ਮੈਡੀਕਲ ਬਿੱਲ ਦਾ ਭੁਗਤਾਨ ਨਾ ਕਰਨ ਦਾ ਮਾਮਲਾ: ਅਦਾਲਤ ਨੇ ਅਧਿਕਾਰੀਆਂ ਨੂੰ ਠੋਕਿਆ 50 ਹਜ਼ਾਰ ਦਾ ਜੁਰਮਾਨਾ

ਪੀੜਤ ਮਹਿਲਾ ਨੂੰ 30 ਦਿਨਾਂ ਦੇ ਅੰਦਰ-ਅੰਦਰ 9 ਫੀਸਦੀ ਵਿਆਜ ਨਾਲ ਪੈਂਡਿੰਗ ਰਾਸ਼ੀ ਦੇਣ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਫਰਵਰੀ:
ਜ਼ਿਲ੍ਹਾ ਖਪਤਕਾਰ ਅਦਾਲਤ ਨੇ ਇਕ ਮਹਿਲਾ ਕਰਮਚਾਰੀ ਨੂੰ ਇਲਾਜ ਬਦਲੇ ਮੈਡੀਕਲ ਬਿੱਲਾਂ ਦੀ ਰਾਸ਼ੀ ਦਾ ਭੁਗਤਾਨ ਨਾ ਕਰਨ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਈਐਸਆਈਸੀ ਦੇ ਖੇਤਰੀ ਡਾਇਰੈਕਟਰ, ਡਾਇਰੈਕਟਰ (ਸਿਹਤ ਸੇਵਾਵਾਂ), ਈਐਸਆਈ ਹਸਪਤਾਲ ਦੇ ਮੈਡੀਕਲ ਅਫ਼ਸਰ ਅਤੇ ਸੋਸ਼ਲ ਸਕਿਉਰਿਟੀ ਅਫ਼ਸਰ ਨੂੰ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਨਾਲ ਹੀ ਅਦਾਲਤ ਨੇ ਈਐਸਆਈਸੀ ਨੂੰ 30 ਦਿਨਾਂ ਦੇ ਅੰਦਰ-ਅੰਦਰ ਪੀੜਤ ਕਰਮਚਾਰੀ ਗੁਰਪ੍ਰੀਤ ਕੌਰ ਨੂੰ 9 ਫੀਸਦੀ ਵਿਆਜ ਨਾਲ ਪੈਂਡਿੰਗ ਰਾਸ਼ੀ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਐਡਵੋਕੇਟ ਜਸਬੀਰ ਸਿੰਘ ਨੇ ਦੱਸਿਆ ਕਿ ਪੀੜਤ ਗੁਰਪ੍ਰੀਤ ਕੌਰ ਸ਼ਹਿਰ ਦੀ ਇਕ ਸਟੀਲ ਫੈਕਟਰੀ ਵਿੱਚ 2008 ਤੋਂ ਕੰਮ ਕਰਦੀ ਹੈ ਅਤੇ ਹਰੇਕ ਮਹੀਨੇ ਤਨਖ਼ਾਹ ’ਚੋਂ ਸਾਢੇ 6 ਫੀਸਦੀ ਰਾਸ਼ੀ ਈਐਸਆਈਸੀ ਵਿੱਚ ਜਮ੍ਹਾ ਕਰਵਾਈ ਜਾਂਦੀ ਹੈ। ਸਾਲ 2013 ਵਿੱਚ ਉਸ ਦੀ ਪ੍ਰੀਮੈਚਿਯੋਰ ਡਲਿਵਰੀ ਹੋਣ ਕਾਰਨ ਨਵਜੰਮੇ ਬੱਚੇ ਦੀ ਵੀ ਮੌਤ ਹੋ ਗਈ। ਬੀਮਾਰ ਹੋਣ ਕਾਰਨ ਇਲਾਜ ਲਈ ਈਐਸਆਈ ਹਸਪਤਾਲ ਆਈ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਪੀਜੀਆਈ ਭੇਜ ਦਿੱਤਾ।
ਇਸ ਮਗਰੋਂ ਉਸ ਨੇ ਕਾਸਮੋ ਹਸਪਤਾਲ ਵਿੱਚ ਕਰਵਾਇਆ। ਉਸ ਦੇ ਇਲਾਜ ’ਤੇ ਕਰੀਬ 2 ਲੱਖ 79 ਰੁਪਏ ਖਰਚਾ ਆਇਆ ਅਤੇ ਉਸ ਨੇ ਈਐਸਆਈਸੀ ਵਿੱਚ ਮੈਡੀਕਲ ਬਿੱਲ ਜਮ੍ਹਾ ਕਰਵਾਇਆ ਪ੍ਰੰਤੂ ਸਰਕਾਰ ਨੇ ਉਸ ਨੂੰ ਮੈਡੀਕਲ ਬਿੱਲ ਦੀ ਅਦਾਇਗੀ ਨਹੀਂ ਕੀਤੀ। ਕਾਫ਼ੀ ਤਰਲੇ ਮਿੰਨਤਾ ਕਰਨ ’ਤੇ ਅਧਿਕਾਰੀਆਂ ਨੇ ਤਿੰਨ ਸਾਲ ਬਾਅਦ ਬੜੀ ਮੁਸ਼ਕਲ ਨਾਲ 64 ਹਜ਼ਾਰ ਰੁਪਏ ਦਿੱਤੇ ਗਏ ਅਤੇ ਬਾਕੀ ਰਾਸ਼ੀ ਨਹੀਂ ਦਿੱਤੀ। ਜਦੋਂ ਅਧਿਕਾਰੀਆਂ ਨੇ ਕੋਈ ਆਈ ਗਈ ਨਹੀਂ ਦਿੱਤੀ ਤਾਂ ਪੀੜਤ ਅੌਰਤ ਨੇ ਜ਼ਿਲ੍ਹਾ ਖਪਤਕਾਰ ਅਦਾਲਤ ਦਾ ਬੂਹਾ ਖੜਕਾਇਆ।
ਐਡਵੋਕੇਟ ਜਸਬੀਰ ਸਿੰਘ ਨੇ ਦੱਸਿਆ ਕਿ ਕਰੀਬ 9 ਸਾਲ ਕੇਸ ਦੀ ਸੁਣਵਾਈ ਚੱਲੀ ਅਤੇ ਬੀਤੇ ਦਿਨੀਂ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੀੜਤ ਅੌਰਤ ਨੂੰ ਵੱਡੀ ਰਾਹਤ ਦਿੰਦਿਆਂ ਈਐਸਆਈਸੀ ਦੇ ਖੇਤਰੀ ਡਾਇਰੈਕਟਰ, ਡਾਇਰੈਕਟਰ (ਸਿਹਤ ਸੇਵਾਵਾਂ), ਈਐਸਆਈ ਹਸਪਤਾਲ ਦੇ ਮੈਡੀਕਲ ਅਫ਼ਸਰ ਅਤੇ ਸੋਸ਼ਲ ਸਕਿਉਰਿਟੀ ਅਫ਼ਸਰ ਨੂੰ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਅਦਾਲਤ ਨੇ ਈਐਸਆਈਸੀ ਨੂੰ 30 ਦਿਨਾਂ ਦੇ ਅੰਦਰ-ਅੰਦਰ ਪੀੜਤ ਕਰਮਚਾਰੀ ਗੁਰਪ੍ਰੀਤ ਕੌਰ ਨੂੰ ਪੈਂਡਿੰਗ ਰਾਸ਼ੀ ਪ੍ਰਤੀ ਸਾਲ 9 ਫੀਸਦੀ ਵਿਆਜ ਨਾਲ ਰਿਲੀਜ਼ ਦੇ ਹੁਕਮ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਈਐਸਆਈ ਹਸਪਤਾਲ ਵਿੱਚ ਫੈਕਟਰੀ ਕਾਮਿਆਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ ਹਨ ਅਤੇ ਬਹੁਤ ਕਰਮਚਾਰੀਆਂ ਦੇ ਮੈਡੀਕਲ ਬਿੱਲ ਪੈਂਡਿੰਗ ਪਏ ਹਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…