Nabaz-e-punjab.com

ਕਿਤਾਬਾਂ ਦੀ ਛਪਾਈ ਦੇ ਕੰਮ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਕਲੋਹੀਆ

ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਪਾਠ-ਪੁਸਤਕਾਂ ਦੇ ਚੱਲ ਰਹੇ ਕੰਮ ਦੀ ਸਮੀਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਵੱਖ-ਵੱਖ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪਾਠ-ਪੁਸਤਕਾਂ ਦੇ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਵੱਖ-ਵੱਖ ਅਧਿਕਾਰੀਆਂ ਤੋਂ ਰਿਪੋਰਟ ਲਈ ਗਈ। ਅੱਜ ਦੇਰ ਸ਼ਾਮ ਸ੍ਰੀ ਕਲੋਹੀਆ ਨੇ ਮੀਡੀਆ ਨੂੰ ਦੱਸਿਆ ਕਿ ਸਿੱਖਿਆ ਬੋਰਡ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਮਾਰਚ ਦੇ ਅਖੀਰ ਤੱਕ ਕਿਤਾਬਾਂ ਦੀ ਪਹੁੰਚਾਉਣ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ। ਇਸ ਸਬੰਧੀ ਸੁਹਿਰਦ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਠ-ਪੁਸਤਕਾਂ ਦੀ ਛਪਾਈ ਦਾ ਕੰਮ ਪੁਰੇ ਜ਼ੋਰਾਂ ’ਤੇ ਚੱਲ ਰਿਹਾ ਹੈ ਅਤੇ ਇਸ ਕੰਮ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ੍ਰੀ ਕਲੋਹੀਆ ਨੇ ਦੱਸਿਆ ਕਿ ਪਾਠ-ਪੁਸਤਕਾਂ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਇਸ ਵਾਰ ਦਫ਼ਤਰੀ ਸਟਾਫ਼ ਦੀ ਡਿਊਟੀ ਪਿੰ੍ਰਟਿੰਗ ਪ੍ਰੈੱਸਾਂ ਵਿੱਚ ਬਤੌਰ ਪਰੂਫ਼ ਰੀਡਿੰਗ ਲਈ ਲਗਾਈ ਜਾ ਰਹੀ ਹੈ ਤਾਂ ਜੋ ਸਮੇਂ ਸਿਰ ਕੰਮ ਨੇਪਰੇ ਚਾੜ੍ਹਿਆ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਅਤੇ ਐਸੋਸੀਏਟ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਇੱਕ ਸੂਚੀ ਤਿਆਰ ਕੀਤੀ ਜਾਵੇਗੀ ਤਾਂ ਜੋ ਬੋਰਡ ਵੱਲੋਂ ਛਪਾਈ ਜਾ ਰਹੀਆਂ ਕਿਤਾਬਾਂ ਦੀ ਵਿਕਰੀ ਵਧਾਈ ਜਾ ਸਕੇ। ਚੇਅਰਮੈਨ ਨੇ ਬੋਰਡ ਦੇ ਡਿੱਪੂਆਂ ਵਿੱਚ ਦਫ਼ਤਰੀ ਸਟਾਫ਼ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵੀ ਜਾਣਕਾਰੀ ਕਰਕੇ ਸਬੰਧਤ ਅਧਿਕਾਰੀਆਂ ਨੂੰ ਉਨ੍ਹਾਂ ਦਾ ਪਹਿਲ ਦੇ ਆਧਾਰ ’ਤੇ ਨਿਬੇੜਾ ਕਰਨ ਦੇ ਆਦੇਸ਼ ਦਿੱਤੇ।
ਉਨ੍ਹਾਂ ਡਿੱਪੂਆਂ ਦੇ ਅਮਲੇ ਨੂੰ ਆਦੇਸ਼ ਜਾਰੀ ਕੀਤੇ ਕਿ ਫਰਵਰੀ ਦੇ ਅੰਤ ਤੱਕ ਸਾਰੇ ਡਿੱਪੂ ਨਵੀਆਂ ਕਿਤਾਬਾਂ ਦੇ ਰੱਖ-ਰਖਾਓ ਦੀ ਅਗਾਊਂ ਪ੍ਰਬੰਧ ਮੁਕੰਮਲ ਕੀਤੇ ਜਾਣ। ਮੀਟਿੰਗ ਵਿੱਚ ਸਕੂਲ ਬੋਰਡ ਨਾਲ ਰਜਿਸਟਰਡ ਪਾਠ-ਪੁਸਤਕ ਵਿਕਰੇਤਾਵਾਂ ਵੱਲੋਂ ਦਿੱਤੇ ਗਏ ਸੁਝਾਵਾਂ ਉੱਤੇ ਵੀ ਵਿਚਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਛੇਤੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਡਿੱਪੂ ਮੈਨੇਜਰਾਂ ਨੂੰ ਵੀ ਪਾਠ-ਪੁਸਤਕਾਂ ਦੀ ਵਿਕਰੀ ਵਧਾਉਣ ਦੇ ਹੁਕਮ ਦਿੱਤੇ। ਕਿਤਾਬਾਂ ਦੀ ਸਪਲਾਈ ਆਨਲਾਈਨ ਕਰਨ ਸਬੰਧੀ ਚੱਲ ਰਹੇ ਕੰਮ ਬਾਰੇ ਸ੍ਰੀ ਕਲੋਹੀਆ ਨੇ ਦੱਸਿਆ ਕਿ ਐਤਕੀਂ ਪਾਠ-ਪੁਸਤਕਾਂ ਦੀ ਸਪਲਾਈ ’ਤੇ ਆਨਲਾਈਨ ਨਜ਼ਰ ਰੱਖੀ ਜਾਵੇਗੀ। ਇਸ ਸਬੰਧੀ ਬੋਰਡ ਵੱਲੋਂ ਇੱਕ ਵਿਸ਼ੇਸ਼ ਪੋਰਟਲ ਤਿਆਰ ਕੀਤਾ ਗਿਆ ਹੈ। ਮੀਟਿੰਗ ਵਿੱਚ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਸਕੱਤਰ ਪ੍ਰਸ਼ਾਂਤ ਗੋਇਲ, ਐਫ਼ਡੀਓ, ਸੰਯੁਕਤ ਸਕੱਤਰ ਅਤੇ ਬੋਰਡ ਦੇ ਕਈ ਅਧਿਕਾਰੀ ਅਤੇ ਖੇਤਰੀ ਦਫ਼ਤਰਾਂ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…