Share on Facebook Share on Twitter Share on Google+ Share on Pinterest Share on Linkedin ਨਾਨ-ਟੀਚਿੰਗ ਸਟਾਫ਼ ਵੱਲੋਂ 6ਵਾਂ ਪੇ-ਕਮਿਸ਼ਨ ਲਾਗੂ ਕਰਨ ਮੰਗ ਨੂੰ ਲੈ ਕੇ ਡੀਪੀਆਈ ਕਾਲਜਾਂ ਦੇ ਬਾਹਰ ਰੋਸ ਮੁਜ਼ਾਹਰਾ ਨਬਜ਼-ਏ-ਪੰਜਾਬ, ਮੁਹਾਲੀ, 15 ਦਸੰਬਰ: ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਐਂਪਲਾਈਜ਼ ਯੂਨੀਅਨ ਪੰਜਾਬ ਵੱਲੋਂ ਅੱਜ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਮੁਹਾਲੀ ਵਿਖੇ ਡੀਪੀਆਈ ਕਾਲਜਾਂ ਦੇ ਮੁੱਖ ਗੇਟ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਵਿਚ ਇਕੱਤਰ ਹੋਏ ਨਾਨ-ਟੀਚਿੰਗ ਸਟਾਫ਼ ਨੇ ਡੀਪੀਆਈ ਕਾਲਜਾਂ, ਪੰਜਾਬ ਸਰਕਾਰ ਅਤੇ ਵਿੱਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਜੀਵ ਸ਼ਰਮਾ, ਜਨਰਲ ਸਕੱਤਰ ਜਗਦੀਪ ਸਿੰਘ, ਸਵਿੰਦਰ ਸਿੰਘ ਗੋਲਾ, ਰਵੀ ਮੈਣੀ, ਦੀਪਕ ਸ਼ਰਮਾ, ਨਿਰਮਲ ਕੌਰ, ਅਮਰੀਕ ਸਿੰਘ ਰਾਜਲਾ, ਪ੍ਰੇਮ ਸਿੰਘ ਸੁਪਰਡੈਂਟ ਨੇ ਕਿਹਾ ਕਿ ਸਰਕਾਰ ਨੇ 1 ਸਤੰਬਰ 1978 ਨੂੰ ਪੇ-ਪੈਰਿਟੀ ਸਬੰਧੀ ਇਹ ਐਲਾਨ ਕੀਤਾ ਸੀ ਕਿ ਸਰਕਾਰੀ ਕਾਲਜਾਂ ਦੇ ਨਾਨ-ਟੀਚਿੰਗ ਸਟਾਫ਼ ਦੀ ਤਰਜ਼ ’ਤੇ ਸਹਾਇਤਾ ਪ੍ਰਾਪਤ ਕਾਲਜਾਂ ਦੇ ਕਰਮਚਾਰੀਆਂ ਨੂੰ ਵੀ ਪੇ-ਪੈਰਿਟੀ ਮਿਲੇਗਾ ਪ੍ਰੰਤੂ ਲੰਮਾ ਅਰਸਾ ਬੀਤਣ ਬਾਅਦ ਸਮੇਂ ਦੀਆਂ ਸਰਕਾਰਾਂ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਉਨ੍ਹਾਂ ਨੂੰ 6ਵੇਂ ਤਨਖ਼ਾਹ ਕਮਿਸ਼ਨ ਅਤੇ ਲਾਭ-ਭੱਤੇ ਪਿਛਲੇ 2 ਸਾਲਾਂ ਤੋਂ ਦਿੱਤੇ ਜਾ ਰਹੇ ਹਨ। ਅਜਿਹਾ ਕਰਕੇ ਸਰਕਾਰ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ 6ਵਾਂ ਪੇ-ਕਮਿਸ਼ਨ ਲਾਗੂ ਕਰਨ ਦੀ ਥਾਂ ਸਬੰਧਤ ਕਾਲਜਾਂ ਕੋਲੋਂ ਵਾਰ ਵਾਰ ਡਾਟੇ ਦੀ ਮੰਗ ਕਰਕੇ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਇਸ ਸਬੰਧੀ ਉਹ ਪੰਜਾਬ ਦੀ ਆਪ ਸਰਕਾਰ ਦੇ ਉਚੇਰੀ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨਾਲ ਵੀ ਮੀਟਿੰਗ ਕਰ ਚੁੱਕੇ ਹਨ ਪਰ ਝੂਠੇ ਲਾਰਿਆਂ ਤੋਂ ਬਿਨਾਂ ਕੁਝ ਪੱਲੇ ਨਹੀਂ ਪਿਆ। ਹਰਵਿੰਦਰ ਸਿੰਘ, ਸਰਬਜੀਤ ਸਿੰਘ, ਰਵਿੰਦਰ ਕੁਮਾਰ, ਰਵਿੰਦਰਜੀਤ ਸਿੰਘ ਵਿਰਕ, ਬਚਿੱਤਰ ਸਿੰਘ, ਤੇਜਿੰਦਰ ਸਿੰਘ ਸੀਨੀਅਰ ਲੈਕਚਰਾਰ, ਨਵਦੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਕਾਲਜਾਂ ਵਿੱਚ ਕਰੀਬ 2600 ਅਸਾਮੀਆਂ ਹਨ, ਜਿਨ੍ਹਾਂ ’ਚੋਂ ਸਿਰਫ਼ 825 ਮੁਲਾਜ਼ਮ ਹੀ ਕੰਮ ਕਰ ਰਹੇ ਹਨ, ਜਦਕਿ ਬਾਕੀ ਖਾਲੀ ਅਸਾਮੀਆਂ ਦੀ ਭਰਤੀ ’ਤੇ ਸਰਕਾਰ ਵੱਲੋਂ ਰੋਕ ਲਗਾਈ ਹੋਈ ਹੈ। ਇੱਥੇ ਹੀ ਬੱਸ ਨਹੀਂ 5ਵੇਂ ਪੇ-ਕਮਿਸ਼ਨ ਵਿੱਚ ਵੀ ਵਰਗ ਨੂੰ ਸੋਧੇ ਹੋਏ ਸਕੇਲ, ਮਕਾਨ ਤੇ ਮੈਡੀਕਲ ਭੱਤਿਆਂ ਦਾ ਪੂਰਾ ਲਾਭ ਨਹੀਂ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਡਿਪਟੀ ਡਾਇਰੈਕਟਰ ਕਾਮਨਾ ਗੁਪਤਾ ਨੂੰ ਮੰਗ ਪੱਤਰ ਦਿੱਤਾ। ਅਧਿਕਾਰੀ ਨੇ ਉਨ੍ਹਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਜਲਦੀ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੰਗ ਦੇ ਪ੍ਰਧਾਨ ਅਮਰੀਕ ਸਿੰਘ, ਮਨੋਜ ਪਾਂਡੇ, ਪਰਮਿੰਦਰ ਸਿੰਘ, ਡੀਏਵੀ ਕਾਲਜ ਚੰਡੀਗੜ੍ਹ ਦਾ ਨਾਨ ਟੀਚਿੰਗ ਸਟਾਫ਼, ਜਸਵਿੰਦਰ ਸਿੰਘ ਮਾਣਕੂ, ਨਵੀਨ ਪੁਰੀ, ਰਵਿੰਦਰਪਾਲ ਸਿੰਘ ਗੁਰਦੇਵ ਸਿੰਘ, ਪ੍ਰਦੀਪ ਸਿੰਘ ਅਤੇ ਪੰਜਾਬ ਦੇ ਕਾਲਜਾਂ ਦੇ ਨਾਨ ਟੀਚਿੰਗ ਸਮੇਤ ਵੱਡੀ ਗਿਣਤੀ ਵਿੱਚ ਟੀਚਿੰਗ ਸਟਾਫ਼ ਹਾਜ਼ਰ ਸਨ। ਸਟੇਜ ਦੀ ਜ਼ਿੰਮੇਵਾਰੀ ਤੇਜਿੰਦਰ ਸਿੰਘ ਸੀਨੀਅਰ ਲੈਕਚਰਾਰ ਸਹਾਇਕ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਨੇ ਨਿਭਾਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ