nabaz-e-punjab.com

ਲੇਖਾ-ਜੋਖਾ 2018: ਪੂਰਾ ਸਾਲ ਵੱਖ ਵੱਖ ਸਮੱਸਿਆਵਾਂ ਵਿੱਚ ਘਿਰੇ ਰਹੇ ਸ਼ਹਿਰ ਵਾਸੀਆਂ ਨੂੰ ਨਹੀਂ ਮਿਲੀ ਰਾਹਤ

ਨਾਜਾਇਜ਼ ਕਬਜ਼ੇ, ਆਵਾਰਾ ਪਸ਼ੂਆਂ ਤੇ ਆਵਾਰਾ ਕੁੱਤਿਆਂ, ਟਰੈਫ਼ਿਕ ਵਿਵਸਥਾ, ਬਰਸਾਤੀ ਪਾਣੀ ਦੀ ਨਿਕਾਸੀ, ਗੰਦਗੀ ਦੇ ਮੁੱਦੇ ਛਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸਾਲ 2018 ਦੌਰਾਨ ਸਥਾਨਕ ਲੋਕ ਵੱਖ-ਵੱਖ ਸਮੱਸਿਆਵਾਂ ਵਿੱਚ ਘਿਰੇ ਰਹੇ ਲੇਕਿਨ ਹੁਣ ਤੱਕ ਕੋਈ ਰਾਹਤ ਨਹੀਂ ਮਿਲੀ। ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਾਰੇ ਹੀ ਵਾਰਡਾਂ ਵਿੱਚ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਇਹ ਕੰਮ ਆਰੰਭ ਵੀ ਕਰਵਾਏ ਗਏ ਪ੍ਰੰਤੂ ਇਸਦੇ ਬਾਵਜੂਦ ਸ਼ਹਿਰ ਵਾਸੀ ਕਈ ਸਮੱਸਿਆਵਾਂ ਤੋਂ ਪ੍ਰੇਸ਼ਾਨ ਹਨ। ਹਾਲਾਂਕਿ ਮੇਅਰ ਕੁਲਵੰਤ ਸਿੰਘ ਸ਼ਹਿਰ ਦੇ ਵਿਕਾਸ ਲਈ ਪੁਰੀ ਤਰ੍ਹਾਂ ਯਤਨਸ਼ੀਲ ਹਨ ਅਤੇ ਮੀਟਿੰਗਾਂ ਵਿੱਚ ਜ਼ਿਆਦਾਤਰ ਵਿਕਾਸ ’ਤੇ ਜ਼ੋਰ ਦਿੱਤਾ ਜਾਂਦਾ ਹੈ ਪ੍ਰੰਤੂ ਇਸ ਦੇ ਬਾਵਜੂਦ ਸ਼ਹਿਰ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ।
ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਰਿਹਾਇਸ਼ੀ ਖੇਤਰ ਵਿੱਚ ਘੁੰਮਦੇ ਆਵਾਰਾ ਪਸ਼ੂ ਅਤੇ ਆਵਾਰਾ ਕੁੱਤੇ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਬਣੇ ਰਹੇ। ਇਸ ਤੋਂ ਇਲਾਵਾ ਪਾਲਤੂ ਪਸ਼ੂਆਂ ਨੇ ਵੀ ਸਾਰਾ ਸਾਲ ਸ਼ਹਿਰ ਦੀ ਖ਼ੂਬਸੂਰਤੀ ਨੂੰ ਗ੍ਰਹਿਣ ਲਗਾਉਣ ਲਈ ਕੋਈ ਕਸਰ ਨਹੀਂ ਛੱਡੀ। ਸ਼ਹਿਰ ਵਾਸੀ ਇਸ ਸਮੱਸਿਆ ਨਾਲ ਸ਼ੁਰੂ ਤੋਂ ਜੂਝ ਰਹੇ ਹਨ, ਹਾਲਾਂਕਿ ਮੁਹਾਲੀ ਨਿਗਮ ਵੱਲੋਂ ਪਾਲਤੂ ਪਸ਼ੂਆਂ ਨੂੰ ਲਾਵਾਰਿਸ ਛੱਡਣ ਬਦਲੇ 20 ਹਜ਼ਾਰ ਰੁਪਏ ਜੁਰਮਾਨਾ ਵਸੂਲਣਾ ਅਤੇ ਪੁਲੀਸ ਕੇਸ ਦਰਜ ਕਰਵਾਉਣ ਦਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਸੀ ਲੇਕਿਨ ਰਾਜਸੀ ਦਬਾਅ ਕਾਰਨ ਇਹ ਸਮੱਸਿਆ ਜਿੳਂੂ ਦੀ ਤਿਉ ਬਰਕਰਾਰ ਹੈ। ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੱਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਪਰ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ’ਤੇ ਕਾਬੂ ਪਾਉਣ ਲਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ।
ਉਧਰ, ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਵਿੱਚ ਹੋਏ ਕੁੱਝ ਸੁਧਾਰ ਕਾਰਨ ਐਤਕੀਂ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖ਼ਲ ਨਹੀਂ ਹੋਇਆ ਪ੍ਰੰਤੂ ਬਰਸਾਤਾਂ ਦੌਰਾਨ ਕਈ ਇਲਾਕਿਆਂ ਵਿੱਚ ਸੜਕਾਂ ਉੱਤੇ ਖੜਾ ਗੰਦਾ ਪਾਣੀ ਲੋਕਾਂ ਲਈ ਸਿਰਦਰਦੀ ਬਣਿਆ ਰਿਹਾ ਹੈ। ਵੱਖ-ਵੱਖ ਇਲਾਕਿਆਂ ਵਿੱਚ ਸੀਵਰੇਜ ਦੇ ਜਾਮ ਹੋਣ ਦੀ ਸਮੱਸਿਆ ਵੀ ਭਾਰੂ ਰਹੀ। ਟਰੈਫ਼ਿਕ ਵਿਵਸਥਾ ਦੀ ਹਾਲਤ ਵੀ ਸਾਰਾ ਸਾਲ ਬਦਹਾਲੀ ਦਾ ਸ਼ਿਕਾਰ ਰਹੀ। ਇਹ ਗੱਲ ਹੋਰ ਹੈ ਕਿ ਟਰੈਫ਼ਿਕ ਪੁਲੀਸ ਵੱਲੋਂ ਵੱਖ ਵੱਖ ਚੌਂਕਾਂ ’ਤੇ ਨਾਕੇ ਲਗਾਏ ਜਾਂਦੇ ਰਹੇ ਪਰ ਇਨ੍ਹਾਂ ਨਾਕਿਆਂ ਦੌਰਾਨ ਟਰੈਫ਼ਿਕ ਪੁਲੀਸ ਕਰਮਚਾਰੀਆਂ ਦਾ ਧਿਆਨ ਟਰੈਫ਼ਿਕ ਕੰਟਰੋਲ ਕਰਨ ਦੀ ਥਾਂ ਵਾਹਨਾਂ ਦੇ ਚਲਾਨ ਕਰਨ ਵੱਲ ਜ਼ਿਆਦਾ ਰਿਹਾ।
ਸ਼ਹਿਰ ਵਿੱਚ ਲੱਗਦੀਆਂ ਨਾਜਾਇਜ਼ ਰੇਹੜੀਆਂ ਫੜੀਆਂ ਦੀ ਸਮੱਸਿਆ ਵੀ ਇਸ ਸਾਲ ਕਾਫੀ ਵੱਧ ਗਈ। ਨਗਰ ਨਿਗਮ ਵੱਲੋਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਮਾਰਕੀਟ ਦੇ ਪਿਛਲੇ ਪਾਸੇ ਥਾਂ ਅਲਾਟ ਕਰਨ ਵਾਲੀ ਕਾਰਵਾਈ ਦੇ ਵਿਰੋਧ ਵਿੱਚ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਦੀ ਅਗਵਾਈ ਵਿੱਚ ਸ਼ਹਿਰ ਦੇ ਵਪਾਰੀਆਂ ਨੇ ਇੱਕਜੱੁਟ ਹੋ ਕੇ ਸੰਘਰਸ਼ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਨਿਗਮ ਕਮਿਸ਼ਨਰ ਵੱਲੋਂ ਵਪਾਰੀਆਂ ਨੂੰ ਸੱਦ ਕੇ ਉਨ੍ਹਾਂ ਦਾ ਪੱਖ ਸੁਣਿਆ। ਜਦੋਂਕਿ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਾਰਾ ਸਾਲ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਆਵਾਜ਼ ਚੁੱਕਦੇ ਰਹੇ ਹਨ।
(ਬਾਕਸ ਆਈਟਮ)
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਕੁਲਵੰਤ ਸਿੰਘ ਵਿੱਚ ਸਿਆਸੀ ਦੁਰੀਆਂ ਵਧਣ ਕਾਰਨ ਮੁਹਾਲੀ ਵਿੱਚ ਸਿਟੀ ਬੱਸ ਚੱਲਣ ਦੀ ਉਡੀਕ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ। ਮੁਹਾਲੀ ਨਿਗਮ ਵੱਲੋਂ ਸ਼ਹਿਰ ਵਿੱਚ ਸਿਟੀ ਬੱਸ ਚਾਲੂ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ। ਇਸ ਸਬੰਧੀ ਬਾਕਾਇਦਾ ਰੂਟ ਪਲਾਨ ਵੀ ਤਿਆਰ ਕਰ ਲਿਆ ਗਿਆ ਸੀ ਪ੍ਰੰਤੂ ਸਰਕਾਰ ਵੱਲੋਂ ਹੁਣ ਤੱਕ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਨਹੀਂ ਦਿੱਤੀ। ਇੰਝ ਹੀ ਟਰੀ ਪਰੂਮਿੰਗ ਮਸ਼ੀਨ ਦਾ ਮੁੱਦਾ ਵੀ ਸਾਰਾ ਸਾਲ ਛਾਇਆ ਰਿਹਾ। ਭਾਵੇਂ ਸਰਕਾਰ ਨੇ ਮੇਅਰ ਦੀ ਜਰਮਨੀ ਮਸ਼ੀਨ ਖਰੀਦਣ ਲਈ ਹਰੀ ਝੰਡੀ ਨਹੀਂ ਦਿੱਤੀ ਹੈ ਪ੍ਰੰਤੂ ਪਿੱਛੇ ਜਿਹੇ ਮੰਤਰੀ ਸਿੱਧੂ ਨੇ ਆਪਣੇ ਅਖ਼ਤਿਆਰੀ ਕੋਟੇ ’ਚੋਂ ਦੋ ਟਰੀ ਪਰੂਮਿੰਗ ਮਸ਼ੀਨਾਂ ਖਰੀਦਣ ਲਈ ਨਗਰ ਨਿਗਮ ਨੂੰ ਫੰਡ ਮੁਹੱਈਆ ਕਰਵਾਇਆ ਗਿਆ ਹੈ। ਇੰਝ ਹੀ ਓਪਨ ਜਿਮਾਂ ਦੇ ਉਦਘਾਟਨਾਂ ਨੂੰ ਲੈ ਕੇ ਮੇਅਰ ਅਤੇ ਮੰਤਰੀ ਵਿੱਚ ਮਤਭੇਦ ਉੱਭਰੇ ਹਨ। ਓਪਨ ਜਿਮ ਨਗਰ ਨਿਗਮ ਵੱਲੋਂ ਲਗਾਏ ਗਏ ਹਨ ਪ੍ਰੰਤੂ ਜਿਨ੍ਹਾਂ ਜਿਮਾਂ ਦਾ ਉਦਘਾਟਨ ਮੇਅਰ ਨੇ ਕਰਨਾ ਸੀ। ਇਸ ਤੋਂ ਪਹਿਲਾਂ ਮੰਤਰੀ ਵੱਲੋਂ ਉਦਘਾਟਨ ਕੀਤੇ ਜਾਂਦੇ ਰਹੇ ਹਨ। ਜਿਸ ਦੀ ਸ਼ਹਿਰ ਵਿੱਚ ਖੂਬ ਚਰਚਾ ਰਹੀ ਹੈ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …