Nabaz-e-punjab.com

ਗੁੰਮ ਹੋਏ ਪਾਵਨ ਸਰੂਪਾਂ ਦੀ ਜਾਣਕਾਰੀ ਦੇਣ ਦੀ ਥਾਂ ਬੇ-ਬੁਨਿਆਦ ਗੱਲਾਂ ਨਾ ਕਰੇ ਲੌਂਗੋਵਾਲ: ਸੇਖਵਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਵੱਲੋਂ ਗੁਰੂ ਗ੍ਰੰਥ ਸਾਹਿਬ ਗੁੰਮ ਹੋਏ ਪਾਵਨ ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਲਿਖਤੀ ਪੱਤਰ ਦੇ ਕੇ ਜਾਣਕਾਰੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡੈਮੋਕ੍ਰੈਟਿਕ ਅਕਾਲੀ ਦਲ ਦੇ ਸਮੂਹ ਆਗੂ ਅਤੇ ਵਰਕਰ ਨਿਮਾਣੇ ਸਿੱਖਾਂ ਵਜੋਂ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਐਸਜੀਪੀਸੀ ਪ੍ਰਧਾਨ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਲੌਂਗੋਵਾਲ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਮੰਗੀ। ਇਹ ਸਭ ਕੁਝ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਕੀਤਾ ਗਿਆ। ਪਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਲੌਂਗੋਵਾਲ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਇਸ ਮੁੱਦੇ ’ਤੇ ਰਾਜਸੀ ਕਰ ਰਿਹਾ ਹੈ ਉੱਕਾ ਹੀ ਬੇ-ਬੁਨਿਆਦ ਤੇ ਦੁਖਦਾਈ ਹੈ।
ਜਥੇਦਾਰ ਸੇਖਵਾਂ ਨੇ ਕਿਹਾ ਕਿ ਜੇਕਰ ਅਸੀਂ ਰਾਜਨੀਤਕ ਰੰਗਤ ਹੀ ਦੇਣੀ ਹੁੰਦੀ ਤਾਂ ਪ੍ਰਧਾਨ ਦਾ ਘਿਰਾਓ ਕਰਦੇ, ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਜਾ ਧਰਨਾ ਦਿੰਦੇ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹਲੀਮੀ ਭਰੇ ਲਹਿਜੇ ਵਿੱਚ ਆਪਣੇ ਗੁਰੂ ਸਾਹਿਬ ਦੇ ਸਰੂਪਾਂ ਬਾਰੇ ਪੁੱਛਿਆ, ਇਹ ਕੋਈ ਰਾਜਨੀਤੀ ਨਹੀਂ ਹੋਈ। ਸਭ ਜਾਣਦੇ ਹੋਏ ਵੀ ਆਪ ਤੇ ਉਹਨਾਂ ਨੇ ਭਾਰੀ ਪੁਲਿਸ ਫੋਰਸ ਸੱਦੀ ਹੋਈ ਸੀ। ਪੁਲਿਸ ਨੇ 4-5 ਥਾਵਾਂ ਤੇ ਨਾਕੇ ਲਾ ਕੇ ਪ੍ਰਧਾਨ ਸਾਹਿਬ ਦੇ ਘਰ ਜਾਂਦਾ ਰਾਹ ਰੋਕਿਆ ਹੋਇਆ ਸੀ। ਜਿਸ ਕਾਰਨ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਜਾਂਦੀ ਸੰਗਤ ਨੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕੀਤਾ। ਪੁਲਿਸ ਨੇ ਪਹਿਲਾਂ ਹੀ ਗਿਣਤੀ ਦੇ ਬੰਦਿਆਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਸੀ। ਇੱਥੋਂ ਤੱਕ ਕਿ ਪੰਜ ਪਿਆਰਿਆਂ ਨੂੰ ਵੀ ਪੁਲਿਸ ਵੱਲੋਂ ਪ੍ਰਧਾਨ ਸਾਬ ਦੇ ਘਰ ਦੇ ਗੇਟ ਤੇ ਰੋਕਿਆ ਗਿਆ ਪਰ ਫੇਰ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਲੀਡਰਾਂ ਵੱਲੋਂ ਜੋਰ ਪਾਉਣ ਤੇ ਉਹਨਾਂ ਨੂੰ ਘਰ ਦੇ ਅੰਦਰ ਦਾਖਲ ਹੋਣ ਦਿੱਤਾ ਗਿਆ।
ਪ੍ਰਧਾਨ ਸਾਬ ਨੇ ਇਹ ਵੀ ਵਾਜਿਬ ਨਹੀਂ ਸਮਝਿਆ ਕਿ ਪੰਜਾਂ ਪਿਆਰਿਆਂ ਦਾ ਅੱਗੇ ਹੋ ਕੇ ਸਨਮਾਨ ਕੀਤਾ ਜਾਵੇ ਸਗੋਂ ਆਪਣੇ ਦਫ਼ਤਰ ਵਿੱਚ ਹੀ ਬੈਠੇ ਰਹੇ ਤੇ ਪੰਜਾਂ ਪਿਆਰਿਆਂ ਨੂੰ ਬਾਹਰ ਵਿਹੜੇ ਵਿੱਚ ਹੀ ਬਿਠਾ ਦਿੱਤਾ। ਲਗਦਾ ਪ੍ਰਧਾਨ ਸਾਹਿਬ ਨੂੰ ਆਪਣੀ ਕੁਰਸੀ ਦਾ ਹੰਕਾਰ ਹੀ ਬੜਾ ਹੈ। ਉਹ ਸ਼ਾਇਦ ਭੁੱਲ ਗਏ ਹਨ ਕਿ ਦਸਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਪੰਜ ਪਿਆਰਿਆਂ ਦਾ ਹੁਕਮ ਮੰਨਿਆ ਸੀ ਤੇ ਉਹ ਹਮੇਸ਼ਾਂ ਉਹਨਾਂ ਦਾ ਸਤਿਕਾਰ ਕਰਦੇ ਸਨ। ਪ੍ਰਧਾਨ ਵੱਲੋਂ ਪੰਜ ਪਿਆਰਿਆਂ ਨੂੰ ਬਹਿਣ ਲਈ ਢੁਕਵੀਂ ਥਾਂ ਤੱਕ ਨਾ ਦਿੱਤੀ ਗਈ। ਲਗਭਗ ਇੱਕ ਘੰਟਾ ਪੰਜੇ ਸਿੰਘ ਵਿਹੜੇ ਚ ਬੈਠੇ ਰਹੇ ਪਰ ਪ੍ਰਧਾਨ ਸਾਬ ਨੇ ਉਨ੍ਹਾਂ ਨੂੰ ਮਿਲਣਾ ਵੀ ਉਚਿਤ ਨਾ ਸਮਝਿਆ। ਵਾਪਸ ਜਾਣ ਲੱਗੇ ਵੀ ਉਹਨਾਂ ਸ਼ਾਇਦ ਇਹ ਮੁਨਾਸਿਬ ਨਾ ਸਮਝਿਆ ਕੇ ਸਤਿਕਾਰ ਸਹਿਤ ਪੰਜ ਪਿਆਰਿਆਂ ਨੂੰ ਬਾਹਰ ਤੱਕ ਹੀ ਛੱਡਣ ਆ ਜਾਂਦੇ। ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਂ ਪਿਆਰਿਆਂ ਨੂੰ ਇੰਜ ਅਣਗੌਲਿਆਂ ਕਰ ਗੁਰ ਮਰਿਆਦਾ ਦੀ ਉਲੰਘਣਾ ਕੀਤੀ ਹੈ।
ਪ੍ਰਧਾਨ ਸਾਹਿਬ ਕਿਸੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ ਕਿ ਉਨ੍ਹਾਂ ਦੇ ਕੀ ਕੀ ਫਰਜ਼ ਬਣਦੇ ਹਨ ਤੇ ਉਹ ਕਰ ਕੀ ਰਹੇ ਹਨ। ਜਥੇਦਾਰ ਸੇਖਵਾਂ ਨੇ ਕਿਹਾ ਕਿ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਆਪਣੀ ਕੁਰਸੀ ਦਾ ਐਨਾ ਹੰਕਾਰ ਨਾ ਕਰਨ। ਇਹ ਅਹੁਦੇ ਇਹ ਕੁਰਸੀਆਂ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਪਰ ਇਹਨਾਂ ਅਹੁਦਿਆਂ ਤੇ ਰਹਿਕੇ ਚੰਗੇ ਜਾਂ ਮਾੜੇ ਕੀਤੇ ਕੰਮ ਸੰਗਤ ਦੇ ਸਦਾ ਯਾਦ ਰਹਿੰਦੇ ਹਨ। ਸ. ਗੋਬਿੰਦ ਸਿੰਘ ਲੌਂਗੋਵਾਲ ਨੂੰ ਆਪਣਾ ਜ਼ਮੀਰ ਜਗਾ ਕੇ ਆਪਣੇ ਫਰਜ਼ ਦੀ ਪਹਿਚਾਣ ਕਰ ਕੌਮ ਦੇ ਅਜਿਹੇ ਭਾਵਨਾਤਮਕ ਮਸਲਿਆਂ ਦਾ ਸੁਹਿਰਦਤਾ ਨਾਲ ਹੱਲ ਕਰਨਾ ਚਾਹੀਦਾ ਹੈ। ਅਖੀਰ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਸਦਾ ਕੌਮ ਦੇ ਮਸਲਿਆਂ ਲਈ ਡਟ ਕੇ ਲੜਦਾ ਰਹੇਗਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…