
ਮੁਹਾਲੀ ਨੂੰ ਕੂੜਾ ਮੁਕਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ: ਮੇਅਰ ਜੀਤੀ ਸਿੱਧੂ
ਸਵੱਛਤਾ ਮੁਹਿੰਮ: ‘ਮੁਹਾਲੀ ਯੂਥ ਬਨਾਮ ਗਾਰਬੇਜ’ ਜਾਗਰੂਕਤਾ ਰੈਲੀ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ
ਨਬਜ਼-ਏ-ਪੰਜਾਬ, ਮੁਹਾਲੀ, 19 ਸਤੰਬਰ:
ਮੁਹਾਲੀ ਨਗਰ ਨਿਗਮ ਨੇ ਸਵੱਛਤਾ ਮੁਹਿੰਮ ਤਹਿਤ ਸ਼ਹਿਰ ਨੂੰ ਕੂੜਾ ਮੁਕਤ ਕਰਨ ਦਾ ਬੀੜਾ ਚੁੱਕਿਆ ਹੈ। ਇਸ ਸਬੰਧੀ ਅੱਜ ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਤੋਂ ਇੰਡੀਅਨ ਸਵੱਛਤਾ ਲੀਗ ਸੀਜ਼ਨ-2 ਤਹਿਤ ‘ਮੁਹਾਲੀ ਯੂਥ ਬਨਾਮ ਗਾਰਬੇਜ’ ਜਾਗਰੂਕਤਾ ਮੁਹਿੰਮ ਨੂੰ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਨਵਜੋਤ ਕੌਰ, ਸੰਯੁਕਤ ਕਮਿਸ਼ਨਰ ਕਿਰਨ ਸ਼ਰਮਾ, ਸੈਕਟਰੀ ਰੰਜੀਵ ਕੁਮਾਰ ਸਮੇਤ ਮੁਹਾਲੀ ਇਨਵਾਇਰਮੈਂਟ ਐਂਡ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਚਰਨ ਸਿੰਘ ਭੰਵਰਾ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਵਿਦਿਆਰਥੀਆਂ ਦੇ ਸਮੂਹ ਨੇ ਮਾਰਕੀਟ ਦੀ ਪਾਰਕਿੰਗ ਵਿੱਚ ਨੁੱਕੜ ਨਾਟਕ ਰਾਹੀਂ ਆਮ ਲੋਕਾਂ ਨੂੰ ਆਪਣੇ ਘਰਾਂ ਅਤੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰੇਰਿਆ।

ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਨੂੰ ਕੂੜਾ ਮੁਕਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਸਬੰਧੀ ਸਵੱਛਤਾ ਮੁਹਿੰਮ ਤਹਿਤ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਸਵੱਛਤਾ ਦੂਤ ਨਿਯੁਕਤ ਕਰਨ ਦੀ ਤਜਵੀਜ਼ ਮਨਜ਼ੂਰੀ ਦੇ ਅੰਤਿਮ ਪੜਾਅ ਵਿੱਚ ਹੈ। ਇਸ ਮਗਰੋਂ ਨਗਰ ਨਿਗਮ ਵੱਲੋਂ ਹਰੇਕ ਵਾਰਡ ਵਿੱਚ ਸਵੱਛਤਾ ਦੂਤ ਨਿਯੁਕਤ ਕੀਤੇ ਜਾਣਗੇ। ਜਿਸ ਨਾਲ ਸਵੱਛਤਾ ਮੁਹਿੰਮ ਨੂੰ ਵੱਡੇ ਪੱਧਰ ’ਤੇ ਹੁਲਾਰਾ ਮਿਲੇਗਾ। ਇਸ ਮੌਕੇ ਸਿਹਤ ਇੰਸਪੈਕਟਰ ਡ. ਸੰਜੀਵ ਕੰਬੋਜ, ਸੁਪਰਡੈਂਟ ਅਵਤਾਰ ਸਿੰਘ ਕਲਸੀਆ, ਵੰਦਨਾ ਸੁਖੀਜਾ, ਸ੍ਰੀਮਤੀ ਅੰਮ੍ਰਿਤਾ ਬਾਜਵਾ ਵੀ ਮੌਜੂਦ ਸਨ।