
ਪੱਤਰਕਾਰ ਦੀ ਕੁੱਟਮਾਰ: ਪੰਜਾਬ ਸਰਕਾਰ, ਡੀਜੀਪੀ, ਵਧੀਕ ਮੁੱਖ ਸਕੱਤਰ (ਗ੍ਰਹਿ) ਤੇ ਐਸਐਸਪੀ ਨੂੰ ਨੋਟਿਸ ਜਾਰੀ
ਪੱਤਰਕਾਰ ਮੇਜਰ ਸਿੰਘ ਪੰਜਾਬੀ ਦੀ ਕੁੱਟਮਾਰ ਮਾਮਲੇ ਵਿੱਚ ਪੈੱ੍ਰਸ ਕੌਂਸਲ ਵੱਲੋਂ ਸੁਣਵਾਈ 24 ਨੂੰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ:
ਇੱਥੋਂ ਦੇ ਗੁਰਦੁਆਰਾ ਕਲਗੀਧਰ ਫੇਜ਼-4 ਵਿੱਚ ਬੀਤੀ 22 ਮਈ ਨੂੰ ਹੋਏ ਇੱਕ ਝਗੜੇ ਦੀ ਕਵਰੇਜ ਕਰਨ ਪਹੁੰਚੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਪੰਜਾਬੀ ਨੂੰ ਮੁਹਾਲੀ ਪੁਲੀਸ ਵੱਲੋਂ ਮੌਕੇ ਤੋਂ ਕਾਬੂ ਕਰਕੇ ਥਾਣੇ ਲਿਜਾ ਕੇ ਉਸ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਦਸਤਾਰ ਲਾਹੁਣ ਦੇ ਮਾਮਲੇ ਵਿੱਚ ਪੈੱ੍ਰਸ ਕੌਂਸਲ ਆਫ਼ ਇੰਡੀਆ ਵੱਲੋਂ 24 ਫਰਵਰੀ ਨੂੰ ਸੁਣਵਾਈ ਕੀਤੀ ਜਾਵੇਗੀ। ਇਸ ਸੁਣਵਾਈ ਲਈ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ, ਡੀਜੀਪੀ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਮੁਹਾਲੀ ਦੇ ਐਸਐਸਪੀ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ।
ਅੱਜ ਇੱਥੇ ਮੇਜਰ ਸਿੰਘ ਪੰਜਾਬੀ ਨੇ ਦੱਸਿਆ ਕਿ 22 ਮਈ ਨੂੰ ਜਦੋਂ ਉਹ ਗੁਰਦੁਆਰਾ ਸਾਹਿਬ ਫੇਜ਼-4 ਵਿੱਚ ਦੋ ਧਿਰਾਂ ਵਿੱਚ ਹੋ ਰਹੀ ਆਪਸੀ ਲੜਾਈ ਦੀ ਵੀਡੀਓ ਬਣਾ ਰਹੇ ਸੀ ਤਾਂ ਮੌਕੇ ’ਤੇ ਪਹੁੰਚੇ ਪੰਜਾਬ ਪੁਲੀਸ ਦੇ ਥਾਣੇਦਾਰ ਅਤੇ ਹੋਰਨਾਂ ਪੁਲੀਸ ਮੁਲਾਜ਼ਮਾਂ ਨੇ ਪਹਿਲਾਂ ਉਨ੍ਹਾਂ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਗਿਆ ਅਤੇ ਬਾਅਦ ਵਿੱਚ ਉਸ ਨੂੰ ਜਬਰੀ ਫੜ ਕੇ ਪੁਲੀਸ ਥਾਣੇ ਵਿੱਚ ਲੈ ਗਏ, ਜਿੱਥੇ ਉਸ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਦਸਤਾਰ ਲਾਹ ਕੇ ਉਨ੍ਹਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪ੍ਰੈੱਸ ਕੌਂਸਲ ਨੇ ਇਸ ਮਾਮਲੇ ਵਿੱਚ ਖ਼ੁਦ ਨੋਟਿਸ ਲੈਂਦਿਆਂ ਪੰਜਾਬ ਵਿੱਚ ਕਰੋਨਾ ਕਾਲ ਦੌਰਾਨ ਹੋਈਆਂ ਵਧੀਕੀਆਂ ਦੇ ਮਾਮਲਿਆਂ ਦੀ ਸੁਣਵਾਈ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਉਨ੍ਹਾਂ ਦਾ ਮਾਮਲਾ ਵੀ ਸ਼ਾਮਲ ਕੀਤਾ ਗਿਆ ਹੈ।