
ਜ਼ੁਰਮਾਂ ਨੂੰ ਠੱਲ੍ਹ ਪਾਉਣ ਲਈ ਉਤਰੀ ਰਾਜਾਂ ਦੀ ਪੁਲੀਸ ਦਾ ਆਪਸੀ ਤਾਲਮੇਲ ਜ਼ਰੂਰੀ: ਡੀਜੀਪੀ ਸੁਰੇਸ਼ ਅਰੋੜਾ
ਗੈਂਗਸਟਰਾਂ ਤੇ ਨਸ਼ਾ ਤਸਕਰਾਂ ਸਬੰਧੀ ਦੁਵੱਲੀ ਸੂਚਨਾ ਅਦਾਨ-ਪ੍ਰਦਾਨ ਕਰਨ ਲਈ 8 ਰਾਜ ਸਹਿਮਤ
ਪੁਲੀਸ ਅਧਿਕਾਰੀਆਂ ਦੀ ਅੰਤਰ-ਰਾਜੀ ਮੀਟਿੰਗ ਦੌਰਾਨ ਸਾਂਝਾ ਗਰੁੱਪ ਗਠਿਤ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਜੂਨ:
ਉਤਰੀ ਰਾਜਾਂ ਵਿਚ ਵੱਧ ਰਹੇ ਅਪਰਾਧਾਂ ’ਤੇ ਠੱਲ ਪਾਉਣ ਲਈ ਅੱਠ ਰਾਜਾਂ ਦੀ ਹੋਈ ਅੰਤਰਰਾਜੀ ਪੁਲਿਸ ਮੀਟਿੰਗ ਦੌਰਾਨ ਅਪਰਾਧੀਆਂ, ਨਸ਼ਾ ਤਸਕਰਾਂ, ਇਸ਼ਤਿਹਾਰੀ ਭਗੌੜਿਆਂ ਅਤੇ ਪੇਸ਼ੇਵਰ ਅਪਰਾਧੀਆਂ ਦੀਆਂ ਗਤੀਵਿਧੀਆਂ ’ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਜ਼ਰ ਰੱਖਣ ਅਤੇ ਸਬੰਧਿਤ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰਦੇ ਹੋਏ ਸਾਂਝੇ ਤੌਰ ‘ਤੇ ਇਕ ਡਾਟਾਬੇਸ ਤਿਆਰ ਕਰਨ ਲਈ ਸਹਿਮਤੀ ਹੋਈ। ਅੱਜ ਇੱਥੇ ਪੰਜਾਬ ਪੁਲਿਸ ਹੈਡਕੁਆਰਟਰ ਵਿਖੇ ਸ਼੍ਰੀ ਰੋਹਿਤ ਚੌਧਰੀ ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਦੀ ਅਗਵਾਈ ਹੇਠ ਹੋਈ ਇਸ ਪਲੇਠੀ ਮੀਟਿੰਗ ਵਿਚ ਅੱਠ ਰਾਜਾਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਭਾਗ ਲਿਆ।
ਸ੍ਰੀ ਚੌਧਰੀ ਨੇ ਇਸ ਮੀਟਿੰਗ ਨੂੰ ਬਹੁਤ ਫਾਇਦੇਮੰਦ ਦੱਸਦਿਆਂ ਕਿਹਾ ਕਿ ਇਸ ਮੀਟਿੰਗ ਵਿੱਚ ਅਧਿਕਾਰੀਆਂ ਨੇ ਵੱਖ-ਵੱਖ ਤਰ੍ਹਾਂ ਦੇ ਅਪਰਾਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਅਪਰਾਧੀਆਂ ਨੂੰ ਕਾਬੂ ਕਰਨ ਸਬੰਧੀ ਸੁਝਾਅ ਰੱਖੇ। ਇਸ ਦੌਰਾਨ ਸਬੰਧਿਤ ਰਾਜਾਂ ਨੇ ਹਰ ਤਿੰਨ ਮਹੀਨੇ ਬਾਅਦ ਇਕ ਸਾਂਝੀ ਮੀਟਿੰਗ ਕਰਨ ਦਾ ਵੀ ਸਿਧਾਂਤਕ ਫ਼ੈਸਲਾ ਲਿਆ। ਮੀਟਿੰਗ ਵਿਚ ਹਾਜਰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਪੁਲਿਸ ਦੇ ਮੁਖੀ ਸ਼੍ਰੀ ਸੁਰੇਸ਼ ਅਰੋੜਾ ਡੀ.ਜੀ.ਪੀ. ਪੰਜਾਬ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਵੱਖ-ਵੱਖ ਰਾਜਾਂ ਅਤੇ ਏਜੰਸੀਆਂ ਦੇ ਪੁਲਿਸ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਉਤਰੀ ਰਾਜਾਂ ਵਿਚ ਅਮਨ, ਕਾਨੂੰਨ ਅਤੇ ਵਿਵਸਥਾ ਕਾਇਮ ਕਰਨਾ ਹੈ। ਅੰਤਰ-ਰਾਜੀ ਮੀਟਿੰਗ ਦੀ ਮਹੱਤਤਾ ਬਾਰੇ ਬੋਲਦਿਆਂ ਡੀ.ਜੀ.ਪੀ. ਨੇ ਕਿਹਾ ਕਿ ਖੁਫ਼ੀਆ ਸੂਚਨਾਵਾਂ ਦੇ ਅਦਾਨ-ਪ੍ਰਦਾਨ ਅਤੇ ਸਾਂਝੀਆਂ ਕੋਸ਼ਿਸ਼ਾਂ ਨਾਲ ਰਾਜਾਂ ਅੰਦਰ ਜਿੱਥੇ ਵੱਖ-ਵੱਖ ਤਰ੍ਹਾਂ ਦੇ ਅਣਸੁਲਝੇ ਕੇਸਾਂ ਨੂੰ ਹੱਲ ਕਰਨ ਵਿਚ ਮੱਦਦ ਮਿਲੇਗੀ ਉਥੇ ਅਪਰਾਧੀਆਂ, ਨਸ਼ਾ ਤਸਕਰਾਂ, ਭਗੌੜੇ ਮੁਜ਼ਰਮਾਂ ਨੂੰ ਕਾਬੂ ਕਰਨਾ ਸੁਖਾਲਾ ਹੋ ਸਕੇਗਾ।
ਸ੍ਰੀ ਰੋਹਿਤ ਚੌਧਰੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਜਿੱਥੇ ਜਾਣਕਾਰੀ ਨੂੰ ਸਾਂਝਾ ਕਰਨ ਅਤੇ ਅਪਰਾਧੀਆਂ, ਨਸ਼ਾ ਤਸਕਰਾਂ ਅਤੇ ਪੇਸ਼ੇਵਰ ਮੁਜ਼ਰਮਾਂ ਦਾ ਸਾਂਝਾ ਡਾਟਾਬੇਸ ਬਣਾਉਣ ਤੋਂ ਇਲਾਵਾ ਖੁਫ਼ੀਆ ਸੂਚਨਾਵਾਂ ‘ਤੇ ਢੁੱਕਵੀਂ ਅਤੇ ਤੁਰੰਤ ਕਾਰਵਾਈ ਕਰਨ ਵਰਗੇ ਮਹੱਤਵਪੂਰਣ ਮੁੱਦਿਆਂ ’ਤੇ ਵੀ ਵਿਚਾਰਾਂ ਹੋਈਆਂ। ਉਨਾਂ ਕਿਹਾ ਕਿ ਇਹ ਮੀਟਿੰਗ ਹਰ ਤਿਮਾਹੀ ਪਿੱਛੋਂ ਹੋਵੇਗੀ। ਇਸ ਮੀਟਿੰਗ ਵਿਚ ਕੁਲਦੀਪ ਸਿੰਘ ਆਈ.ਜੀ./ਰਾਜ ਅਪਰਾਧ ਸ਼ਾਖਾ ਹਰਿਆਣਾ, ਰਾਮ ਕੁਮਾਰ ਆਈ.ਜੀ. ਮੇਰਠ. ਯੂ.ਪੀ, ਸ਼੍ਰੀਮਤੀ ਰਿਧਿਮ ਅਗਰਵਾਲ ਐਸ.ਐਸ.ਪੀ./ਐਸ.ਟੀ.ਐਫ ਉਤਰਾਖੰਡ, ਹਰੇਂਦਰਾ ਕੁਮਾਰ ਐਸ.ਪੀ/ਸ੍ਰੀਗੰਗਾਨਗਰ ਰਾਜਸਥਾਨ, ਡਾ. ਖੁਸ਼ਾਲ ਸ਼ਰਮਾ ਐਸ.ਪੀ/ਅਮਨ ਤੇ ਕਾਨੂੰਨ ਹਿਮਾਚਲ ਪ੍ਰਦੇਸ਼, ਮਧੁਰ ਵਰਮਾ ਡੀ.ਸੀ.ਪੀ/ਕਰਾਈਮ ਨਵੀਂ ਦਿੱਲੀ, ਆਰ.ਕੇ. ਜੈੋਸਵਾਲ ਆਈ.ਜੀ./ਐਸ.ਟੀ.ਐਫ ਪੰਜਾਬ, ਏ.ਐਸ ਰਾਏ ਆਈ.ਜੀ. ਪਟਿਆਲਾ ਜੋਨ, ਗੋਤਮ ਚੀਮਾ ਆਈ.ਜੀ./ਅਮਨ ਤੇ ਕਾਨੂੰਨ ਪੰਜਾਬ, ਪਵਨ ਕੁਮਾਰ ਡੀ.ਐਸ.ਪੀ/ਕਰਾਈਮ ਬਰਾਂਚ ਚੰਡੀਗੜ੍ਹ, ਅਸ਼ੋਕ ਕੁਮਾਰ ਡੀ.ਸੀ.ਪੀ ਪੰਚਕੁਲਾ, ਜੇ.ਪੀ. ਜੱਸੂ ਵਧੀਕ ਡਾਇਰੈਕਟਰ ਐਸ.ਆਈ.ਬੀ ਚੰਡੀਗੜ੍ਹ, ਅਸ਼ੀਸ਼ ਚੌਧਰੀ ਡੀ.ਆਈ.ਜੀ ਬਠਿੰਡਾ ਰੇਂਜ, ਡਾ. ਨਾਨਕ ਸਿੰਘ ਐਸ.ਐਸ.ਪੀ. ਫਰੀਦਕੋਟ, ਡਾ. ਕੇਤੁਨ.ਬੀ.ਪਾਟਿਲ ਐਸ.ਐਸ.ਪੀ. ਫਾਜ਼ਿਲਕਾ ਅਤੇ ਕੁਲਦੀਪ ਸਿੰਘ ਚਾਹਲ ਐਸ.ਐਸ.ਪੀ, ਐਸ.ਏ.ਐਸ. ਨਗਰ ਸ਼ਾਮਲ ਸਨ।