Share on Facebook Share on Twitter Share on Google+ Share on Pinterest Share on Linkedin ਸਾਬਕਾ ਕੌਂਸਲਰ ਸੈਹਬੀ ਆਨੰਦ ਸਮੇਤ ਭਾਜਪਾ ਦੇ ਕਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਅਕਾਲੀ ਦਲ, ਕਾਂਗਰਸ, ਬਸਪਾ, ਪੀਡੀਪੀ ਤੇ ਆਜ਼ਾਦ ਉਮੀਦਵਾਰਾਂ ਦੇ ਵੀ ਰੱਦ ਹੋਏ ਪੇਪਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ: ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਤਕਨੀਕੀ ਖ਼ਾਮੀਆਂ ਦੇ ਚੱਲਦੇ ਕਈ ਉਮੀਦਵਾਰ ਚੋਣ ਮੈਦਾਨ ਤੋਂ ਬਾਹਰ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਯੁਵਾ ਮੋਰਚਾ ਦੇ ਕੌਮੀ ਕਾਰਜਕਾਰਨੀ ਮੈਂਬਰ ਤੇ ਸਾਬਕਾ ਕੌਂਸਲਰ ਸੈਹਬੀ ਆਨੰਦ ਅਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਪਿਯੂਸ਼ ਆਨੰਦ ਦੇ ਨਾਮਜ਼ਦਗੀ ਪੱਤਰ ਜਾਂਚ ਦੌਰਾਨ ਰਿਟਰਨਿੰਗ ਅਧਿਕਾਰੀ ਨੇ ਰੱਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਭਾਜਪਾ ਦੇ ਕੁਝ ਹੋਰ ਉਮੀਦਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ, ਪੰਜਾਬ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਅਤੇ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵੀ ਰੱਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਇੱਥੋਂ ਦੇ ਵਾਰਡ ਨੰਬਰ-1 ਤੋਂ 25 ਤੱਕ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁਹਾਲੀ ਦੇ ਐਸਡੀਐਮ-ਕਮ-ਰਿਟਰਨਿੰਗ ਅਫ਼ਸਰ ਜਗਦੀਪ ਸਹਿਗਲ ਦੇ ਦਫ਼ਤਰ ਅੱਜ ਸਵੇਰੇ 11 ਵਜੇ ਆਰੰਭ ਹੋਇਆ। ਜਦੋਂਕਿ ਵਾਰਡ ਨੰਬਰ-26 ਤੋਂ 50 ਤੱਕ ਦੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਸੈਕਟਰ-65ਏ ਸਥਿਤ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿੱਚ ਕੀਤੀ ਗਈ। ਇਸ ਦੌਰਾਨ ਵਾਰਡ ਨੰਬਰ-1 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰੀਤ ਇੰਦਰਜੀਤ ਕੌਰ, ਵਾਰਡ ਨੰਬਰ-3 ਤੋਂ ਭਾਜਪਾ ਦੀ ਉਮੀਦਵਾਰ ਅਨੀਤਾ ਸ਼ਰਮਾ, ਵਾਰਡ ਨੰਬਰ-12 ਤੋਂ ਭਾਜਪਾ ਉਮੀਦਵਾਰ ਸੈਹਬੀ ਆਨੰਦ ਅਤੇ ਉਨ੍ਹਾਂ ਦੇ ਛੋਟੇ ਭਰਾ ਪਿਯੂਸ਼ ਆਨੰਦ (ਕਵਰਿੰਗ ਉਮੀਦਵਾਰ), ਵਾਰਡ ਨੰਬਰ-20 ਤੋਂ ਪੰਜਾਬ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਉਮੀਦਵਾਰ ਹਰਪਾਲ ਸਿੰਘ, ਵਾਰਡ ਨੰਬਰ-22 ਤੋਂ ਭਾਜਪਾ ਉਮੀਦਵਾਰ ਹਰੀਸ਼ ਚੌਧਰੀ ਅਤੇ ਵਾਰਡ ਨੰਬਰ-24 ਤੋਂ ਆਜ਼ਾਦ ਉਮੀਦਵਾਰ ਰਵਿੰਦਰ ਕੁਮਾਰ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਇੰਜ ਹੀ ਵਾਰਡ ਨੰਬਰ-26 ਤੋਂ 50 ਵਿੱਚ ਆਜ਼ਾਦ ਉਮੀਦਵਾਰ ਲਖਵੀਰ ਕੌਰ ਤੇ ਅਜਮੇਰ ਸਿੰਘ, ਕਾਂਗਰਸ ਦੇ ਦਵਿੰਦਰਪਾਲ ਸਿੰਘ, ਭਾਜਪਾ ਦੇ ਅਨਿਲ ਝਾਅ, ਬਸਪਾ ਦੇ ਬਖ਼ਸ਼ੀਸ਼ ਰਾਮ ਸਿੰਘ ਅਤੇ ਪੀਡੀਪੀ ਦੇ ਗੁਰਬਖ਼ਸ਼ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। ਇਸ ਸਬੰਧੀ ਚੋਣ ਅਧਿਕਾਰੀ ਨੇ ਦੱਸਿਆ ਕਿ ਭਾਜਪਾ ਆਗੂ ਸੈਹਬੀ ਆਨੰਦ ਦੇ ਨਾਮਜ਼ਦਗੀ ਪੱਤਰਾਂ ਨਾਲ ਤਸਦੀਕ ਕਰਨ ਵਾਲੇ ਵਿਅਕਤੀ ਦੇ ਦਸਖ਼ਤ ਨਹੀਂ ਕੀਤੇ ਹੋਏ ਸਨ। ਜਿਸ ਕਾਰਨ ਉਸ ਦੇ ਪੇਪਰ ਰੱਦ ਕੀਤੇ ਗਏ ਹਨ। ਇਸੇ ਤਰ੍ਹਾਂ ਬਾਕੀ ਜਿਨ੍ਹਾਂ ਉਮੀਦਵਾਰਾਂ ਦੇ ਪੇਪਰ ਰੱਦ ਹੋਏ ਹਨ, ਉਨ੍ਹਾਂ ਵਿੱਚ ਇਕ ਉਮੀਦਵਾਰ ਦੀ ਤਸਦੀਕ ਕਰਨ ਵਾਲਾ ਦੂਜੇ ਵਾਰਡ ਨਾਲ ਸਬੰਧਤ ਸੀ ਜਦੋਂਕਿ ਕਾਨੂੰਨ ਅਨੁਸਾਰ ਉਮੀਦਵਾਰ ਜਿਹੜੇ ਵਾਰਡ ਤੋਂ ਚੋਣ ਲੜ ਰਿਹਾ ਹੈ। ਉਸ ਦੀ ਤਸਦੀਕ ਕਰਨ ਵਾਲਾ ਵੀ ਉਸੇ ਵਾਰਡ ਦਾ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਦੀਆਂ ਹੋਰ ਵੀ ਖ਼ਾਮੀਆਂ ਹੋਣ ਕਾਰਨ ਕਾਗਦ ਰੱਦ ਕੀਤੇ ਗਏ ਹਨ। ਚੋਣ ਅਧਿਕਾਰੀ ਨੇ ਦੱਸਿਆ ਕਿ ਭਲਕੇ 5 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਪੇਪਰ ਵਾਪਸ ਲੈਣ ਦੀ ਪ੍ਰਕਿਰਿਆ ਤੋਂ ਬਾਅਦ ਸ਼ਾਮ ਨੂੰ ਯੋਗ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ 12 ਫਰਵਰੀ ਨੂੰ ਸ਼ਾਮ 5 ਵਜੇ ਤੱਕ ਕੀਤਾ ਜਾ ਸਕੇਗਾ। ਵੋਟਾਂ ਪੈਣ ਦਾ ਕੰਮ 14 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਅਤੇ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਕੀਤੀ ਜਾਵੇਗੀ। ਉਧਰ, ਭਾਜਪਾ ਯੁਵਾ ਮੋਰਚਾ ਦੇ ਕੌਮੀ ਕਾਰਜਕਾਰਨੀ ਮੈਂਬਰ ਤੇ ਸਾਬਕਾ ਕੌਂਸਲਰ ਸੈਹਬੀ ਆਨੰਦ ਨੇ ਕਿਹਾ ਕਿ ਸਰਕਾਰ ਦੇ ਇਸ਼ਾਰੇ ’ਤੇ ਉਸ ਦੇ ਪੇਪਰ ਰੱਦ ਕੀਤੇ ਗਏ ਹਨ। ਇਸ ਤਰ੍ਹਾਂ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਹੀ ਹਾਰ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਪ੍ਰਾਪਤੀ ਲਈ ਹਾਈ ਕੋਰਟ ਦਾ ਬੂਹਾ ਖੜਕਾਉਣਗੇ। ਇਸ ਸਬੰਧੀ ਕਾਨੂੰਨੀ ਮਾਹਰਾਂ ਦੀ ਰਾਇ ਲਈ ਜਾ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ