Share on Facebook Share on Twitter Share on Google+ Share on Pinterest Share on Linkedin ਮੁਲਤਾਨੀ ਕੇਸ: ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਦੂਜਾ ਨੋਟਿਸ ਜਾਰੀ ਮਟੌਰ ਥਾਣਾ ਦੇ ਐਸਐਚਓ ਵੱਲੋਂ ਸੋਮਵਾਰ ਨੂੰ ਸਵੇਰੇ 11 ਵਜੇ ਸਿੱਟ ਅੱਗੇ ਪੇਸ਼ ਹੋਣ ਦੀ ਹਦਾਇਤ ਥਾਣਾ ਮੁਖੀ ਤੇ ਪੁਲੀਸ ਕਰਮਚਾਰੀਆਂ ਨੇ ਸੈਣੀ ਦੀ ਚੰਡੀਗੜ੍ਹ ਤੇ ਦਿੱਲੀ ਰਿਹਾਇਸ਼ ’ਤੇ ਚਿਪਕਾਏ ਨੋਟਿਸ ਹਰਸ਼ਬਾਬ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ: ਪੰਜਾਬ ਦੇ ਸੇਵਾਮੁਕਤ ਆਈਏਐਸ ਦੇ ਸਪੁੱਤਰ ਅਤੇ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਮੁਹਾਲੀ ਪੁਲੀਸ ਵੱਲੋਂ ਅੱਜ ਦੂਜਾ ਨੋਟਿਸ ਜਾਰੀ ਕੀਤਾ ਗਿਆ। ਮਟੌਰ ਥਾਣਾ ਦੇ ਐਸਐਚਓ ਦੇ ਦਸਖ਼ਤਾਂ ਹੇਠ ਅੱਜ ਜਾਰੀ ਕੀਤੇ ਨੋਟਿਸ ਵਿੱਚ ਸੈਣੀ ਨੂੰ ਭਲਕੇ 28 ਸਤੰਬਰ (ਸੋਮਵਾਰ) ਨੂੰ ਸਵੇਰੇ 11 ਵਜੇ ਮਟੌਰ ਥਾਣੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਕੋਲ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਥਾਣਾ ਮੁਖੀ ਨੇ ਖ਼ੁਦ ਸੈਣੀ ਦੀ ਕੋਠੀ ਦੇ ਬਾਹਰ ਮੁੱਖ ਗੇਟ ’ਤੇ ਨੋਟਿਸ ਚਿਪਕਾਇਆ ਗਿਆ ਹੈ। ਇੰਜ ਹੀ ਸਾਬਕਾ ਡੀਜੀਪੀ ਦੀ ਦਿੱਲੀ ਵਾਲੀ ਕੋਠੀ ਦੇ ਬਾਹਰ ਵੀ ਨੋਟਿਸ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸੈਣੀ ਦੇ ਵਕੀਲਾਂ ਨੂੰ ਵੀ ਵਸਟਅੱਪ ’ਤੇ ਨੋਟਿਸ ਦੀ ਕਾਪੀ ਭੇਜੀ ਗਈ ਹੈ। ਇਸ ਤੋਂ ਪਹਿਲਾਂ ਵੀ ਪੁਲੀਸ ਨੇ ਬੀਤੀ 21 ਸਤੰਬਰ ਨੂੰ ਸੈਣੀ ਅਜਿਹਾ ਹੀ ਨੋਟਿਸ ਭੇਜ ਕੇ ਉਸ ਨੂੰ 23 ਸਤੰਬਰ ਨੂੰ ਸਿੱਟ ਦੇ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਸੀ ਪ੍ਰੰਤੂ ਉਹ ਉਸ ਦਿਨ ਥਾਣੇ ਨਹੀਂ ਪਹੁੰਚੇ ਪ੍ਰੰਤੂ ਦੋ ਦਿਨਾਂ ਮਗਰੋਂ ਚੁੱਪ ਚੁਪੀਤੇ ਉਹ ਅਚਾਨਕ ਜ਼ਿਲ੍ਹਾ ਪੁਲੀਸ ਹੈੱਡਕਵਾਟਰ ’ਤੇ ਪਹੁੰਚ ਗਏ ਅਤੇ ਸਿੱਟ ਦੇ ਮੁਖੀ ਨੂੰ ਜਾਂਚ ਵਿੱਚ ਸ਼ਾਮਲ ਕਰਨ ਦੀ ਗੁਹਾਰ ਲਗਾਈ ਲੇਕਿਨ ਜਾਂਚ ਅਧਿਕਾਰੀ ਨੇ ਕਾਨੂੰਨ ਤੋਂ ਬਾਹਰ ਜਾ ਕੇ ਅਜਿਹਾ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ। ਸੂਤਰ ਦੱਸਦੇ ਹਨ ਕਿ ਇਸ ਮਗਰੋਂ ਸੈਣੀ ਨੇ ਐਸਐਸਪੀ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਉਹ ਸੈਣੀ ਨੂੰ ਨਹੀਂ ਮਿਲੇ। ਲੇਕਿਨ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਸ ਦਿਨ ਐਸਐਸਪੀ ਦਫ਼ਤਰ ਵਿੱਚ ਹਾਜ਼ਰ ਸਨ ਜਾਂ ਨਹੀਂ, ਜਾਂ ਸੈਣੀ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਸੀ। ਜਾਣਕਾਰੀ ਅਨੁਸਾਰ ਬੀਤੀ 15 ਸਤੰਬਰ ਨੂੰ ਸੁਪਰੀਮ ਕੋਰਟ ’ਚੋਂ ਆਰਜ਼ੀ ਜ਼ਮਾਨਤ ਕਰਵਾਉਣ ਦੇ ਬਾਵਜੂਦ ਹਾਲੇ ਤੱਕ ਸਾਬਕਾ ਡੀਜੀਪੀ ਪੁਲੀਸ ਕੋਲ ਜਾਂਚ ਵਿੱਚ ਸ਼ਾਮਲ ਨਹੀਂ ਹੋਏ ਹਨ। ਜਦੋਂਕਿ ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਗਾਉਂਦਿਆਂ ਉਸ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਗਿਆ ਸੀ। ਚਸ਼ਮਦੀਦ ਗਵਾਹਾਂ ਅਤੇ ਵਾਅਦਾ ਮੁਆਫ਼ ਗਵਾਹ ਬਣੇ ਯੂਟੀ ਪੁਲੀਸ ਦੇ ਦੋ ਸਾਬਕਾ ਇੰਸਪੈਕਟਰਾਂ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਦੇ ਬਿਆਨ ਦਰਜ ਹੋਣ ਮਗਰੋਂ ਪੁਲੀਸ ਵੱਲੋਂ ਸੈਣੀ ਦੇ ਖ਼ਿਲਾਫ਼ ਬੀਤੀ 21 ਅਗਸਤ ਨੂੰ ਧਾਰਾ 302 ਦੇ ਤਹਿਤ ਕਤਲ ਦੇ ਜੁਰਮ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਸ ਦੇ ਖ਼ਿਲਾਫ਼ ਧਾਰਾ 364 ਤੇ ਹੋਰਨਾਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸਰਕਾਰੀ ਵਕੀਲ ਪਹਿਲਾਂ ਹੀ ਇਹ ਗੱਲ ਆਖ ਚੁੱਕੇ ਹਨ ਕਿ ਸੁਪਰੀਮ ਕੋਰਟ ’ਚੋਂ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲੱਗਣ ਤੋਂ ਬਾਅਦ ਵੀ ਜੇਕਰ ਸਾਬਕਾ ਡੀਪੀਜੀ ਜਾਂਚ ਵਿੱਚ ਸ਼ਾਮਲ ਹੋਣ ਲਈ ਪੁਲੀਸ ਕੋਲ ਪੇਸ਼ ਨਹੀਂ ਹੁੰਦੇ ਹਨ ਤਾਂ ਉਸ ਨੂੰ ਤੀਜੀ ਵਾਰ ਆਖ਼ਰੀ ਸੰਮਨ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਜਾਵੇਗਾ। ਕਿਉਂਕਿ ਸੈਣੀ ਦੇ ਵਕੀਲ ਵਾਰ ਵਾਰ ਇਹ ਦੁਹਾਈ ਦਿੰਦੇ ਆ ਰਹੇ ਹਨ ਕਿ ਉਹ (ਸੈਣੀ) ਪੁਲੀਸ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ। ਸਰਕਾਰੀ ਵਕੀਲ ਅਦਾਲਤ ਵਿੱਚ ਇਹ ਦਾਅਵਾ ਕਰ ਚੁੱਕੇ ਹਨ ਕਿ ਮੁਲਤਾਨੀ ਨੂੰ ਘਰੋਂ ਅਗਵਾ ਕਰਕੇ ਮਗਰੋਂ ਉਸ ਦੀ ਪੁਲੀਸ ਹਿਰਾਸਤ ਵਿੱਚ ਮੌਤ ਹੋਣ ਸਬੰਧੀ ਸਾਬਕਾ ਡੀਜੀਪੀ ਖ਼ਿਲਾਫ਼ ਸਰਕਾਰ ਕੋਲ ਠੋਸ ਸਬੂਤ ਹਨ। ਜੇਕਰ ਸੈਣੀ ਹੁਣ ਵੀ ਨਿਰਧਾਰਿਤ ਸਮੇਂ ’ਤੇ ਸਿੱਟ ਦੇ ਅੱਗੇ ਪੇਸ਼ ਨਹੀਂ ਹੋਏ ਤਾਂ ਸਰਕਾਰ ਵੱਲੋਂ ਆਪਣੇ ਜਵਾਬ ਦਾਅਵੇ ਵਿੱਚ ਸੁਪਰੀਮ ਕੋਰਟ ਦੇ ਵਿਸ਼ੇਸ਼ ਬੈਂਚ ਨੂੰ ਸਮੁੱਚੇ ਮਾਮਲੇ ਸਬੰਧੀ ਵੱਖ-ਵੱਖ ਪਹਿਲੂਆਂ ਬਾਰੇ ਲਿਖਤੀ ਰੂਪ ਵਿੱਚ ਜਾਣੂ ਕਰਵਾ ਕੇ ਸਾਬਕਾ ਡੀਜੀਪੀ ਦੀ ਗ੍ਰਿਫ਼ਤਾਰੀ ’ਤੇ ਲਗਾਈ ਗਈ ਆਰਜ਼ੀ ਰੋਕ ਹਟਾਉਣ ਦੀ ਮੰਗ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੀ 15 ਸਤੰਬਰ ਨੂੰ ਸੁਪਰੀਮ ਕੋਰਟ ਦੇ ਜੱਜ ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਆਰ ਸੁਭਾਸ਼ ਰੈਡੀ ਅਤੇ ਜਸਟਿਸ ਐਮ.ਆਰ. ਸ਼ਾਹ ’ਤੇ ਆਧਾਰਿਤ ਵਿਸ਼ੇਸ਼ ਬੈਂਚ ਨੇ ਸਾਬਕਾ ਡੀਜੀਪੀ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਗਾ ਦਿੱਤੀ ਸੀ ਅਤੇ ਸੈਣੀ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਦੇ ਆਦੇਸ਼ ਦਿੱਤੇ ਗਏ ਸਨ। ਨਾਲ ਹੀ ਸੂਬਾ ਸਰਕਾਰ ਨੂੰ ਤਿੰਨ ਹਫ਼ਤਿਆਂ ਦੇ ਅੰਦਰ ਅੰਦਰ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ। ਸੁਪਰੀਮ ਕੋਰਟ ਵਿੱਚ ਅਗਲੀ ਸੁਣਵਾਈ 27 ਅਕਤੂਬਰ ਨੂੰ ਹੋਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ