Share on Facebook Share on Twitter Share on Google+ Share on Pinterest Share on Linkedin ‘ਈ.ਡੀ. ਜਾਂ ਕਿਸੇ ਹੋਰ ਤੋਂ ਨਹੀਂ ਡਰਦਾ’, ਕੈਪਟਨ ਅਮਰਿੰਦਰ ਸਿੰਘ ਦਾ ਐਲਾਨ ਕਿਹਾ ਕਿ ਉਹ ਬਾਦਲਾਂ ਕਰ ਕੇ ਪਿਛਲੇ 13 ਵਰਿਆਂ ਤੋਂ ਅਦਾਲਤਾਂ ਵਿੱਚ ਜਾ ਰਹੇ ਹਨ ਤੇ ਹੋਰ 13 ਵਰਿਆਂ ਲਈ ਵੀ ਜਾਣ ਵਾਸਤੇ ਤਿਆਰ ਹਨ ਸਵਾਲ ਕੀਤਾ ‘ਨਹੀਂ ਜਾਣਦਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਣ ਕਿਉਂ ਮਿਲਿਆ’, ਪੁੱਛਿਆ ‘ਕੀ ਹਰਸਿਮਰਤ ਅਨਪੜ ਹੈ?’ ‘ਕੇਜਰੀਵਾਲ ਨੂੰ ਝੂਠ ਬੋਲਣ ਦੀ ਆਦਤ ਹੈ ਅਤੇ ਖੱਟਰ ਨੂੰ ਕੁੱਟਣ ਦੀ’, ਦਿੱਲੀ ਦੇ ਮੁੱਖ ਮੰਤਰੀ ਵੱਲੋਂ ਉਨਾਂ ਦੀਆਂ ਕੌਮੀ ਸੁਰੱਖਿਆ ਸਬੰਧੀ ਟਿੱਪਣੀਆਂ ਤੋੜ ਮਰੋੜ ਕੇ ਪੇਸ਼ ਕਰਨ ਦੀ ਕੀਤੀ ਆਲੋਚਨਾ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 4 ਦਸੰਬਰ: ਸੂਬੇ ਦੀਆਂ ਸਮੂਹ ਵਿਰੋਧੀ ਪਾਰਟੀਆਂ ਨੂੰ ਆਪਣੇ ਹਿੱਤਾਂ ਦੀ ਪੂਰਤੀ ਲਈ ਕਿਸਾਨਾਂ ਦੀਆਂ ਜ਼ਿੰਦਗੀਆਂ ਨੂੰ ਸਿਆਸਤ ਹਿੱਤ ਵਰਤਣ ਲਈ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਈ.ਡੀ. ਜਾਂ ਕਿਸੇ ਹੋਰ ਤੋਂ ਨਹੀਂ ਡਰਦੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਅਤੇ ਸਾਰੀ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਮੋਢਾ ਡਾਹ ਕੇ ਖੜੀ ਹੈ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਗੱਲ ਸੁਣੇ ਅਤੇ ਉਨਾਂ ਦੀਆਂ ਮੰਗਾਂ ਮੰਨੇ। ਉਨਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਮਨੋਹਰ ਲਾਲ ਖੱਟਰ ਤੱਕ ਵਿਰੋਧੀ ਪਾਰਟੀਆਂ ਦੇ ਸਾਰੇ ਆਗੂਆਂ ਦੀ ਝਾੜ ਝੰਬ ਕਰਦਿਆਂ ਕਿਹਾ ਕਿ ਇਨਾਂ ਨੇ ਕਿਸਾਨਾਂ, ਜੋ ਆਪਣਾ ਹੱਕ ਲੈਣ ਲਈ ਠੰਢ ਦੇ ਮੌਸਮ ਵਿੱਚ ਸੜਕਾਂ ਉਤੇ ਡਟੇ ਹੋਏ ਹਨ, ਦੀ ਹੱਕੀ ਲੜਾਈ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਉਨਾਂ ਉਤੇ ਈ.ਡੀ. ਦੇ ਦਬਾਅ ਹੇਠ ਆਉਣ ਦੇ ਦੋਸ਼ ਦਾ ਜਵਾਬ ਦਿੰਦਿਆਂ ਕਿਹਾ, ‘‘13 ਵਰਿਆਂ ਤੱਕ ਮੈਂ ਅਦਾਲਤਾਂ ਦੇ ਚੱਕਰ ਕੱਟੇ ਹਨ ਕਿਉਂਕਿ ਬਾਦਲਾਂ ਨੇ ਮੇਰੇ ਖ਼ਿਲਾਫ਼ ਕੇਸ ਬਣਾਏ ਸਨ ਪਰ ਮੈਨੂੰ ਈ.ਡੀ. ਦੀ ਕੋਈ ਪ੍ਰਵਾਹ ਨਹੀਂ ਹੈ ਅਤੇ ਮੈਂ ਹੋਰ 13 ਵਰਿਆਂ ਤੱਕ ਅਦਾਲਤਾਂ ਦੇ ਚੱਕਰ ਕੱਟ ਕੇ ਲੜਾਈ ਲੜ ਸਕਦਾ ਹਾਂ।’’ ਉਨਾਂ ਅੱਗੇ ਕਿਹਾ, ‘‘ਸਾਰੇ ਬਾਦਲ ਇਕੋ ਜਿਹੇ ਹਨ ਅਤੇ ਝੂਠੇ ਹਨ।’’ ਉਨਾਂ ਅਕਾਲੀ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਝੂਠ ਬੋਲਣਾ ਬੰਦ ਕਰ ਕੇ ਸੱਚ ਕਹਿਣ ਕਿਉਂਕਿ ਲੋਕ ਇਨਾਂ ਬਾਰੇ ਚੰਗੀ ਤਰਾਂ ਜਾਣੂੰ ਹੋ ਚੁੱਕੇ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਉਨਾਂ ਨੇ ਇਹ ਕਹਿ ਦਿੱਤਾ ਸੀ ਕਿ ਪੰਜਾਬ ਵਿਧਾਨ ਸਭਾ ਵਿੱਚ ਪਾਸ ਸੋਧ ਬਿੱਲ ਕਿਸਾਨੀ ਮਸਲੇ ਦੀ ਪੇਚੀਦਗੀ ਨੂੰ ਹੱਲ ਕਰਨ ਦਾ ਸੌਖਾ ਤਰੀਕਾ ਹਨ ਕਿਉਂਕਿ ਇਹ ਸੂਬੇ ਦੇ ਭਵਿੱਖ ਦਾ ਨਿਚੋੜ ਹਨ। ਉਨਾਂ ਕਿਹਾ, ‘‘ਮੈਂ ਉਨਾਂ ਨੂੰ ਇਹ ਬਿੱਲ ਰਾਸ਼ਟਰਪਤੀ ਦੁਆਰਾ ਮਨਜ਼ੂਰ ਕਰਵਾਉਣ ਦੀ ਅਪੀਲ ਕੀਤੀ।’’ ਉਨਾਂ ਹੋਰ ਦੱਸਿਆ ਕਿ ਕੱਲ ਉਨਾਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੁਲਾਕਾਤ ਇਸ ਲੜੀ ਦੀ ਤੀਜੀ ਮੀਟਿੰਗ ਸੀ, ਜਿਸ ਦੌਰਾਨ ਦੋ ਵਾਰ ਉਨਾਂ ਪੰਜਾਬ ਦੇ ਭਲੇ ਲਈ ਗ੍ਰਹਿ ਮੰਤਰੀ ਤੱਕ ਪਹੁੰਚ ਕੀਤੀ ਅਤੇ ਇਕ ਵਾਰ ਉਨਾਂ ਨੂੰ ਗ੍ਰਹਿ ਮੰਤਰੀ ਬਣਨ ਲਈ ਵਧਾਈ ਦਿੱਤੀ। ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਦੋਹਰੇ ਮਾਪਦੰਡ ਅਪਨਾਉਣ ਲਈ ਅਕਾਲੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਫੇਸਬੁੱਕ ਉਤੇ ਲਾਈਵ ਵੀਡੀਓ ਬਿਆਨ ਦੌਰਾਨ ਕਿਹਾ ਕਿ ਬਾਦਲਾਂ ਨੇ ਇਸ ਮੁੱਦੇ ਉਤੇ ਜਨਤਕ ਤੌਰ ਉਤੇ ਪਲਟੀ ਮਾਰੀ ਹੈ। ਉਨਾਂ ਬਜ਼ੁਰਗ ਅਕਾਲੀ ਆਗੂ ਵੱਲੋਂ ਭਾਰਤ ਸਰਕਾਰ ਨੂੰ ਪਦਮ ਵਿਭੂਸ਼ਣ ਵਾਪਸ ਕੀਤੇ ਜਾਣ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ‘‘ਮੈਂ ਨਹੀਂ ਜਾਣਦਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਣ ਕਿਉਂ ਮਿਲਿਆ ਸੀ।’’ ਇਸ ਤੱਥ ਉਤੇ ਗੌਰ ਕਰਦੇ ਹੋਏ ਕਿ 1965 ਦੀ ਜੰਗ ਜਿੱਤਣ ਲਈ ਜਨਰਲ ਹਰਬਖ਼ਸ਼ ਸਿੰਘ ਨੂੰ ਪਦਮ ਵਿਭੂਸ਼ਣ ਨਾਲ ਨਿਵਾਜ਼ਿਆ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ, ‘‘ਪ੍ਰਕਾਸ਼ ਸਿੰਘ ਬਾਦਲ ਨੇ ਕਿਹੜੀ ਜੰਗ ਲੜੀ ਜਾਂ ਕੌਮ ਲਈ ਉਸ ਨੇ ਕਿਹੜੀ ਕੁਰਬਾਨੀ ਦਿੱਤੀ।’’ ਉਨਾਂ ਅੱਗੇ ਕਿਹਾ, ‘‘ਇਸ ਮੁੱਦੇ ਉਤੇ ਸਿਆਸਤ ਖੇਡਣੀ ਬੰਦ ਕਰੋ ਕਿਉਂ ਜੋ ਅਜਿਹੇ ਹਥਕੰਡੇ 40 ਵਰੇ ਪਹਿਲਾਂ ਚੱਲ ਜਾਂਦੇ ਹਨ ਸਨ ਪਰ ਹੁਣ ਨਹੀਂ।’’ ਮੁੱਖ ਮੰਤਰੀ ਨੇ ਟਿੱਪਣੀ ਕਰਦੇ ਹੋਏ ਕਿਹਾ, ‘‘ਆਪਣੀ ਸਾਰੀ ਜ਼ਿੰਦਗੀ ਪ੍ਰਕਾਸ਼ ਸਿੰਘ ਬਾਦਲ ਇਹ ਦਾਅਵਾ ਕਰਦਾ ਰਿਹਾ ਕਿ ਉਹ ਕਿਸਾਨਾਂ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਦਾ ਹੈ। ਜੇ ਅਜਿਹਾ ਸੀ ਤਾਂ ਫਿਰ ਉਸ ਦੀ ਪਾਰਟੀ ਨੇ ਪਹਿਲਾਂ ਵਿਰੋਧ ਕਰਨ ਤੋਂ ਬਾਅਦ ਕੇਂਦਰੀ ਆਰਡੀਨੈਂਸਾਂ ਦੀ ਹਮਾਇਤ ਕਿਉਂ ਕੀਤੀ ਅਤੇ ਫਿਰ ਪੂਰੀ ਤਰਾਂ ਯੂ-ਟਰਨ ਲੈਂਦੇ ਹੋਏ ਇਨਾਂ ਨੂੰ ਭੰਡਣਾ ਸ਼ੁਰੂ ਕਰ ਦਿੱਤਾ।’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਹੋਣ ਦੇ ਨਾਤੇ ਹਰਸਿਮਰਤ ਕੌਰ ਬਾਦਲ ਉਸ ਮੀਟਿੰਗ ਵਿੱਚ ਸ਼ਾਮਲ ਸੀ, ਜਿਸ ਦੌਰਾਨ ਖੇਤੀਬਾੜੀ ਆਰਡੀਨੈਂਸਾਂ ਨੂੰ ਪਾਸ ਕੀਤਾ ਗਿਆ ਸੀ। ਉਨਾਂ ਪੁੱਛਿਆ, ‘‘ਕੀ ਉਹ ਅਨਪੜ ਸੀ, ਜੋ ਪੜ ਨਹੀਂ ਸੀ ਸਕਦੀ ।’’ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਉਨਾਂ ਵੱਲੋਂ ਕੌਮੀ ਸੁਰੱਖਿਆ ਬਾਰੇ ਦਿੱਤੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਲਈ ਭੰਡਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਿਆਨ ਸਾਫ਼ ਤੌਰ ਉਤੇ ਪਾਕਿਸਤਾਨ ਦੇ ਸਬੰਧ ਵਿੱਚ ਦਿੱਤਾ ਗਿਆ ਸੀ ਅਤੇ ਪੰਜਾਬ ਦਾ ਗ੍ਰਹਿ ਮੰਤਰੀ ਹੋਣ ਦੇ ਨਾਤੇ ਇਹ ਉਨਾਂ ਦਾ ਫ਼ਰਜ਼ ਬਣਦਾ ਸੀ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਰੋਸ ਮੁਜ਼ਾਹਰਿਆਂ ਦੇ ਲੰਮੇ ਸਮੇਂ ਤੱਕ ਚੱਲਣ ਦੇ ਖ਼ਤਰਿਆਂ ਤੋਂ ਜਾਣੂੰ ਕਰਵਾਉਣ। ਮੁੱਖ ਮੰਤਰੀ ਨੇ ਕਿਸਾਨਾਂ ਦੇ ਧਰਨਿਆਂ ਸਬੰਧੀ ਚੁੱਕੇ ਗਏ ਕਦਮਾਂ ਬਾਰੇ ਹਰਿਆਣਾ ਅਤੇ ਦਿੱਲੀ ਦੇ ਆਪਣੇ ਹਮਰੁਤਬਾ ਆਗੂਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ, ‘‘ਕੇਜਰੀਵਾਲ ਨੂੰ ਝੂਠ ਬੋਲਣ ਦੀ ਆਦਤ ਹੈ ਅਤੇ ਖੱਟਰ ਨੂੰ ਕੁੱਟਣ ਦੀ।’’ ਉਨਾਂ ਕਿਹਾ ਕਿ ਖੱਟਰ ਸਰਕਾਰ ਨੇ ਤਾਂ ਬਜ਼ੁਰਗ ਕਿਸਾਨਾਂ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਨਾਂ ਖ਼ਿਲਾਫ਼ ਵੀ ਹਿੰਸਕ ਤਰੀਕੇ ਅਪਣਾਏ ਗਏ। ਇਸ ਗੱਲ ਉਤੇ ਜ਼ੋਰ ਦਿੰਦੇ ਹੋਏ ਕਿ ਕਿਸਾਨਾਂ ਨੇ ਆਪਣੇ ‘ਦਿੱਲੀ ਚੱਲੋ’ ਮਾਰਚ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ, ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਜਾਣਾ ਚਾਹੀਦਾ ਸੀ ਪਰ ਇਸ ਦੀ ਬਜਾਏ ਉਨਾਂ ਉਤੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਕੇਜਰੀਵਾਲ ਨੂੰ ਝੂਠ ਬੋਲਣ ਦੀ ਆਦਤ ਵਾਲਾ ਵਿਅਕਤੀ ਗਰਦਾਨਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਪਹਿਲਾਂ ਇਹ ਦੱਸੇ ਕਿ ਕਿਉਂ ਉਸ ਦੀ ਸਰਕਾਰ ਨੇ ਕੇਂਦਰੀ ਖੇਤੀ ਕਾਨੂੰਨਾਂ ਵਿੱਚੋਂ ਇਕ ਨੂੰ ਨੋਟੀਫਾਈ ਕਰ ਦਿੱਤਾ ਸੀ। ਉਨਾਂ ਅੱਗੇ ਕਿਹਾ, ‘‘ਜਦੋਂ ਵਿਰੋਧੀ ਪਾਰਟੀਆਂ ਦੀ ਹਕੂਮਤ ਵਾਲੇ ਹੋਰ ਸੂਬਿਆਂ ਜਿਨਾਂ ਵਿੱਚ ਰਾਜਸਥਾਨ ਅਤੇ ਛੱਤੀਸਗੜ ਸ਼ਾਮਲ ਹਨ, ਨੇ ਕੇਂਦਰੀ ਕਾਨੂੰਨਾਂ ਦਾ ਟਾਕਰਾ ਕਰਨ ਲਈ ਸੋਧ ਬਿੱਲ ਪਾਸ ਕੀਤੇ ਤਾਂ ਕੇਜਰੀਵਾਲ ਨੇ ਇਨਾਂ ਨੂੰ ਰੱਦ ਕਰਨ ਲਈ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਕਿਉਂ ਨਹੀਂ ਸੱਦਿਆ। ਕੀ ਕੇਜਰੀਵਾਲ ਨਹੀਂ ਜਾਣਦਾ ਕਿ ਦਿੱਲੀ ਦੇ ਦੁਆਲੇ ਪੇਂਡੂ ਇਲਾਕੇ ਵੀ ਵਸਦੇ ਹਨ।’’ ਇਹ ਐਲਾਨ ਕਰਦੇ ਹੋਏ ਕਿ ਜਦੋਂ ਵੀ ਉਹ ਪੰਜਾਬ ਬਾਰੇ ਬੋਲਦੇ ਹਨ ਤਾਂ ਪੂਰੇ ਦਿਲ ਨਾਲ ਬੋਲਦੇ ਹਨ, ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਲਿਆਂਦੇ ਅਤੇ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਬਿੱਲ ਭਾਰਤੀ ਸੰਵਿਧਾਨ ਦੇ ਮੁਤਾਬਕ ਹੀ ਸਨ, ਜਿਵੇਂ ਕਿ ਸਾਲ 2015 ਵਿੱਚ ਗੁਜਰਾਤ ਵਿੱਚ ਕੀਤਾ ਗਿਆ ਸੀ। ਪਹਿਲਾਂ ਤਾਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ ਉਨਾਂ ਦੀ ਸਰਕਾਰ ਦਾ ਸਾਥ ਦਿੱਤਾ ਅਤੇ ਉਨਾਂ ਦੇ ਨਾਲ ਰਾਜਪਾਲ ਨੂੰ ਮਿਲਣ ਤੱਕ ਵੀ ਗਏ ਪਰ ਬਾਅਦ ਵਿੱਚ ਸਿਆਸੀ ਲਾਹੇ ਲੈਣ ਲਈ ਇਨਾਂ ਵਿੱਚੋਂ ਕੁੱਝ ਨੇ ਯੂ-ਟਰਨ ਲੈ ਲਿਆ। ਇਹ ਸਪੱਸ਼ਟ ਕਰਦੇ ਹੋਏ ਕਿ ਦੋ ਮਹੀਨਿਆਂ ਤੱਕ ਜਦੋਂ ਕਿਸਾਨ ਪੰਜਾਬ ਵਿੱਚ ਰੇਲਵੇ ਪਟੜੀਆਂ ਉਤੇ ਧਰਨੇ ਲਾ ਕੇ ਬੈਠੇ ਸਨ ਤਾਂ ਇਕ ਵੀ ਪੱਥਰ ਨਹੀਂ ਸੁੱਟਿਆ ਗਿਆ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਸਾਡੇ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਨ ਲਈ ਅਣਥੱਕ ਘਾਲਣਾ ਘਾਲੀ ਹੈ।’’ ਉਨਾਂ ਅੱਗੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਖ਼ਿਲਾਫ਼ ਕੋਈ ਕਾਰਵਾਈ ਇਸ ਲਈ ਨਹੀਂ ਸੀ ਕੀਤੀ ਕਿਉਂਕਿ ਉਹ ਜਾਣਦੇ ਹਨ ਕਿ ਕਿਸਾਨਾਂ ਦੇ ਦਿਲ ਵਿੱਚ ਕੀ ਹੈ। ਉਨਾਂ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਭਾਰਤ ਨੂੰ ਆਤਮ ਨਿਰਭਰ ਬਣਾਇਆ ਪਰ ਹੁਣ ਜਦੋਂ ਹੋਰ ਸੂਬਿਆਂ ਨੇ ਵੀ ਕਣਕ ਅਤੇ ਝੋਨਾ ਦੀ ਪੈਦਾਵਾਰ ਸ਼ੁਰੂ ਕਰ ਦਿੱਤੀ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਅਣਗੌਲਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜੇਕਰ ਪੰਜਾਬ ਦੇ ਕਿਸਾਨ ਭਾਰਤ ਨੂੰ ਨਾ ਬਚਾਉਂਦੇ ਅਤੇ ਹਰੀ ਕਰਾਂਤੀ ਨਾ ਆਉਂਦੀ ਤਾਂ ਭਾਰਤ ਦੀ ਹਾਲਤ ਅੱਜ ਨਾਲੋਂ ਬਹੁਤ ਵੱਖਰੀ ਹੋਣੀ ਸੀ। ਉਨਾਂ ਇਹ ਵੀ ਕਿਹਾ ਕਿ ਮੁਜ਼ਾਹਰਾਕਾਰੀ ਕਿਸਾਨਾਂ ਨੂੰ ਨਾ ਸਿਰਫ਼ ਭਾਰਤੀ ਲੋਕਾਂ, ਸਗੋਂ ਵਿਦੇਸ਼ਾਂ ਤੋਂ ਵੀ ਹਮਾਇਤ ਹਾਸਲ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ