nabaz-e-punjab.com

ਜ਼ਿਲ੍ਹਾ ਮੁਹਾਲੀ ਦੇ ਸਾਰੇ ਸਕੂਲਾਂ ਦੁਆਲੇ ਕੀਤੀ ਜਾਵੇਗੀ ਤੰਬਾਕੂ ਮੁਕਤ ਜ਼ੋਨਾਂ ਦੀ ਮਾਰਕਿੰਗ: ਡੀਸੀ

ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਤੇ ਕੌਮੀ ਸੰਸਥਾਵਾਂ ਨੂੰ ਐਲਾਨਿਆ ਜਾਵੇਗਾ ਤੰਬਾਕੂ ਮੁਕਤ ਖੇਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਨਵੰਬਰ:
ਜ਼ਿਲ੍ਹੇ ਦੇ ਸਾਰੇ ਸਕੂਲਾਂ ਦੁਆਲੇ ਤੰਬਾਕੂ ਮੁਕਤ ਜ਼ੋਨ ਦੀ ਵਿਸ਼ੇਸ਼ ਮਾਰਕਿੰਗ ਕਰਨ ਦੇ ਨਾਲ-ਨਾਲ ਸਕੂਲਾਂ ਨੇੜੇ ਨਿਰਧਾਰਿਤ ਕੀਤੀ ਵਾਹਨਾਂ ਦੀ ਗਤੀ ਸਬੰਧੀ ਬੋਰਡ ਵੀ ਲਾਏ ਜਾਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰ ਇਮਾਰਤਾਂ ਅਤੇ ਕੌਮੀ ਸੰਸਥਾਵਾਂ ਨੂੰ ਤੰਬਾਕੂ ਮੁਕਤ ਖੇਤਰ ਐਲਾਨਿਆ ਜਾਵੇਗਾ। ਇਸ ਦੇ ਨਾਲ-ਨਾਲ ਮੁਹਾਲੀ ਸ਼ਹਿਰ ਵਿਚ ਸਮਾਰਟ ਜ਼ੈਬਰਾ ਕਰਾਸਿੰਗਜ਼ ਵੀ ਬਣਾਈਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਸਿਹਤ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਵਰਕਸ਼ਾਪਾਂ ਕਰਵਾਈਆਂ ਜਾਣ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਕੋਟਪਾ ਐਕਟ ਦੀ ਉਲੰਘਣਾ ਸਬੰਧੀ ਜ਼ਿਲ੍ਹੇ ਵਿੱਚ ਇਸ ਸਾਲ ਜਨਵਰੀ ਮਹੀਨੇ ਤੋਂ ਲੈ ਕੇ ਸਤੰਬਰ ਤੱਕ 717 ਚਲਾਣ ਕੀਤੇ ਗਏ ਅਤੇ 90 ਹਜ਼ਾਰ 800 ਰੁਪਏ ਜੁਰਮਾਨੇ ਵਜੋਂ ਵਸੂਲੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ ਵਿਚ ਅਰਬਨ ਮਲੇਰੀਆ ਸਕੀਮ ਅਧੀਨ 25 ਬਰੀਡਿੰਗ ਚੈੱਕਰ ਅਤੇ 10 ਮਲਟੀਪਰਪਜ਼ ਹੈਲਥ ਵਰਕਰਾਂ ਵਲੋਂ ਘਰ-ਘਰ ਜਾ ਕੇ ਕੰਟੇਨਰ ਸਰਵੇਅ ਅਤੇ ਕੂਲਰਾਂ ਆਦਿ ਦੀ ਚੈਕਿੰਗ ਕੀਤੀ ਜਾ ਰਹੀ ਹੈ। ਹੁਣ ਤੱਕ ਐਸ.ਏ.ਐਸ. ਨਗਰ ਵਿਖੇ 48 ਹਜ਼ਾਰ 619 ਮਕਾਨਾਂ ਅਤੇ 73 ਹਜ਼ਾਰ 064 ਕੰਟੇਨਰਾਂ ਦੀ ਚੈਕਿੰਗ ਕੀਤੀ ਗਈ ਅਤੇ 413 ਚਲਾਣ ਕੀਤੇ ਗਏ। ਖਰੜ ਵਿਖੇ 9 ਹਜ਼ਾਰ 645 ਮਕਾਨਾਂ ਅਤੇ 30 ਹਜ਼ਾਰ 838 ਕੰਟੇਨਰਾਂ ਦੀ ਚੈਕਿੰਗ ਕੀਤੀ ਗਈ ਅਤੇ 12 ਚਲਾਣ ਕੀਤੇ ਗਏ। ਨਵਾਂ ਗਾਓਂ ਵਿਖੇ 13 ਹਜ਼ਾਰ 089 ਮਕਾਨਾਂ ਅਤੇ 39 ਹਜ਼ਾਰ 235 ਕੰਟੇਨਰਾਂ ਦੀ ਚੈਕਿੰਗ ਕੀਤੀ ਗਈ ਅਤੇ 11 ਚਲਾਣ ਕੀਤੇ ਗਏ। ਇਸੇ ਤਰ੍ਹਾਂ ਜ਼ੀਰਕਪੁਰ ਵਿਖੇ 12 ਹਜ਼ਾਰ 014 ਮਕਾਨਾਂ ਅਤੇ 62 ਹਜ਼ਾਰ 791 ਕੰਟੇਨਰਾਂ ਦੀ ਚੈਕਿੰਗ ਕਰਕੇ 12 ਚਲਾਨ ਕੀਤੇ ਗਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀਸੀ ਨੇ ਦੱਸਿਆ ਕਿ ਟੀਕਾਕਰਨ ਪ੍ਰੋਗਰਾਮ ਤਹਿਤ 18 ਤੋਂ ਲੈ ਕੇ 20 ਨਵੰਬਰ ਤੱਕ ਪਲਸ ਪੋਲੀਓ ਮਾਈਗਰੇਟਰੀ ਰਾਊਂਡ ਮਨਾਇਆ ਜਾਣਾ ਹੈ ਤੇ ਇਨ੍ਹਾਂ 3 ਦਿਨਾਂ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਭਗ 1 ਲੱਖ 47 ਹਜ਼ਾਰ 170 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਡੀਸੀ ਨੇ ਸਿਹਤ ਵਿਭਾਗ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਜ਼ਿਲ੍ਹੇ ਵਿਚਲੀਆਂ ਸਿਹਤ ਸੰਸਥਾਵਾਂ ਵਿਚ ਸਫਾਈ ਨੂੰ ਯਕੀਨੀ ਬਣਾਇਆ ਜਾਵੇ ਤੇ ਇਲਾਜ਼ ਲਈ ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਅਮਰਦੀਪ ਸਿੰਘ ਬੈਂਸ, ਸਹਾਇਕ ਕਮਿਸ਼ਨਰ ਯਸ਼ਪਾਲ ਸ਼ਰਮਾ, ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ, ਖਰੜ ਦੇ ਐਸਡੀਐਮ ਵਿਨੋਦ ਬਾਂਸਲ, ਸਿਵਲ ਸਰਜਨ ਰੀਟਾ ਭਾਰਦਵਾਜ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਪ੍ਰੀਤ ਕੌਰ ਧਾਲੀਵਾਲ ਸਮੇਤ ਵੱਖ-ਵੱਖ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…