
ਦੋ ਦਿਨਾਂ ਤੱਕ ਜਾਰੀ ਕੀਤਾ ਜਾਵੇਗਾ ਭਾਈ ਜੈਤਾ ਜੀ ਚੇਅਰ ਸਥਾਪਿਤ ਕਰਨ ਬਾਰੇ ਨੋਟੀਫ਼ਿਕੇਸ਼ਨ: ਡਾ. ਵੇਰਕਾ
ਪੰਜਾਬ ਵਿੱਚ 70 ਹਜ਼ਾਰ ਹੋਰ ਸਰਕਾਰੀ ਨੌਕਰੀਆਂ ਦੇਵੇਗੀ ਸਰਕਾਰ: ਡਾ. ਰਾਜ ਕੁਮਾਰ ਵੇਰਕਾ
ਗੁਰਦੁਆਰਾ ਭਾਈ ਜੈਤਾ ਜੀ ਮੁਹਾਲੀ ਵਿਖੇ ਸਰਕਾਰ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਨਵੰਬਰ:
ਪੰਜਾਬ ਸਰਕਾਰ ਵੱਲੋਂ ‘ਭਾਈ ਜੈਤਾ ਜੀ ਚੇਅਰ’ ਸਥਾਪਿਤ ਕਰਨ ਦੇ ਐਲਾਨ ਦੀ ਖ਼ੁਸ਼ੀ ਵਿੱਚ ਇੱਥੋਂ ਦੇ ਫੇਜ਼-3ਏ ਸਥਿਤ ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਜੈਤਾ ਜੀ (ਸ਼ਹੀਦ ਬਾਬਾ ਜੀਵਨ ਸਿੰਘ ਜੀ) ਵਿਖੇ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਧੰਨਵਾਦੀ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ।
ਇਸ ਮੌਕੇ ਡਾ. ਵੇਰਕਾ ਨੇ ਭਾਈ ਜੈਤਾ ਜੀ ਦੇ ਜੀਵਨ ’ਤੇ ਪੀਐੱਚਡੀ ਕਰਨ ਵਾਲੀ ਡਾ. ਰਾਗਿਨੀ ਸ਼ਰਮਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਡਾ. ਰਾਗਿਨੀ ਨੇ ਭਾਈ ਜੈਤਾ ਜੀ ਦੇ ਜੀਵਨ ’ਤੇ ਪੀਐੱਚਡੀ ਕਰ ਕੇ ਦੇਸ਼ ਵਿੱਚ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ 20 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਾਬਾ ਜੀਵਨ ਸਿੰਘ ਚੇਅਰ ਸਥਾਪਿਤ ਕਰਨ ਦਾ ਐਲਾਨ ਸਬੰਧੀ ਨੋਟੀਫ਼ਿਕੇਸ਼ਨ ਅਗਲੇ ਦੋ ਦਿਨਾਂ ਵਿੱਚ ਜਾਰੀ ਕੀਤਾ ਜਾਵੇਗਾ ਅਤੇ 15 ਦਿਨਾਂ ਦੇ ਅੰਦਰ ਭਾਈ ਜੈਤਾ ਜੀ ਚੇਅਰ ਦਾ ਮੁੱਢਲਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ 70 ਹਜ਼ਾਰ ਹੋਰ ਸਰਕਾਰੀ ਨੌਕਰੀਆਂ ਕੱਢਣ ਜਾ ਰਹੀ ਹੈ। ਜਿਸ ਨਾਲ ਸੂਬੇ ਵਿੱਚ ਬੇਰੁਜ਼ਗਾਰੀ ਨੂੰ ਠੱਲ੍ਹ ਪਵੇਗੀ। ਸਮਾਗਮ ਨੂੰ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਡਾ. ਰਾਗਨੀ ਸ਼ਰਮਾ, ਰਾਜਵਿੰਦਰ ਸਿੰਘ ਕਲਿਆਣ, ਐਡਵੋਕੇਟ ਈਸ਼ਰ ਸਿੰਘ, ਸਾਬਕਾ ਈਟੀਓ ਨਿਰਮਲ ਸਿੰਘ, ਜਨਰਲ ਸਕੱਤਰ ਰਣਜੀਤ ਸਿੰਘ, ਸੁਰਿੰਦਰ ਸਿੰਘ ਨਾਨਕ ਸਿੰਘ, ਰਣਜੀਤ ਸਿੰਘ, ਸਰਵਣ ਸਿੰਘ ਸਾਬਰ, ਅਵਤਾਰ ਸਿੰਘ ਮੀਤ ਸਕੱਤਰ, ਸੁਖਦੇਵ ਸਿੰਘ ਮੀਤ ਪ੍ਰਧਾਨ, ਅਮਰੀਕ ਸਿੰਘ ਕੈਸ਼ੀਅਰ, ਬਲਵੀਰ ਸਿੰਘ ਮੈਨੇਜਰ, ਮਲਕੀਤ ਸਿੰਘ ਕਲਿਆਣ, ਜਸਬੀਰ ਸਿੰਘ ਅਤੇ ਸੁਰਿੰਦਰ ਸਿੰਘ ਸਹੋਤਾ ਹਾਜ਼ਰ ਸਨ।