ਖੇਤੀ ਕਾਨੂੰਨ: ਗੈਰ ਸਿਆਸੀ ਜਥੇਬੰਦੀ ਪੁਆਧੀ ਕਿਸਾਨ-ਮਜ਼ਦੂਰ ਸਭਾ ਦਾ ਗਠਨ ਕਰਨ ਦਾ ਫੈਸਲਾ

ਭੁੱਖ-ਹੜਤਾਲ ਦੇ 100 ਦਿਨ ਪੂਰੇ ਹੋਣ ’ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ

ਪੁਆਧ ਇਲਾਕੇ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਚਰਚਾ ਕਰਨ ਲਈ ਪੁਆਧੀ ਮਹਾਂ ਪੰਚਾਇਤ ਸੱਦਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਪੁਆਧ ਖੇਤਰ ਮੁਹਾਲੀ ਦੇ ਕਿਸਾਨ ਹਿਤੈਸ਼ੀਆਂ ਸਹਿਯੋਗ ਨਾਲ ਸ਼ੁਰੂ ਕੀਤੀ ਲੜੀਵਾਰ ਭੁੱਖ-ਹੜਤਾਲ ਤੇ ਧਰਨਾ ਬੁੱਧਵਾਰ ਨੂੰ 100ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸਮਾਗਮ ਦੌਰਾਨ ਗੁਰਪ੍ਰੀਤ ਸਿੰਘ ਲਾਂਡਰਾਂ ਦੇ ਪ੍ਰਸਿੱਧ ਢਾਡੀ ਜਥੇ ਨੇ ਢਾਡੀ ਵਾਰਾਂ ਰਾਹੀਂ ਕੇਂਦਰ ਸਰਕਾਰ ’ਤੇ ਤੰਦ ਕੱਸਦਿਆਂ ਕਿਸਾਨਾਂ ਨੂੰ ਇਕਜੁੱਟ ਹੋ ਕੇ ਲੜਾਈ ਲੜਨ ’ਤੇ ਜ਼ੋਰ ਦਿੱਤਾ। ਅੰਤਰਰਾਸ਼ਟਰੀ ਪੁਆਧੀ ਮੰਚ ਦੇ ਕਾਰਕੁਨ ਅਤੇ ਸੀਨੀਅਰ ਪੱਤਰਕਾਰ ਡਾ. ਕਰਮਜੀਤ ਸਿੰਘ ਚਿੱਲਾ ਅਤੇ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਪੁਆਧੀ ਵਿੱਚ ਆਪਣਾ ਭਾਸ਼ਣ ਦਿੱਤਾ ਅਤੇ ਪੁਆਧੀ ਬੋਲੀ ਅਤੇ ਪੁਆਧੀ ਇਲਾਕੇ ਨੂੰ ਬਣਦਾ ਮਾਣ ਸਨਮਾਨ ਦੇਣ ’ਤੇ ਜ਼ੋਰ ਦਿੱਤਾ। ਸੀਨੀਅਰ ਆਗੂ ਪਰਮਿੰਦਰ ਸਿੰਘ ਬੈਦਵਾਨ, ਸੋਨੀਆ ਮਾਨ, ਦਰਸ਼ਨ ਅੌਲਖ, ਮਾਨ ਸਿੰਘ ਸੋਹਾਣਾ, ਬਰਜਿੰਦਰ ਸਿੰਘ ਪਰਵਾਨਾ, ਨਛੱਤਰ ਸਿੰਘ ਬੈਦਵਾਨ ਅਤੇ ਨੰਬਰਦਾਰ ਹਰਵਿੰਦਰ ਸਿੰਘ ਨੇ ਸੰਬੋਧਨ ਕੀਤਾ। ਸਾਬਕਾ ਮੇਅਰ ਅਤੇ ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਨੇ ਵੀ ਆਪਣੇ ਸਾਥੀਆਂ ਸਮੇਤ ਹਾਜ਼ਰੀ ਭਰੀ ਅਤੇ ਕਿਸਾਨੀ ਸੰਘਰਸ਼ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਪੁਆਧੀ ਕਿਸਾਨ-ਮਜ਼ਦੂਰ ਸਭਾ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਨੂੰ ਪੰਡਾਲ ਵਿੱਚ ਹਾਜ਼ਰ ਸੰਗਤ ਨੇ ਜੈਕਾਰੇ ਛੱਡ ਕੇ ਪ੍ਰਵਾਨਗੀ ਦਿੱਤੀ। ਇਹ ਸਭਾ ਬਿਲਕੁਲ ਨਿਰੋਲ ਗੈਰ ਸਿਆਸੀ ਸੰਸਥਾ ਹੋਵੇਗੀ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲਿਆਂ ਨੂੰ ਵੱਡੇ ’ਤੇ ਉਭਾਰ ਕੇ ਉਨ੍ਹਾਂ ਦੇ ਹੱਲ ਲਈ ਯਤਨਸ਼ੀਲ ਰਹੇਗੀ। ਕਿਸਾਨ ਸੰਘਰਸ਼ ਵਿੱਚ ਪੁਆਧ ਖੇਤਰ ਦੀ ਹੋਰ ਵਧੇਰੇ ਲਾਮਬੰਦੀ ਲਈ ਪਿੰਡ ਪੱਧਰ ’ਤੇ ਪ੍ਰਚਾਰ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਆ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਪੁਆਧ ਇਲਾਕੇ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਰਚਾ ਕਰਨ ਲਈ ਛੇਤੀ ਹੀ ਪੁਆਧੀ ਪੰਚਾਇਤ ਬੁਲਾਈ ਜਾਵੇਗੀ। ਪੁਆਧੀ ਕਿਸਾਨ-ਮਜ਼ਦੂਰ ਸਭਾ ਦੀ ਕਾਰਜਕਾਰਨੀ ਦਾ ਛੇਤੀ ਹੀ ਗਠਨ ਕੀਤਾ ਜਾਵੇਗਾ। ਇਹ ਸੰਸਥਾ ਅੰਤਰਰਾਸ਼ਟਰੀ ਪੁਆਧੀ ਮੰਚ ਦੇ ਸਹਿਯੋਗ ਨਾਲ ਕੰਮ ਕਰੇਗੀ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾਣ ਵਾਲੇ ਹਰੇਕ ਪ੍ਰੋਗਰਾਮ ਨੂੰ ਪੁਆਧ ਇਲਾਕੇ ਵਿੱਚ ਹੂਬਹੂ ਲਾਗੂ ਕਰਨ ਲਈ ਯਤਨ ਕਰੇਗੀ ਅਤੇ 27 ਸਤੰਬਰ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਵੇਗੀ। ਗੁਰਪ੍ਰੀਤ ਸਿੰਘ ਨਿਆਮੀਆਂ ਨੇ ਕਿਹਾ ਕਿ ਗਮਾਡਾ, ਪੁੱਡਾ, ਮੁਹਾਲੀ ਪ੍ਰਸ਼ਾਸਨ ਅਤੇ ਨਗਰ ਨਿਗਮ ਨਾਲ ਸਬੰਧਤ ਪੁਆਧ ਖੇਤਰ ਦੇ ਪਿੰਡਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ। ਸਮਾਜਿਕ ਲਾਮਬੰਦੀ ਪੈਦਾ ਕਰਦਿਆਂ ਪੁਆਧੀਆਂ ਨੂੰ ਵਿਆਹਾਂ ਅਤੇ ਭੋਗਾਂ ਉੱਤੇ ਖ਼ਰਚੇ ਸੀਮਤ ਕਰਨ ਲਈ ਪ੍ਰੇਰਿਆ ਜਾਵੇਗਾ। ਪੁਆਧੀ ਬੋਲੀ ਦੇ ਪਾਸਾਰ ਤੇ ਪ੍ਰਚਾਰ ਲਈ ਪੁਆਧੀ ਸਭਿਆਚਾਰ ਤੇ ਵਿਰਾਸਤ ਨੂੰ ਬਚਾਉਣ ਲਈ ਬੱਚਿਆਂ ਅਤੇ ਸਮਾਜ ਵਿੱਚ ਜਾਗ੍ਰਿਤੀ ਪੈਦਾ ਕੀਤੀ ਜਾਵੇਗੀ।
ਪਰਮਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਪੁਆਧੀ ਕਿਸਾਨ-ਮਜ਼ਦੂਰ ਸਭਾ ਪੁਆਧ ਇਲਾਕੇ ਵਿੱਚ ਕੱਢੀਆਂ ਜਾ ਰਹੀਆਂ ਨਵੀਆਂ ਸੜਕਾਂ ਦੇ ਮਿਲਣ ਵਾਲੇ ਘੱਟ ਮੁਆਵਜ਼ੇ ਦੀ ਪੈਰਵਾਈ ਕਰਕੇ ਲੋਕਾਂ ਨੂੰ ਉਚਿੱਤ ਮੁਆਵਜ਼ਾ ਦਿਵਾਉਣ ਲਈ ਪੁਰਜ਼ੋਰ ਯਤਨ ਕਰੇਗੀ। ਸਭਾ ਨੇ ਅੱਜ ਇਕ ਅਹਿਮ ਮਤਾ ਪਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜ਼ਿਲ੍ਹੇ ਦੀਆਂ ਸਮੁੱਚੀਆਂ ਸਹਿਕਾਰੀ ਸਭਾਵਾਂ ਵਿੱਚ ਡੀਏਪੀ ਖਾਦ ਜਿਵੇਂ ਪਹਿਲਾਂ ਆਉਂਦੀ ਰਹੀ ਹੈ ਉਸੇ ਤਰ੍ਹਾਂ ਪੂਰਤੀ ਕੀਤੀ ਜਾਵੇ ਨਹੀਂ ਤਾਂ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।

ਇਸ ਮੌਕੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਪਿੰਡ ਰਾਏਪੁਰ ਕਲਾਂ ਦੇ ਵਸਨੀਕ ਜਤਿੰਦਰ ਸਿੰਘ ਦੇ ਪੁੱਤਰ ਗੁਰਮਨਜੋਤ ਸਿੰਘ ਨੂੰ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਢੋਲ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਕਿਸਾਨ ਆਗੂ ਕੁਲਵੰਤ ਸਿੰਘ ਤ੍ਰਿਪੜੀ, ਕਿਰਪਾਲ ਸਿੰਘ ਸਿਆਊ, ਜਸਪਾਲ ਸਿੰਘ ਨਿਆਮੀਆਂ, ਲਖਵਿੰਦਰ ਸਿੰਘ ਕਰਾਲਾ, ਮਿੰਦਰ ਸਿੰਘ ਸੋਹਾਣਾ, ਕਰਮਜੀਤ ਸਿੰਘ ਨੰਬਰਦਾਰ ਮੌਲੀ, ਜਸਵੀਰ ਸਿੰਘ ਜੱਸੀ ਕੁਰੜਾ, ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ, ਸਤਨਾਮ ਸਿੰਘ ਦਾਊਂ, ਅਮਰਜੀਤ ਸਿੰਘ ਨਰੈਣ, ਕਰਮ ਸਿੰਘ ਧਨੋਆ, ਅਮਨ ਪੂਨੀਆ, ਬਲਜੀਤ ਸਿੰਘ ਦੈੜੀ, ਜਰਨੈਲ ਸਿੰਘ ਸੋਨੀ, ਗੁਰਮੀਤ ਸਿੰਘ ਬੈਦਵਾਨ, ਜਗਜੀਤ ਸਿੰਘ ਰਾਣਾ, ਗੁਰਮੀਤ ਸਿੰਘ ਖੂਨੀਮਾਜਰਾ, ਦੋਧੀ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਸੱਜਣ ਸਿੰਘ, ਗੁਰਪ੍ਰੀਤ ਸਿੰਘ ਸੋਨਾ, ਜਸਵੰਤ ਸਿੰਘ, ਬਲਵਿੰਦਰ ਸਿੰਘ ਲਖਨੌਰ, ਬਲਵਿੰਦਰ ਸਿੰਘ ਗੋਬਿੰਦਗੜ੍ਹ, ਛੱਜਾ ਸਿੰਘ ਕੁਰੜੀ, ਜਗਰੂਪ ਸਿੰਘ ਕੁਰੜੀ, ਜਸਵੰਤ ਸਿੰਘ ਮਾਣਕਮਾਜਰਾ, ਸਰਪੰਚ ਯੂਨੀਅਨ ਦੇ ਆਗੂ ਹਰਮਿੰਦਰ ਸਿੰਘ ਪੱਤੋਂ, ਗੁਰਮੇਲ ਸਿੰਘ ਮੋਜੇਵਾਲ, ਕੌਂਸਲਰ ਹਰਜਿੰਦਰ ਕੌਰ ਸੋਹਾਣਾ, ਗੁਰਮੀਤ ਕੌਰ ਸੈਣੀ, ਰਜਨੀ ਗੋਇਲ, ਅਦਾਕਾਰਾ ਸੈਵੀ ਸਤਵਿੰਦਰ ਕੌਰ, ਦਵਿੰਦਰ ਸਿੰਘ ਬੌਬੀ, ਖ਼ੁਸ਼ਇੰਦਰ ਸਿੰਘ ਬੈਦਵਾਨ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਵੀ ਉਚੇਚੇ ਤੌਰ ਤੇ ਹਾਜ਼ਰ ਸਨ। ਅੌਰਤਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਰਹੀ।

ਇਸ ਤੋਂ ਇਲਾਵਾ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਸੀਟੀਯੂ ਸੇਵਾਮੁਕਤ ਮੁਲਾਜ਼ਮ ਯੂਨੀਅਨ, ਮੁਹਾਲੀ ਦੀਆਂ ਪੈਨਸ਼ਨਰ ਯੂਨੀਅਨਾਂ, ਰੋਡਵੇਜ਼ ਕਰਮਚਾਰੀ ਯੂਨੀਅਨ, ਤਰਕਸ਼ੀਲ ਸੁਸਾਇਟੀ, ਜਨਹਿੱਤ ਕਮੇਟੀ ਖਰੜ, ਸੁਖਮਨੀ ਸੇਵਾ ਸੁਸਾਇਟੀ, ਸੇਵਾਮੁਕਤ ਪੰਜਾਬ ਪੁਲੀਸ ਮੁਲਾਜ਼ਮ ਯੂਨੀਅਨ, ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਯੂਥ ਕਲੱਬ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਪੰਚ-ਸਰਪੰਚ ਹਾਜ਼ਰ ਸਨ। ਮੰਚ ਸੰਚਾਲਕ ਨੰਬਰਦਾਰ ਹਰਵਿੰਦਰ ਸਿੰਘ ਨੇ ਬਾਖ਼ੂਬੀ ਨਿਭਾਇਆ ਜਦੋਂਕਿ ਅਖੀਰ ਵਿੱਚ ਜਥੇਦਾਰ ਮਾਨ ਸਿੰਘ ਸੋਹਾਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Agriculture & Forrest

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …