
ਬੀਬੀ ਬਲਜੀਤ ਕੌਰ ਤੇ ਰੁਪਿੰਦਰ ਰੀਨਾ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਇੱਥੋਂ ਦੇ ਫੇਜ਼-5 (ਵਾਰਡ ਨੰਬਰ-7) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਬਲਜੀਤ ਕੌਰ ਅਤੇ ਫੇਜ਼-4 (ਵਾਰਡ ਨੰਬਰ-5) ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਰੁਪਿੰਦਰ ਕੌਰ ਰੀਨਾ ਨੇ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਹੋਰ ਸੀਨੀਅਰ ਆਗੂਆਂ ਅਤੇ ਆਪਣੇ ਸਮਰਥਕਾਂ ਦੀ ਮੌਜੂਦਗੀ ਵਿੱਚ ਰਿਟਰਨਿੰਗ ਅਧਿਕਾਰੀ ਦੇ ਦਫ਼ਤਰ ਵਿੱਚ ਪਹੁੰਚ ਕੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਪੇਪਰ ਦਾਖ਼ਲ ਕਰਨ ਸਮੇਂ ਦੋਵੇਂ ਬੀਬੀਆਂ ਆਪੋ ਆਪਣੇ ਵਾਰਡਾਂ ’ਚੋਂ ਆਮ ਲੋਕਾਂ ਦੇ ਮਿਲ ਰਹੇ ਭਰਪੂਰ ਸਹਿਯੋਗ ਅਤੇ ਸਮਰਥਨ ਕਾਰਨ ਖ਼ੁਸ਼ੀ ਵਿੱਚ ਫੁੱਲੇ ਨਹੀਂ ਸਮਾਂ ਨਹੀਂ ਰਹੀਆਂ ਸਨ ਅਤੇ ਉਨ੍ਹਾਂ ਦੇ ਚਿਹਰਿਆਂ ’ਤੇ ਡਾਢੀ ਖ਼ੁਸ਼ੀ ਅਤੇ ਮੁਸਕਾਨ ਇਨ੍ਹਾਂ ਦੋਵਾਂ ਨੂੰ ਚੋਣ ਮੈਦਾਨ ਵਿੱਚ ਫਤਿਹ ਦਿਵਾਉਣ ਲਈ ਬੇਹੱਦ ਸਹਾਈ ਸਾਬਤ ਹੋਵੇਗੀ।
ਇਸ ਮੌਕੇ ਬੀਬੀ ਬਲਜੀਤ ਕੌਰ ਅਤੇ ਰੁਪਿੰਦਰ ਕੌਰ ਰੀਨਾ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਨਗਰ ਨਿਗਮ ’ਤੇ ਕਾਬਜ਼ ਧਿਰ ਨੇ ਸ਼ਹਿਰ ਵਿੱਚ ਸਿਰਫ਼ ਪੇਵਰ ਬਲਾਕ ਲਗਾਉਣ ਤੋਂ ਬਿਨਾਂ ਹੋਰ ਕੋਈ ਵਿਕਾਸ ਕੰਮ ਨਹੀਂ ਕੀਤਾ ਹੈ। ਜਿਸ ਕਾਰਨ ਲੋਕ ਇਸ ਵਾਰ ਝੂਠੇ ਲਾਰਿਆਂ ਵਿੱਚ ਨਹੀਂ ਆਉਣਗੇ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀਆਂ ਵਿਕਾਸ ਪੱਖੀ ਨੀਤੀਆਂ ਤੋਂ ਖ਼ੁਸ਼ ਹੋ ਕੇ ਕਾਂਗਰਸ ਨੂੰ ਵੋਟ ਪਾਉਣਗੇ ਅਤੇ ਵਿਰੋਧੀਆਂ ਨੂੰ ਆਪਣੀਆਂ ਜ਼ਮਾਨਤਾਂ ਵੀ ਬਚਾਉਣੀਆਂ ਅੌਖੀਆਂ ਹੋ ਜਾਣਗੀਆਂ। ਇਸ ਮੌਕੇ ਸਮਾਜ ਸੇਵੀ ਸੁਖਦੀਪ ਸਿੰਘ ਨਿਆਂ ਸ਼ਹਿਰ ਬਡਾਲਾ, ਮਨਫੂਲ ਸਿੰਘ, ਕੁਲਬੀਰ ਸਿੰਘ ਸਮੇਤ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।