ਕੋਵਿਡ ਕੇਅਰ ਸੈਂਟਰ ਬਣਾਉਣ ਲਈ ਹਰ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾ ਸਕਦੀ: ਡੀਸੀ ਗਿਰੀਸ਼ ਦਿਆਲਨ

ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡਾਂ ਤੇ ਸੰਚਾਲਨ ਪ੍ਰਕਿਰਿਆ ਅਧੀਨ ਹੀ ਲੈਵਲ-2 ਸੰਸਥਾਵਾਂ ਨੂੰ ਕੀਤਾ ਜਾ ਸਕਦਾ ਹੈ ਸਥਾਪਿਤ

ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਗੈਰ ਸਰਕਾਰੀ ਸੰਸਥਾਵਾਂ ਮਿਲਜੁਲ ਕੇ ਸਾਂਝੇ ਸਾਧਨਾਂ ਦੀ ਵਰਤੋਂ ਕਰਨ: ਡੀਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਕੋਵਿਡ ਕੇਅਰ ਸਹੂਲਤਾਂ ਸਥਾਪਿਤ ਕਰਨ ਲਈ ਸੰਚਾਲਨ ਪ੍ਰਕਿਰਿਆ ਅਤੇ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ ਅਤੇ ਅਜਿਹੇ ਸੈਂਟਰਾਂ ਦੀ ਸਥਾਪਨਾ ਸਮੇਂ ਨਿਰਧਾਰਿਤ ਪ੍ਰੋਟੋਕਾਲਾਂ/ਮਾਪਦੰਡਾਂ ਦੀ ਪਾਲਣਾ ਨਾ ਕਰਨਾ ਵਧੇਰੇ ਨੁਕਸਾਨਦੇਹ ਹੋ ਸਕਦਾ ਹੈ। ਇਹ ਪ੍ਰਗਟਾਵਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਮਾਜ ਸੇਵੀ, ਛੋਟੇ ਹਸਪਤਾਲ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਧਾਰਮਿਕ ਸੰਸਥਾਵਾਂ ਅਤੇ ਗੈਰ ਸਰਕਾਰੀ ਸੰਗਠਨਾਂ ਨੇ ਕੋਵਿਡ ਦੇ ਖ਼ਤਰੇ ਨਾਲ ਨਜਿੱਠਣ ਲਈ ਲੈਵਲ-1 ਅਤੇ ਲੈਵਲ-2 ਕੋਵਿਡ ਕੇਅਰ ਸੈਂਟਰ ਸਥਾਪਿਤ ਕਰਨ ਦੀ ਪੇਸ਼ਕਸ਼ ਕੀਤੀ ਹੈ ਪ੍ਰੰਤੂ ਹਰ ਕਿਸੇ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਕੁਝ ਲਾਜ਼ਮੀ ਮਾਪਦੰਡਾਂ ਅਧੀਨ ਇੱਕ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤੀ ਜਾ ਸਕਦਾ ਹੈ।
ਡੀਸੀ ਨੇ ਦੱਸਿਆ ਕਿ ਡਾਕਟਰ ਸਮੇਤ ਲੋੜੀਂਦਾ ਸਟਾਫ਼, ਪੈਰਾ ਮੈਡੀਕਲ ਦੀ 24 ਘੰਟੇ ਉਪਲਬਧਤਾ, ਦਵਾਈ, ਭੋਜਨ ਸਪਲਾਈ, ਬੁਨਿਆਦੀ ਢਾਂਚਾ ਜਿਵੇਂ ਬੈੱਡ, ਪੱਖੇ, ਵਾਸ਼ਰੂਮ, ਲੱਛਣਾਂ/ਬਿਨਾਂ ਲੱਛਣ ਵਾਲੇ ਮਰੀਜ਼ਾਂ (ਪੁਰਸ਼ਾਂ ਅਤੇ ਅੌਰਤਾਂ ਲਈ ਵੱਖੋ-ਵੱਖਰੇ ਕਮਰੇ), 24 ਘੰਟੇ ਬਿਜਲੀ-ਪਾਣੀ, ਐਂਬੂਲੈਂਸ, ਰੋਗਾਣੂ/ਕੀਟਾਣੂ-ਰਹਿਤ ਥਾਂ ਅਤੇ ਕੂੜੇ ਦੇ ਪ੍ਰਬੰਧਨ ਲਈ ਸਹੂਲਤ, ਮਰੀਜ਼ ਨੂੰ ਉੱਚ ਇਲਾਜ ਮੁਹੱਈਆ ਕਰਵਾਉਣ ਲਈ ਘੱਟੋ-ਘੱਟ ਦੋ ਲੈਵਲ-2 ਜਾਂ ਲੈਵਲ-3 ਸਹੂਲਤਾਂ ਦਾ ਹੋਣਾ ਬਾਬਤ ਲਾਜ਼ਮੀ ਹੈ। ਇਸ ਤੋਂ ਇਲਾਵਾ ਪੀਪੀ ਕਿਟ ਦੀ ਡੌਨਿੰਗ/ਡੌਫਿੰਗ ਖੇਤਰ, ਆਕਸੀਜਨ ਸਪਲਾਈ, ਵੈਂਟੀਲੇਟਰ, ਕੰਟਰੋਲ ਰੂਮ, ਸਟਾਫ਼ ਦੀ ਮੁੱਢਲੀ ਸਿਖਲਾਈ, ਐਮਰਜੈਂਸੀ ਬੇਅ ਤੋਂ ਇਲਾਵਾ ਲੈਵਲ 1/ਲੈਵਲ 2 ਕੋਵਿਡ ਕੇਅਰ ਸਹੂਲਤਾਂ ਸਥਾਪਤ ਕਰਨ ਲਈ ਕੁਝ ਮੁੱਢਲੀਆਂ ਜ਼ਰੂਰਤਾਂ ਹੁੰਦੀਆਂ ਹਨ ਅਤੇ ਇਹ ਲੋੜਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਕੋਵਿਡ ਕੇਅਰ ਸਹੂਲਤ ਮੁਹੱਈਆ ਕਰਵਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਸ੍ਰੀ ਦਿਆਲਨ ਨੇ ਕਿਹਾ ਕਿ ਸਾਰੀਆਂ ਲੋੜੀਂਦੀਆਂ ਜ਼ਰੂਰਤਾਂ ਦਾ ਇਕ ਵਿਅਕਤੀ ਵੱਲੋਂ ਪੂਰਾ ਕਰਨਾ ਮੁਸ਼ਕਲ ਹੈ। ਨਿਰਧਾਰਿਤ ਮਾਪਦੰਡਾਂ/ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨਾ ਸਿਹਤ ਸੰਭਾਲ ਡਿਲਿਵਰੀ ਪ੍ਰਣਾਲੀ ਲਈ ਸੰਭਾਵਿਤ ਤੌਰ ’ਤੇ ਨੁਕਸਾਨਦੇਹ ਹੋ ਸਕਦਾ ਹੈ ਅਤੇ ਇਸ ਨਾਲ ਕੋਵਿਡ ਦਾ ਫੈਲਾਅ ਮੌਜੂਦਾ ਦਰ ਨਾਲੋਂ ਕਈ ਗੁਣਾ ਵੱਧ ਸਕਦਾ ਹੈ। ਲਿਹਾਜ਼ਾ ਇੱਛੁਕ ਗੈਰ ਸਰਕਾਰੀ ਸੰਸਥਾਵਾਂ ਰਲ ਕੇ ਸਾਂਝੇ ਸਾਧਨਾਂ ਦੀ ਵਰਤੋਂ ਕਰਨ ਅਤੇ ਇੱਕ ਸਾਂਝੇ ਉੱਦਮ ਵਜੋਂ ਇਕ ਕੋਵਿਡ ਕੇਅਰ ਸੈਂਟਰ ਚਲਾ ਸਕਦੀਆਂ ਹਨ ਪਰ ਇਸ ਬਾਬਤ ਜ਼ਿਲ੍ਹਾ ਪ੍ਰਸ਼ਾਸਨ/ਸਿਹਤ ਵਿਭਾਗ ਦੀ ਟੀਮ ਪਾਸੋਂ ਜਾਂਚ ਅਤੇ ਸਰਟੀਫਿਕੇਸ਼ਨ ਕਰਵਾਉਣਾ ਲਾਜ਼ਮੀ ਹੈ। ਇਸ ਮੌਕੇ ਏਡੀਸੀ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਅਤੇ ਏਡੀਸੀ (ਵਿਕਾਸ) ਰਾਜੀਵ ਗੁਪਤਾ ਵੀ ਮੌਜੂਦ ਸਨ।
(ਬਾਕਸ ਆਈਟਮ)
ਡੀਸੀ ਗਿਰੀਸ਼ ਦਿਆਲਨ ਨੇ ਕਿਹਾ ਕਿ ਬਿਨਾਂ ਸ਼ੱਕ ਪ੍ਰਾਈਵੇਟ ਹਸਪਤਾਲ ਮਹਾਮਾਰੀ ਨਾਲ ਨਜਿੱਠਣ ਲਈ ਵਡਮੁੱਲਾ ਯੋਗਦਾਨ ਪਾ ਰਹੇ ਹਨ ਪ੍ਰੰਤੂ ਕੁੱਝ ਪ੍ਰਾਈਵੇਟ ਹਸਪਤਾਲ ਅਜਿਹੇ ਵੀ ਹਨ, ਜਿਨ੍ਹਾਂ ਕੋਲ ਕੋਵਿਡ ਬੈੱਡ ਘੱਟ ਹੋਣ ਦੇ ਬਾਵਜੂਦ ਆਕਸੀਜਨ ਦੀ ਵੱਧ ਡਿਮਾਂਡ ਕਰ ਰਹੇ ਹਨ, ਜੋ ਸਰਾਸਰ ਗਲਤ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਫਿਲਹਾਲ ਅਜਿਹੇ ਹਸਪਤਾਲਾਂ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ। ਆਕਸੀਜਨ ਦੀ ਮੰਗ ਅਤੇ ਸਮੱਸਿਆ ਦੇ ਹੱਲ ਲਈ ਟੀਮਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਭਾਰਤੀ ਫੌਜ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
(ਬਾਕਸ ਆਈਟਮ)
ਡੀਸੀ ਗਿਰੀਸ਼ ਦਿਆਲਨ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਵੀ ਕਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਸੈਂਪਲ ਲੈਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇਗੀ। ਇਸ ਸਬੰਧੀ ਗਰਾਮ ਪੰਚਾਇਤਾਂ, ਯੂਥ ਕਲੱਬਾਂ ਦਾ ਸਹਿਯੋਗ ਲਿਆ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੇ ਸੈਂਪਲ ਲੈ ਕੇ ਪੀੜਤਾਂ ਦਾ ਇਲਾਜ ਕੀਤਾ ਜਾ ਸਕੇ।
(ਬਾਕਸ ਆਈਟਮ)
ਮੌਜੂਦਾ ਸਮੇਂ ਵਿੱਚ ਸ਼ਮਸ਼ਾਨਘਾਟਾਂ ਵਿੱਚ ਮ੍ਰਿਤਕ ਦੇਹਾਂ ਦੇ ਸਸਕਾਰ ਦੀ ਗਿਣਤੀ ਕਾਫ਼ੀ ਵਧ ਗਈ ਹੈ। ਕਰੋਨਾ ਪੀੜਤਾਂ ਦੇ ਨਾਲ-ਨਾਲ ਆਮ ਲੋਕਾਂ ਦੇ ਸਸਕਾਰ ਵੀ ਕਾਫ਼ੀ ਹੋ ਰਹੇ ਹਨ। ਮੁਹਾਲੀ ਵਿੱਚ ਪਹਿਲਾਂ ਮਹੀਨੇ ਵਿੱਚ ਦਰਜਨ ਕੁ ਸਸਕਾਰ ਹੁੰਦੇ ਸਨ ਪ੍ਰੰਤੂ ਹੁਣ ਰੋਜ਼ਾਨਾ 12 ਤੋਂ 15 ਸਸਕਾਰ ਹੋ ਰਹੇ ਹਨ। ਇਸ ਸਬੰਧੀ ਡੀਸੀ ਨੇ ਕਿਹਾ ਕਿ ਲੋਕਾਂ ਦੇ ਸ਼ੰਕੇ ਦੂਰ ਕਰਨ ਲਈ ਸ਼ੱਕ ਦੇ ਆਧਾਰ ’ਤੇ ਮ੍ਰਿਤਕ ਦੇਹਾਂ ਦੇ ਕਰੋਨਾ ਟੈਸਟ ਲਈ ਸੈਂਪਲ ਲਏ ਜਾਣ ਬਾਰੇ ਵਿਚਾਰ ਕੀਤਾ ਜਾਵੇਗਾ।

Load More Related Articles

Check Also

ਦਸਵੀਂ ਜਮਾਤ: ਸਰਕਾਰੀ ਗਰਲਜ਼ ਸਕੂਲ ਸੋਹਾਣਾ ਦੀਆਂ ਵਿਦਿਆਰਥਣਾਂ ਦਾ ਸਨਮਾਨ

ਦਸਵੀਂ ਜਮਾਤ: ਸਰਕਾਰੀ ਗਰਲਜ਼ ਸਕੂਲ ਸੋਹਾਣਾ ਦੀਆਂ ਵਿਦਿਆਰਥਣਾਂ ਦਾ ਸਨਮਾਨ ਨਬਜ਼-ਏ-ਪੰਜਾਬ, ਮੁਹਾਲੀ, 17 ਮਈ: ਸ…