ਮੇਰੇ ਤੋਂ ਵੱਧ ਕੋਈ ਵੀ ਸਿਆਸਤਦਾਨ ਵਪਾਰੀਆਂ ਦੀਆਂ ਮੁਸ਼ਕਲਾਂ ਤੇ ਮਨੋਦਸ਼ਾ ਨਹੀਂ ਸਮਝ ਸਕਦਾ: ਕੇਜਰੀਵਾਲ

ਐਤਕੀਂ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਪਿਊ-ਪੁੱਤ ਤੇ ਕੈਪਟਨ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ: ਆਪ

ਦਿੱਲੀ ਦੀ ਤਰਜ਼ ’ਤੇ ਪੰਜਾਬ ਦੇ ਹਰ ਪਿੰਡ ਤੇ ਗਲੀ ਮੁਹੱਲੇ ਵਿੱਚ ਖੋਲ੍ਹੇ ਜਾਣਗੇ ਆਧੁਨਿਕ ਕਲੀਨਿਕ:

ਨਬਜ਼-ਏ-ਪੰਜਾਬ ਬਿਊਰੋ, ਬਠਿੰਡਾ, 28 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਵਿਖੇ ਪਾਰਟੀ ਉਮੀਦਵਾਰ ਦੀਪਕ ਬਾਂਸਲ ਅਤੇ ਜਰਨੈਲ ਸਿੰਘ ਦੇ ਹੱਕ ਵਿੱਚ ਇਕ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬੀਆਂ ਨੂੰ ਹੋਕਾ ਦਿੱਤਾ ਕਿ ਉਹ ਬਾਦਲਾਂ ਅਤੇ ਕੈਪਟਨ ਦੇ ਗੱਠਜੋੜ ਨੂੰ ਜੜ੍ਹਾਂ ਤੋਂ ਪੁੱਟ ਸੁੱਟਣ ਲਈ ਅੱਗੇ ਆਉਣ। ਭਾਰੀ ਠੰਡ ਦੇ ਬਾਵਜੂਦ ਹਜ਼ਾਰਾਂ ਹੀ ਇਲਾਕਾ ਨਿਵਾਸੀਆਂ ਨੇ ਰੈਲੀ ਵਿੱਚ ਸ਼ਿਰਕਤ ਕੀਤੀ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਪਾਰੀਆਂ ਦੀ ਗੱਲ ਕਰਦਿਆਂ ਕਿਹਾ ਕਿ ਵਪਾਰੀਆਂ ਦੀਆਂ ਮੁਸ਼ਕਿਲਾਂ ਅਤੇ ਮਸਲਿਆਂ ਨੂੰ ਉਨ੍ਹਾਂ ਤੋਂ ਵੱਧ ਕੋਈ ਵੀ ਸਿਆਸਤਦਾਨ ਨਹੀ ਸਮਝ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦਾ, ਚਾਚੇ, ਮਾਮੇ ਅਤੇ ਹੋਰ ਕਈ ਪਰਿਵਾਰਕ ਮੈਂਬਰ ਵੀ ਵਪਾਰੀ ਰਹੇ ਅਤੇ ਹਨ। ਜਿਸ ਕਰਕੇ ਮੈਂ ਵਪਾਰੀਆਂ ਦੀ ਮਨੋਦਸ਼ਾ ਸਭ ਤੋਂ ਵੱਧ ਸਮਝਦਾ ਹਾਂ। ਉਹ ਖੁਦ ਇਨਕਮ ਟੈਕਸ ਵਿਭਾਗ ਵਿਚ ਰਹਿੰਦਿਆਂ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਨੇੜੇ ਤੋਂ ਵੇਖ ਚੁੱਕੇ ਹਨ। ਇਸ ਕਰਕੇ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਉਹ ਪਹਿਲ ਦੇ ਅਧਾਰ ’ਤੇ ਹੱਲ ਕਰਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ਼ ’ਤੇ ਵਪਾਰੀਆਂ ਨੂੰ ਨਾ ਕੇਵਲ ਟੈਕਸਾਂ ਦੇ ਭਾਰੀ ਬੋਝ ਤੋਂ ਰਾਹਤ ਦਿੱਤੀ ਜਾਵੇਗੀ ਬਲਕਿ ਉਨ੍ਹਾਂ ਨੂੰ ਇੰਸਪੈਕਟਰੀ ਰਾਜ ਤੋਂ ਵੀ ਮੁਕਤੀ ਦਿਵਾਈ ਜਾਵੇਗੀ।
ਪੰਜਾਬ ਵਿਚ ਅਕਾਲੀ ਅਤੇ ਕਾਂਗਰਸੀ ਪਿਛਲੇ ਕਈ ਦਹਾਕਿਆਂ ਤੋਂ ਇਕ ਫ੍ਰੈਡਲੀ ਮੈਚ ਖੇਡ ਰਹੇ ਹਨ ਅਤੇ ਹੁਣ ਸਮਾ ਆ ਗਿਆ ਹੈ ਕਿ ਇੰਨਾਂ ਦੀ ਖੇਡ ਖਰਾਬ ਕੀਤੀ ਜਾਵੇ। ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇਕ ਇਮਾਨਦਾਰ ਅਤੇ ਸਾਫ ਨੀਅਤ ਵਾਲੀ ਸਰਕਾਰ ਦਾ ਬਦਲ ਦਿੱਤਾ ਹੈ। ਕੇਜ਼ਰੀਵਾਲ ਨੇ ਕਿਹਾ ਕਿ ਇਹ ਦੋਨੋਂ ਪਾਰਟੀਆਂ ਪੰਜਾਬੀਆਂ ਨੂੰ ਵਾਰੀ ਵਾਰੀ ਲੁੱਟਣ ਦਾ ਕੰਮ ਕਰਦੀਆਂ ਰਹੀਆਂ ਹਨ ਪਰੰਤੂ ਹੁਣ ਪੰਜਾਬੀ ਇੰਨਾਂ ਦੀ ਅਸਲੀਅਤ ਜਾਣ ਚੁੱਕੇ ਹਨ। ਪੰਜਾਬ ਦੇ ਲੋਕ ਇਸ ਵਾਰ ਬਾਦਲਾਂ ਅਤੇ ਕੈਪਟਨਾ ਦੇ ਨਾਲ ਨਾਲ ਇੰਨ੍ਹਾਂ ਦੇ ਸਾਰੇ ਟੋਲਿਆਂ ਦੀਆਂ ਜਮਾਨਤਾਂ ਜਬਤ ਕਰਵਾ ਦੇਣਗੇ।
ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਕੇਜ਼ਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਭਾਰਤ ਵਿਚ ਸਭ ਤੋਂ ਸਸਤੀ ਬਿਜਲੀ ਦਿੱਤੀ ਜਾ ਰਹੀ ਹੈ ਜਦੋਂ ਕਿ ਪੰਜਾਬ ਦੇ ਲੋਕਾਂ ਨੂੰ ਸਰਕਾਰ ਦੇਸ਼ ਵਿਚ ਸਭ ਤੋਂ ਮਹਿੰਗੀ ਬਿਜਲੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਸਸਤੀਆਂ ਦਰਾਂ ’ਤੇ ਦਿੱਤੀ ਜਾਵੇਗੀ।
ਸ਼੍ਰੀ ਕੇਜ਼ਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਲੋਕਾਂ ਨੂੰ ਆਧੁਨਿਕ ਇਲਾਜ ਸੁਵਿਧਾ ਦੇਣ ਲਈ ਹਰ ਮੁਹੱਲੇ ਵਿਚ ਕਲੀਨਿਕ ਖੋਲ੍ਹੇ ਗਏ ਹਨ ਅਤੇ ਇਸੇ ਤਰਜ਼ ’ਤੇ ਪੰਜਾਬ ਦੇ ਹਰ ਮੁਹੱਲੇ ਅਤੇ ਹਰ ਪਿੰਡ ਵਿਚ ਵੀ ਆਧੁਨਿਕ ਡਿਸਪੈਂਸਰੀਆਂ ਖੋਲ੍ਹੀਆਂ ਜਾਂਣਗੀਆਂ ਜਿਥੇ ਦਵਾਈਆਂ ਅਤੇ ਟੈਸਟ ਮੁਫਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿੱਖਿਆ ਦਾ ਮਿਆਰ ਲਗਾਤਾਰ ਡਿੱਗਿਆ ਹੈ ਜਦੋਂ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 250 ਨਵੇਂ ਅਤੇ ਆਧੂਨਿਕ ਸਕੂਲ ਖੋਲੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਕ ਕੌਮਾਂਤਰੀ ਨਸ਼ਾ ਮਾਫੀਆ ਸਰਗਰਮ ਹੈ ਅਤੇ ਇਸ ਮਾਫੀਆ ਨੂੰ ਪੰਜਾਬ ਵਿਚ ਬਿਕਰਮ ਸਿੰਘ ਮਜੀਠੀਆ ਸ਼ਹਿ ਦੇ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਸਰਕਾਰ ਆਊਣ ’ਤੇ ਇੰਨਾਂ ਨਸ਼ੇ ਦੇ ਸੌਦਾਗਰਾਂ ਨੂੰ ਬਖਸ਼ਿਆ ਨਹੀ ਜਾਵੇਗਾ। ਉਨਾਂ ਕਿਹਾ ਕਿ 11 ਮਾਰਚ ਨੂੰ ਚੋਣਾਂ ਦੇ ਨਤੀਜੇ ਆ ਜਾਣਗੇ, 20 ਮਾਰਚ ਨੂੰ ਸਰਕਾਰ ਦਾ ਗਠਨ ਹੋਵੇਗਾ ਅਤੇ 15 ਅਪ੍ਰੈਲ ਤੱਕ ਮਜੀਠੀਆ ਅਤੇ ਹੋਰਨਾ ਨਸ਼ਾ ਤਸਕਰਾਂ ਨੂੰ ਜੇਲ ਵਿੱਚ ਸੁੱਟਿਆ ਜਾਵੇਗਾ।
ਬਠਿੰਡਾ ਤੋਂ ਉਮੀਦਵਾਰ ਦੀਪਕ ਬਾਂਸਲ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਵਾਂਗ ਇਕ ਅਮੀਰ ਬਿਜਨੈਸਮੈਨ ਸਰੂਪ ਸਿੰਗਲਾ ਨੂੰ ਟਿਕਟ ਦਿੱਤੀ ਹੈ ਜਦੋਂ ਕਿ ਕਾਂਗਰਸ ਨੇ ਹਮੇਸ਼ਾਂ ਵਾਂਗ ਬਾਹਰੀ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਲਿਆ ਦੇ ਲੋਕਾਂ ’ਤੇ ਥੋਪਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਨ੍ਹਾਂ ਨੇ ਉਕਤ ਦੋਹਾਂ ਉਮੀਦਵਾਰਾਂ ਨੂੰ ਵੋਟ ਪਾਉਣੀ ਹੈ ਜਾਂ ਪੰਜਾਬ ਅਤੇ ਪੰਜਾਬੀਆਂ ਦੀ ਤਕਦੀਰ ਬਦਲਣ ਨਿੱਕਲੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਲ ਖੜ੍ਹੇ ਹੋਣਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਇਕ ਇਮਾਨਦਾਰ, ਭ੍ਰਿਸ਼ਟਾਚਾਰ ਰਹਿਤ ਅਤੇ ਸੁਚੱਜਾ ਰਾਜ ਪ੍ਰਬੰਧ ਦੇਣ ਲਈ ਵਚਨਬੱਧ ਹੈ ਜਿਸ ਵਿਚ ਹਰ ਪੰਜਾਬੀ ਦਾ ਵਿਕਾਸ ਹੋਵੇਗਾ ਅਤੇ ਪੰਜਾਬ ਫਿਰ ਤੋਂ ਖੁਸ਼ਹਾਲੀ ਦੇ ਰਾਹ ’ਤੇ ਅੱਗੇ ਵਧ ਸਕੇਗਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…