ਡੇਂਗੂ ਰੋਕਥਾਮ ਲਈ ਮੈਦਾਨ ਵਿੱਚ ਉੱਤਰੀ ਸਿਹਤ ਵਿਭਾਗ ਦੀ ਟੀਮ

‘ਹਰ ਸ਼ੁੱਕਰਵਾਰ-ਡੇਂਗੂ ’ਤੇ ਵਾਰ’: ਮੁਹਾਲੀ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਘਰਘਰ ਕੀਤੀ ਜਾਂਚ

ਜ਼ਿਲ੍ਹਾ ਮੁਹਾਲੀ ਨੂੰ ਡੇਂਗੂ-ਮੁਕਤ ਬਣਾਉਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ: ਸਿਵਲ ਸਰਜਨ

ਨਬਜ਼-ਏ-ਪੰਜਾਬ, ਮੁਹਾਲੀ, 25 ਅਗਸਤ:
ਪੰਜਾਬ ਦੇ ਲਗਪਗ ਸਾਰੇ ਮੰਤਰੀਆਂ ਦੇ ਘਰਾਂ ਵਿੱਚ ਡੇਂਗੂ ਦ ਲਾਰਵਾ ਮਿਲਣ ਤੋਂ ਬਾਅਦ ਸਿਹਤ ਵਿਭਾਗ ਚੌਕੰਨਾ ਹੋ ਗਿਆ ਹੈ ਅਤੇ ਅੱਜ ਮੁਹਾਲੀ ਜ਼ਿਲ੍ਹੇ ਵਿੱਚ ਡੇਂਗੂ ਦੀ ਰੋਕਥਾਮ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਉਂਦਿਆਂ ਸੀਨੀਅਰ ਅਧਿਕਾਰੀ ਮੈਦਾਨ ਵਿੱਚ ਉੱਤਰੇ। ‘ਹਰ ਸ਼ੁੱਕਰਵਾਰ-ਡੇਂਗੂ ’ਤੇ ਵਾਰ ਮੁਹਿੰਮ’ ਤਹਿਤ ਵੱਖ-ਵੱਖ ਥਾਵਾਂ ’ਤੇ ਘਰ-ਘਰ ਜਾ ਕੇ ਡੇਂਗੂ ਲਾਰਵੇ ਦੀ ਜਾਂਚ ਕੀਤੀ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਸਪਰੇਅ ਅਤੇ ਜਾਗਰੂਕਤਾ ਮੁਹਿੰਮ ਦਾ ਨਿਰੀਖਣ ਕੀਤਾ। ਇਸ ਦੌਰਾਨ ਕਾਫ਼ੀ ਥਾਵ ’ਤੇ ਡੇਂਗੂ ਦਾ ਲਾਰਵਾ ਮਿਲਿਆ। ਜਿਨ੍ਹਾਂ ਦੇ ਮੌਕੇ ’ਤੇ ਹੀ ਚਲਾਨ ਕੀਤੇ ਗਏ।
ਸਿਵਲ ਸਰਜਨ ਡਾ. ਮਹੇਸ਼ ਆਹੂਜਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਨੂੰ ਡੇਂਗੂ ਤੋਂ ਮੁਕਤ ਬਣਾਉਣ ਲਈ ਅੱਜ ਜ਼ਿਲ੍ਹਾ ਪੱਧਰੀ ਜਾਂਚ ਮੁਹਿੰਮ ਵਿੱਢੀ ਗਈ। ਉਨ੍ਹਾਂ ਕਿਹਾ ਕਿ ਡੇਂਗੂ ਲਾਰਵੇ ਦੇ ਖ਼ਾਤਮੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਹਰੇਕ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਗਰਾਉਂਡ ਜ਼ੀਰੋ ’ਤੇ ਕੰਮ ਕਰਨਗੇ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਰਕਰਾਂ ਦੀਆਂ ਟੀਮਾਂ ਘਰਾਂ ਅਤੇ ਹੋਰ ਜਨਤਕ ਥਾਵਾਂ ਜਾ ਕੇ ਕੂਲਰਾਂ, ਫ਼ਰਿੱਜਾਂ ਦੀਆਂ ਟਰੇਆਂ, ਗਮਲਿਆਂ, ਖ਼ਾਲੀ ਪਏ ਟਾਇਰਾਂ, ਬਕਸਿਆਂ ਅਤੇ ਹੋਰ ਸਮਾਨ ਦੀ ਲਗਾਤਾਰ ਜਾਂਚ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਡੇਂਗੂ ਬੁਖ਼ਾਰ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦੇ ਰਹੀਆਂ ਹਨ।
ਡਾ. ਆਹੂਜਾ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਜੇ ਕੋਈ ਸ਼ੱਕੀ ਡੇਂਗੂ ਪੀੜਤ ਹੈ ਤਾਂ ਉਹ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਜਾ ਕੇ ਜਾਂਚ ਕਰਵਾਏ। ਜਿੱਥੇ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
(ਡੱਬੀ)
ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿੱਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿੱਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜ੍ਹਿਆਂ ’ਚੋਂ ਖ਼ੂਨ ਵਗਣਾ, ਜੀਅ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਸ਼ਾਮਲ ਹੈ। ਡੇਂਗੂ ਫੈਲਾਉਣ ਵਾਲੇ ਮੱਛਰ ਖੜ੍ਹੇ ਸਾਫ਼ ਪਾਣੀ ਵਿੱਚ ਪਲਦੇ ਹਨ। ਜਿਵੇਂ ਕੂਲਰ, ਪਾਣੀ ਦੀਆਂ ਟੈਂਕੀਆਂ, ਫੁੱਲਾਂ ਦੇ ਗਮਲਿਆਂ, ਫ਼ਰਿੱਜਾਂ ਪਿੱਛੇ ਲੱਗੀ ਟਰੇਅ, ਟੁੱਟੇ-ਭੱਜੇ/ਸੁੱਟੇ ਭਾਂਡਿਆਂ, ਖ਼ਾਲੀ ਟਾਇਰਾਂ ਅਤੇ ਪਾਣੀ ਵਾਲੇ ਢੋਲਾਂ ਵਿੱਚ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਹੈ।

Load More Related Articles

Check Also

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਨਬਜ਼-ਏ-ਪੰਜਾਬ, ਮ…