾਮਲ ਹੋਣ ਅਤੇ ਸਨਅਤਕਾਰਾਂ ਤੇ ਕਾਰੋਬਾਰੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦੇ ਉਦੇਸ਼ ਨਾਲ ਮੁਬਈ ਵਿੱਚ ਹਨ। ਉਨ੍ਹਾਂ ਨੇ ਹਿੰਦੂਜਾ ਨੂੰ ਬਿਜਲੀ ਵਾਹਨਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਾਫ ਤੇ ਵਾਤਾਵਰਣ ਪੱਖੀ ਆਵਾਜਾਈ ਪ੍ਰਤੀ ਇਛੁੱਕ ਹੈ ਜਿਸ ਲਈ ਬਿਜਲੀ ਵਾਹਨ ਅਹਿਮ ਸਾਧਨ ਹਨ। ਹਿੰਦੂਜਾ ਨੇ ਆਪਣੇ ਗਰੁੱਪ ਦੀ ਮਾਲਕੀ ਵਾਲੇ ਅਸ਼ੋਕ ਲੇਅਲੈਂਡ ਕੰਪਨੀ ਰਾਹੀਂ ਇਸ ਪਾਸੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸੂਬੇ ਵਿੱਚ ਸਨਅਤ ਨੂੰ ਹੁਲਾਰਾ ਦੇਣ ਲਈ ਕੈਪਟਨ ਅਮਰਿੰਦਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਪੰਜਾਬ ਨੇ ਪਹਿਲਾਂ ਕਦੇ ਵੀ ਇਸ ਪੱਧਰ ’ਤੇ ਆਪਣੀ ਮਾਰਕੀਟਿੰਗ ਨਹੀਂ ਕੀਤੀ ਅਤੇ ਸੂਬੇ ਵਿੱਚ ਬਦਲੀ ਹੋਈ ਫ਼ਿਜ਼ਾ ਤੋਂ ਬਾਅਦ ਸਨਅਤਕਾਰ ਹੁਣ ਆਪਣਾ ਕਾਰੋਬਾਰ ਸਥਾਪਤ ਕਰਨ ਲਈ ਉਤਸ਼ਾਹਤ ਨਜ਼ਰ ਆ ਰਹੇ ਹਨ। ਮੀਟਿੰਗ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੋਂ ਇਲਾਵਾ ਇਨਵੈਸਟ ਪੰਜਾਬ ਦੇ ਸੀ.ਈ.ਓ. ਤੇ ਉਦਯੋਗ, ਵਪਾਰ ਅਤੇ ਆਈ.ਟੀ. ਦੇ ਸਕੱਤਰ ਰਾਕੇਸ਼ ਕੁਮਾਰ ਵਰਮਾ ਹਾਜ਼ਰ ਸਨ। ਹਿੰਦੂਜਾ ਦੇ ਵਫ਼ਦ ਵਿੱਚ ਅਸ਼ੋਕ ਹਿੰਦੂਜਾ ਤੋਂ ਗਰੁੱਪ ਦੇ ਉਪ ਚੇਅਰਮੈਨ ਏ.ਕੇ. ਦਾਸ, ਹਿੰਦੂਜਾ ਦੀ ਅਲਟਰਨੇਟਿਵ ਐਨਰਜੀ ਦੇ ਮੁਖੀ ਸ਼ੋਮ ਹਿੰਦੂਜਾ, ਹਿੰਦੂਜਾ ਵੈਂਚਰਜ਼ ਲਿਮਟਡ ਦੇ ਸੀ.ਈ.ਓ. ਅਸ਼ੋਕ ਮਨਸੁਖਾਨੀ ਅਤੇ ਗਰੁੱਪ ਦੇ ਬਿਜ਼ਨਸ ਡਿਵੈਲਪਮੈਂਟ ਦੇ ਮੁਖੀ ਰਮਨ ਗੋਪਾਲ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ