Nabaz-e-punjab.com

ਘਰ ਦੀ ਛੱਤ ’ਤੇ ਮੋਬਾਈਲ ਟਾਵਰ ਲਗਾਉਣ ਵਾਲੇ ਮਕਾਨ ਮਾਲਕ ਨੂੰ ਨੋਟਿਸ ਜਾਰੀ

ਅਕਾਲੀ ਕੌਂਸਲਰ ਜਸਬੀਰ ਕੌਰ ਦੀ ਅਗਵਾਈ ਹੇਠ ਮੁਹੱਲੇ ਦੇ ਲੋਕਾਂ ਨੇ ਕੀਤਾ ਸਖ਼ਤ ਵਿਰੋਧ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ:
ਇੱਥੋਂ ਦੇ ਸੈਕਟਰ-68 ਸਥਿਤ ਪੰਚਮ ਸੁਸਾਇਟੀ ਵਿੱਚ ਇਕ ਮਕਾਨ ਦੀ ਛੱਤ ’ਤੇ ਮੋਬਾਈਲ ਟਾਵਰ ਲਗਾਉਣ ਨੂੰ ਲੈ ਕੇ ਵਿਵਾਦ ਕਾਫੀ ਭਖ ਗਿਆ ਹੈ। ਇਸ ਸਬੰਧੀ ਇਲਾਕੇ ਦੀ ਅਕਾਲੀ ਕੌਂਸਲਰ ਸ੍ਰੀਮਤੀ ਜਸਵੀਰ ਕੌਰ ਅੱਤਲੀ ਅਤੇ ਮੁਹੱਲੇ ਦੇ ਲੋਕਾਂ ਨੇ ਰਿਹਾਇਸ਼ੀ ਖੇਤਰ ਵਿੱਚ ਮੋਬਾਈਲ ਟਾਵਰ ਲਗਾਉਣ ਦਾ ਸਖ਼ਤ ਵਿਰੋਧ ਕੀਤਾ ਅਤੇ ਮਾਮਲਾ ਥਾਣੇ ਪਹੁੰਚ ਗਿਆ। ਉਧਰ, ਲੋਕਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਗਮਾਡਾ ਨੇ ਮਕਾਨ ਮਾਲਕ ਨੂੰ ਨੋਟਿਸ ਜਾਰੀ ਕਰਕੇ 30 ਦਿਨਾਂ ਦੇ ਅੰਦਰ ਅੰਦਰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਘਰ ਨੂੰ ਤਾਲਾ ਲੱਗਾ ਹੋਣ ਕਾਰਨ ਗਮਾਡਾ ਦੇ ਕਰਮਚਾਰੀਆਂ ਨੇ ਗੇਟ ’ਤੇ ਨੋਟਿਸ ਚਿਪਕਾ ਦਿੱਤਾ ਹੈ। ਇਸ ਤੋਂ ਇਲਾਵਾ ਪਿੰਡ ਬਲੌਂਗੀ ਤੇ ਬਲੌਂਗੀ ਕਲੋਨੀ, ਸੈਕਟਰ-70, ਫੇਜ਼-10 ਅਤੇ ਹੋਰਨਾਂ ਕਈ ਰਿਹਾਇਸ਼ੀ ਇਲਾਕਿਆਂ ਵਿੱਚ ਟਾਵਰ ਲਗਾਏ ਗਏ ਹਨ।
ਅਕਾਲੀ ਕੌਂਸਲਰ ਜਸਵੀਰ ਕੌਰ ਅੱਤਲੀ, ਮੁਹੱਲੇ ਦੇ ਲੋਕਾਂ ਡਾ. ਰਾਜਬੀਰ ਸਿੰਘ, ਐਚਐਸ ਆਹਲੂਵਾਲੀਆ, ਭੁਪਿੰਦਰ ਸਿੰਘ, ਮੋਹਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਆਪਸ ਵਿੱਚ ਮਿਲ ਬੈਠ ਕੇ ਬਹੁਤ ਕੋਸ਼ਿਸ਼ ਕੀਤੀ ਗਈ ਹੈ। ਵਿਰੋਧ ਕਰਨ ’ਤੇ ਮੁਹੱਲੇ ਦੇ ਲੋਕਾਂ ਨੂੰ ਕਿਹਾ ਗਿਆ, ਉਹ ਮੋਬਾਈਲ ਟਾਵਰ ਨਹੀਂ ਲਗਾ ਰਹੇ ਹਨ, ਸਗੋਂ ਛੱਤ ’ਤੇ ਸੋਸਲ ਸਿਸਟਮ ਲਗਾਉਣਾ ਹੈ। ਇਹ ਗੱਲ ਸੁਣ ਕੇ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ ਲੇਕਿਨ ਅੱਧੀ ਰਾਤ ਤੋਂ ਬਾਅਦ ਜਿਵੇਂ ਹੀ ਜੇਸੀਬੀ ਮਸ਼ੀਨਾਂ ਦੀ ਆਵਾਜ਼ ਸੁਣ ਕੇ ਮੁਹੱਲੇ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਦੇਖਿਆ ਸਬੰਧਤ ਮਕਾਨ ਦੀ ਛੱਤ ’ਛੇ ਮੋਬਾਈਲ ਟਾਵਰ ਲਗਾਏ ਜਾ ਰਹੇ ਸੀ। ਦੋ ਟਾਵਰ ਲੱਗ ਚੁੱਕੇ ਸੀ ਅਤੇ ਤੀਜਾ ਟਾਵਰ ਲਗਾਇਆ ਜਾ ਰਿਹਾ ਸੀ। ਲੋਕਾਂ ਨੇ ਵਿਰੋਧ ਕਰਦਿਆਂ ਪੁਲੀਸ ਨੂੰ ਮੌਕੇ ’ਤੇ ਸੱਦ ਲਿਆ। ਪੁਲੀਸ ਦੇ ਆਉਣ ਦੀ ਭਿਣਕ ਪੈਂਦੇ ਹੀ ਮੋਬਾਈਲ ਕੰਪਨੀ ਦੇ ਕਰਮਚਾਰੀ ਉੱਥੋ ਖਿਸਕ ਗਏ ਅਤੇ ਬਾਅਦ ਵਿੱਚ ਮਕਾਨ ਦੀ ਦੇਖਭਾਲ ਕਰਨ ਵਾਲਾ ਚੌਕੀਦਾਰ ਵੀ ਘਰ ਨੂੰ ਤਾਲਾ ਲਗਾ ਕੇ ਚਲਾ ਗਿਆ। ਮਕਾਨ ਮਾਲਕ ਬਾਰੇ ਲੋਕਾਂ ਨੇ ਦੱਸਿਆ ਕਿ ਉਹ ਦਿੱਲੀ ਵਿੱਚ ਰਹਿੰਦੇ ਹਨ। ਲੋਕਾਂ ਨੇ ਮੋਬਾਈਲ ਟਾਵਰਾਂ ਦੀਆਂ ਕਿਰਨਾਂ ਦਾ ਮਨੁੱਖੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਲੋਕਾਂ ਦੇ ਵਿਰੋਧ ਕਾਰਨ ਟਾਵਰਾਂ ਨੂੰ ਕੁਨੈਕਸ਼ਨ ਜੋੜਨ ਦਾ ਕੰਮ ਰੁਕ ਗਿਆ ਹੈ।
ਸ੍ਰੀਮਤੀ ਅੱਤਲੀ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਰਾਜੇਸ਼ ਧੀਮਾਨ ਨਾਲ ਮੁਲਾਕਾਤ ਕਰਕੇ ਰਿਹਾਇਸ਼ੀ ਖੇਤਰ ਵਿੱਚ ਗਲਤ ਤਰੀਕੇ ਨਾਲ ਮੋਬਾਈਲ ਟਾਵਰ ਖ਼ਿਲਾਫ਼ ਸ਼ਿਕਾਇਤ ਦਿੱਤੀ। ਏਸੀਏ ਨੇ ਲੋਕਾਂ ਨੂੰ ਗਮਾਡਾ ਦੇ ਅਸਟੇਟ ਅਫ਼ਸਰ (ਹਾਊਸਿੰਗ) ਮਹੇਸ਼ ਬਾਂਸਲ ਕੋਲ ਭੇਜ ਦਿੱਤਾ। ਸ਼ਿਕਾਇਤ ਮਿਲਣ ਤੋਂ ਬਾਅਦ ਗਮਾਡਾ ਅਧਿਕਾਰੀ ਨੇ ਪੰਜਾਬ ਰੀਜ਼ਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ 1995 ਦੇ ਤਹਿਤ ਮਕਾਨ ਮਾਲਕ ਨੂੰ ਨੋਟਿਸ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੇ ਘਰ ਦੀ ਛੱਤ ’ਤੇ ਮੋਬਾਈਲ ਟਾਵਰ ਲਗਾਉਣ ਲਈ ਅਗਾਊਂ ਪ੍ਰਵਾਨਗੀ ਨਾ ਲੈ ਕੇ ਬਿਲਡਿੰਗ ਲਾਇਲਾਜ ਅਤੇ ਅਲਾਟਮੈਂਟ ਦੀਆਂ ਸ਼ਰਤਾਂ ਦੀ ਘੋਰ ਉਲੰਘਣਾ ਕੀਤੀ ਗਈ ਹੈ। ਜਿਸ ਕਾਰਨ ਮਕਾਨ ਦੀ ਅਲਾਟਮੈਂਟ ਰੱਦ ਕੀਤੀ ਜਾ ਸਕਦੀ ਹੈ ਅਤੇ ਮਕਾਨ ਵੀ ਜ਼ਬਤ ਕੀਤਾ ਜਾ ਸਕਦਾ ਹੈ। ਲਿਹਾਜ਼ਾ ਮਕਾਨ ਦੀ ਛੱਤ ਤੋਂ ਫੌਰੀ ਟਾਵਰ ਹਟਾਇਆ ਜਾਵੇ। ਨੋਟਿਸ ਵਿੱਚ ਲਿਖਿਆ ਹੈ ਕਿ 30 ਦਿਨਾਂ ਦੇ ਅੰਦਰ ਅੰਦਰ ਸਪੱਸ਼ਟੀਕਰਨ ਨਾ ਮਿਲਣ ਦੀ ਸੂਰਤ ਵਿੱਚ ਇਹ ਸਮਝਿਆ ਜਾਵੇਗਾ ਕਿ ਉਹ (ਮਕਾਨ ਮਾਲਕ) ਕੁਝ ਕਹਿਣਾ ਨਹੀਂ ਚਾਹੁੰਦੇ ਹਨ। ਇਸ ਮਗਰੋਂ ਨਿਯਮਾਂ ਤਹਿਤ ਅਗਲੀ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…