nabaz-e-punjab.com

ਸ਼ਹੀਦੀ ਸਮਾਗਮ:ਚਮਕੌਰ ਸਾਹਿਬ ਤੇ ਫਤਹਿਗੜ੍ਹ ਸਾਹਿਬ ਵਿੱਚ ‘ਆਪ’ ਵੱਲੋਂ ਨਹੀਂ ਕੀਤੀ ਜਾਵੇਗੀ ਕੋਈ ਸਿਆਸੀ ਕਾਨਫਰੰਸ

ਨਿਮਾਣੇ ਸ਼ਰਧਾਲੂਆਂ ਵਜੋਂ ਨਤਮਸਤਕ ਹੋਣਗੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਵਾਲੰਟੀਅਰ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਦਸੰਬਰ:
ਆਮ ਆਦਮੀ ਪਾਰਟੀ (ਆਪ) ਨੇ ਲਾਸਾਨੀ ਸ਼ਹੀਦਾਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ ਅਤੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਅਤੇ ਮਾਤਾ ਗੁੱਜਰੀ ਜੀ ਦੀਆਂ ਸਰਬਉੱਚ ਸ਼ਹਾਦਤਾਂ ਨੂੰ ਸਮਰਪਿਤ ਸਹੀਦੀ ਜੋੜ ਮੇਲਿਆਂ ਮੌਕੇ ਕ੍ਰਮਵਾਰ ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਪਾਰਟੀ ਦੀ ਸਟੇਜ ਲਗਾ ਕੇ ਕਾਨਫ਼ਰੰਸ ਨਾ ਕਰਨ ਦਾ ਫ਼ੈਸਲਾ ਲਿਆ ਹੈ। ਹੁਣ ਕਾਨਫ਼ਰੰਸ ਦੀ ਥਾਂ ਪਾਰਟੀ ਲੀਡਰਸ਼ਿਪ ਅਤੇ ਵਰਕਰ ਗੁਰੂ ਦੇ ਨਿਮਾਣੇ ਸ਼ਰਧਾਲੂਆਂ ਵਜੋਂ ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਚਰਨ ਛੋਅ ਪ੍ਰਾਪਤ ਸਰਜਮੀਂ ਉੱਪਰ ਨਤਮਸਤਕ ਹੋਵੇਗੀ। ‘ਆਪ’ ਵੱਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਸਹਿ-ਪ੍ਰਧਾਨ ਅਮਨ ਅਰੋੜਾ ਅਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਭਵਿੱਖ ਵਿੱਚ ਇਨ੍ਹਾਂ ਦੋਨਾਂ ਸਹੀਦੀ ਸਮਾਗਮਾਂ ਮੌਕੇ ਪਾਰਟੀ ਦਾ ਮੰਚ ਲਗਾ ਕੇ ਕਾਨਫ਼ਰੰਸਾਂ ਦਾ ਆਯੋਜਨ ਨਹੀਂ ਕਰੇਗੀ।
‘ਆਪ‘ ਆਗੂਆਂ ਨੇ ਕਿਹਾ ਕਿ ਸਮੁੱਚੀ ਮਾਨਵਤਾ ਅਤੇ ਸਿੱਖ ਪੰਥ ਲਈ ਵੰਸ਼ ਵਾਰਨ ਦੇ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਇਨ੍ਹਾਂ ਮਾਸੂਮ ਪਰ ਸੂਰਬੀਰ ਸਾਹਿਬਜ਼ਾਦਿਆਂ ਨੇ ਜ਼ਾਲਮ ਹਾਕਮਾਂ ਦੀ ਈਨ ਨਾ ਮੰਨਦੇ ਹੋਏ ਜਿਸ ਆਨ-ਸ਼ਾਨ ਅਤੇ ਮਾਣਮੱਤੇ ਜਜ਼ਬੇ ਨਾਲ ਸ਼ਹਾਦਤਾਂ ਦਿੱਤੀਆਂ ਉਸਦੀ ਪੂਰੀ ਦੁਨੀਆ ‘ਚ ਮਿਸਾਲ ਨਹੀਂ ਮਿਲਦੀ। ਇਸ ਲਈ ਪੂਰੀ ਦੁਨੀਆ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵੀ ਸਰਵੋਤਮ ਸ਼ਹੀਦੀਆਂ ਪਾਉਣ ਵਾਲੀਆਂ ਇਹਨਾਂ ‘ਨਿੱਕੀਆਂ ਜਿੰਦਾ‘ ਦੇ ਨਾਲ-ਨਾਲ ਮਾਤਾ ਗੁੱਜਰੀ ਜੀ ਦੀ ਪ੍ਰੇਰਨਾ ਸਿਦਕ ਅਤੇ ਸ਼ਹੀਦੀ ਨੂੰ ਨਤਮਸਤਕ ਹੁੰਦੀ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਇਸ ਵਿੱਚ ਕੋਈ ਸੱਕ ਨਹੀਂ ਕਿ ਇਹਨਾਂ ਸਹੀਦੀ ਸਮਾਗਮਾਂ ਮੌਕੇ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਸਿਆਸੀ ਕਾਨਫ਼ਰੰਸਾਂ ਆਯੋਜਿਤ ਕਰਕੇ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਦਾ ਪ੍ਰਚਲਣ ਜ਼ਰੂਰ ਇੱਕ ਸੱਚੇ-ਸੁੱਚੇ ਅਤੇ ਨਿੱਗਰ ਉਦੇਸ਼ ਨਾਲ ਸ਼ੁਰੂ ਹੋਇਆ ਹੋਵੇਗਾ, ਪ੍ਰੰਤੂ ਪਿਛਲੇ ਕੁਝ ਦਹਾਕਿਆਂ ਤੋਂ ਇਹਨਾਂ ਸਿਆਸੀ ਕਾਨਫ਼ਰੰਸਾਂ ਵਿੱਚ ਉਹ ਮੂਲ ਉਦੇਸ਼ ਅਤੇ ਸੰਦੇਸ਼ ਗੁੰਮ ਹੋ ਗਿਆ ਅਤੇ ਸਿਆਸੀ ਧਿਰਾਂ ਵਿੱਚ ਇਕ ਦੂਜੇ ਉੱਪਰ ਸਿਆਸੀ ਚਿੱਕੜ-ਉਛਾਲੀ ਦਾ ਪ੍ਰਚਲਣ ਭਾਰੂ ਹੋ ਗਿਆ।
ਸ਼ਹੀਦੀ ਸਮਾਗਮਾਂ ਮੌਕੇ ਸਿਆਸੀ ਧਿਰਾਂ ਦੇ ਇਸ ਨਿਘਾਰ ਦਾ ਆਮ ਸੰਗਤ ਉੱਪਰ ਵੀ ਨਕਾਰਾਤਮਕ ਅਸਰ ਪੈਣ ਲੱਗਾ। ਇਸ ਲਈ ਪਾਰਟੀ ਨੇ ਇਹਨਾਂ ਦੋ ਸ਼ਹੀਦੀ ਸਮਾਗਮਾਂ ਮੌਕੇ ਪਾਰਟੀ ਵੱਲੋਂ ਮੰਚ ਲਗਾ ਕੇ ਸ਼ਰਧਾਂਜਲੀ ਕਾਨਫ਼ਰੰਸ ਨਾ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਇਸ ਸੰਬੰਧੀ ਸ੍ਰੀ ਚਮਕੌਰ ਸਾਹਿਬ ਵਿਖੇ ਕਾਨਫ਼ਰੰਸ ਦਾ ਆਯੋਜਨ ਕਰ ਰਹੇ ਹਲਕਾ ਪ੍ਰਧਾਨ ਡਾ. ਚਰਨਜੀਤ ਸਿੰਘ ਚੰਨੀ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਪ੍ਰਧਾਨ ਲਖਵੀਰ ਸਿੰਘ ਰਾਏ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…