ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੀ ਲੁੱਟ ਬੰਦ ਕਰਨ ਲਈ ਨੋਟੀਫਿਕੇਸ਼ਨ ਛੇਤੀ: ਸਿੱਖਿਆ ਮੰਤਰੀ

ਸਿੱਖਿਆ ਮੰਤਰੀ ਪਰਗਟ ਸਿੰਘ ਨੇ ਮੌਕੇ ’ਤੇ ਹੀ ਉੱਚ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਭਾਵੇਂ ਕਰੋਨਾ ਕਾਲ ਸਮੇਂ ਤਾਲਾਬੰਦੀ ਕਾਰਨ ਦੁਨੀਆ ਭਰ ਦੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ ਜਾਂ ਉਨ੍ਹਾਂ ਨੂੰ ਵੱਡੇ ਘਾਟੇ ਪੈ ਗਏ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਕਾਰੋਬਾਰਾਂ ਤੋਂ ਹੱਥ ਧੋਣੇ ਪਏ ਹਨ ਪ੍ਰੰਤੂ ਕਿਸੇ ਪ੍ਰਾਈਵੇਟ ਵਪਾਰਕ ਅਦਾਰੇ ਨੇ ਆਪਣੇ ਗਾਹਕਾਂ ਕੋਲੋਂ ਬੰਦ ਪਏ ਅਦਾਰਿਆਂ ਦੇ ਬਿਜਲੀ ਬਿੱਲ, ਬਿਲਡਿੰਗ ਫੰਡ, ਕੰਪਿਊਟਰ ਫੰਡ, ਟਰਾਂਸਪੋਰਟ ਫੰਡ ਨਹੀਂ ਵਸੂਲੇ। ਜਦੋਂਕਿ ਦੂਜੇ ਪਾਸੇ ਪ੍ਰਾਈਵੇਟ ਸਕੂਲ ਜੋ ਸਿੱਖਿਆ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਰਕਾਰੀ ਸਹੂਲਤਾਂ ਅਤੇ ਟੈਕਸਾਂ ਵਿੱਚ ਰਾਹਤ ਲੈ ਕੇ ਰਜਿਸਟਰਡ ਹੋਏ ਸਨ। ਇਨ੍ਹਾਂ ’ਚੋਂ ਬਹੁਤ ਸਾਰੀਆਂ ਸੰਸਥਾਵਾਂ ਨੇ ਕਰੋਨਾ ਦੌਰਾਨ ਵੀ ਸਮਾਜ ਸੇਵਾ ਦੀ ਥਾਂ ਲਾਲਚੀ ਵਪਾਰੀਆਂ ਨਾਲੋਂ ਵੀ ਜ਼ਿਆਦਾ ਲੁੱਟ ਮਚਾਈ ਗਈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਜਾਬ ਅਗੇਂਸਟ ਕੁਰੱਪਸ਼ਨ ਅਤੇ ਪੇਰੈਂਟਸ ਯੂਨਿਟੀ ਫਾਰ ਜਸਟਿਸ ਦੇ ਨੁਮਾਇੰਦਿਆਂ ਵੱਲੋਂ ਸਤਨਾਮ ਸਿੰਘ ਦਾਊਂ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕੋਵਿਡ ਕਾਰਨ ਹੁਣ ਤੱਕ ਵੀ ਸਕੂਲ ਪੂਰੀ ਤਰ੍ਹਾਂ ਨਹੀਂ ਖੁੱਲ੍ਹ ਸਕੇ ਹਨ ਪ੍ਰੰਤੂ ਸਕੂਲਾਂ ਵੱਲੋਂ ਮਾਪਿਆਂ ਦੀ ਲੁੱਟ ਜਾਰੀ ਹੈ। ਵਫ਼ਦ ਨੇ ਨਵੇਂ ਸੈਸ਼ਨ ਦੀਆਂ ਸਕੂਲ ਫੀਸਾਂ ਵਿੱਚ ਰਾਹਤ, ਸਾਲਾਨਾ ਫੰਡ ਅਤੇ ਹੋਰ ਖ਼ਰਚਿਆਂ ਵਿੱਚ ਛੋਟ, ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਕੋਟੇ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਭਾਵੇਂ ਕਿ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਕੂਲ ਫੀਸਾਂ ਅਤੇ ਫੰਡਾਂ ਰਾਹੀਂ ਹਰ ਮੌਸਮ ਵਿੱਚ ਕਰਫ਼ਿਊ ਦੇ ਸਮੇਂ, ਯੁੱਧ ਦੇ ਸਮੇਂ ਅਤੇ ਅੱਤਵਾਦੀ ਹਮਲਿਆਂ ਦੇ ਸਮੇਂ ਅਤੇ ਗਰਮੀਆਂ ਸਰਦੀਆਂ ਦੀਆਂ ਸਾਰੀਆਂ ਛੁੱਟੀਆਂ ਕਰਨ ਤੋਂ ਬਾਅਦ ਵੀ ਪੰਜਾਬ ਦੇ ਲਗਪਗ 20 ਲੱਖ ਵਿਦਿਆਰਥੀਆਂ ਤੋਂ ਫੀਸਾਂ ਅਤੇ ਫੰਡਾਂ ਦੇ ਰੂਪ ਵਿੱਚ ਲਗਭਗ 30 ਹਜ਼ਾਰ ਕਰੋੜ ਸਾਲਾਨਾ ਕਮਾਈ ਕਰਕੇ ਦਹਾਕਿਆਂ ਵਿੱਚ ਹੀ ਕਰੋੜਾਂ ਅਰਬਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਹਨ। ਜਿਨ੍ਹਾਂ ਵਿੱਚੋ ਬਹੁਤੇ ਸਕੂਲ ਸਿੱਖਿਆ ਦਾ ਵਪਾਰੀਕਰਨ ਦੇ ਰਾਹ ਪੈ ਗਏ ਹਨ। ਕੁੱਝ ਪ੍ਰਾਈਵੇਟ ਅਦਾਰੇ ਉਨ੍ਹਾਂ ਦੇ ਕਾਰਨਾਮਿਆਂ ਅਤੇ ਘਪਲਿਆਂ ਨੂੰ ਨੰਗਾ ਕਰਨ ਵਾਲਿਆਂ ਨੂੰ ਸੁਪਾਰੀ ਦੇ ਕੇ ਕਤਲ ਤੱਕ ਕਰਵਾਉਣ ਲੱਗ ਪਏ ਹਨ। ਇਸ ਲਈ ਪ੍ਰਾਈਵੇਟ ਸਕੂਲ ਮਾਫੀਆ ਨੂੰ ਨੱਥ ਪਾਉਣ ਦੀ ਲੋੜ ਹੈ।
ਇਸ ਮੌਕੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਇਨ੍ਹਾਂ ਮੰਗਾਂ ਨੂੰ ਜਾਇਜ਼ ਮੰਨਦਿਆਂ ਮੌਕੇ ‘ਤੇ ਹੀ ਸਿੱਖਿਆ ਸਕੱਤਰ ਨਾਲ ਫੋਨ ਉੱਤੇ ਗੱਲ ਕੀਤੀ ਅਤੇ ਛੇਤੀ ਹੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਵਾਸੀ ਰਾਜੀਵ ਸਿੰਗਲਾ ਨੇ ਮੰਤਰੀ ਨੂੰ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਇੱਕ ਸਕੂਲ ਦੇ ਪ੍ਰਬੰਧਕ ਜੋ ਕੇ ਅਰਬਾਂ ਰੁਪਏ ਦਾ ਸਿੱਖਿਆ ਵੇਚਣ ਦਾ ਕਾਰੋਬਾਰ ਕਰਕੇ ਕਰੋੜਾਂ ਰੁਪਏ ਸਾਲਾਨਾ ਦੀ ਕਮਾਈ ਕਰਦੇ ਹਨ ਅਤੇ ਜਿਨ੍ਹਾਂ ਨੇ ਜਾਅਲੀ ਟਰੱਸਟ ਬਣਾ ਕੇ ਸਕੂਲ ਖੋਲ੍ਹਿਆ ਹੋਇਆ ਹੈ, ਦੇ ਘਪਲਿਆਂ ਨੂੰ ਉਜਾਗਰ ਕਰਨ ਦੀ ਖੁੰਦਕ ਕਾਰਨ ਰਾਜੀਵ ਸਿੰਗਲਾ ਅਤੇ ਸਕੂਲਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਮਾਪਿਆਂ ਨੂੰ ਡਰਾਉਣ ਲਈ ਤਿੰਨ ਵਾਰ ਜਾਨਲੇਵਾ ਹਮਲੇ ਕਰਵਾਏ, ਉਸ ਦੀ ਕਾਰ ਨੂੰ ਅੱਗ ਲਗਾ ਕੇ ਸਾੜਿਆਂ ਗਿਆ ਅਤੇ ਉਸ ਨੂੰ ਕਥਿਤ ਤੌਰ ’ਤੇ ਕਤਲ ਕਰਵਾਉਣ ਲਈ ਸੁਪਾਰੀ ਦੇ ਕੇ ਜਾਨਲੇਵਾ ਹਮਲੇ ਕੀਤੇ ਗਏ। ਜਿਸ ਕਾਰਨ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ, ਹੱਥਾਂ ਅਤੇ ਬਾਹਾਂ ਦੀਆਂ ਹੱਡੀਆਂ ਤੋੜੀਆਂ ਗਈਆਂ ਅਤੇ ਉਸਦੇ ਇੱਕ ਸਾਥੀ ਦੇ ਗੋਲੀ ਮਾਰੀ ਗਈ। ਪਰ ਪੁਲੀਸ ਨੇ ਸਕੂਲ ਮਾਫੀਆ ਦੇ ਦਬਾਓ ਕਾਰਨ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ ਅਤੇ ਹੁਣ ਤੱਕ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਹਾਜ਼ਰ ਨੁਮਾਇੰਦਿਆਂ ਦੀ ਗੱਲ ਸੁਣਨ ਤੋਂ ਬਾਅਦ ਮੌਕੇ ’ਤੇ ਹੀ ਸਿੱਖਿਆ ਮੰਤਰੀ ਨੇ ਇਸ ਸਕੂਲ ਦੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਵੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਐਡਵੋਕੇਟ ਲਵਨੀਤ ਠਾਕੁਰ ਨੇ ਮੈਰੀਟੋਰੀਅਸ ਸਕੂਲਾਂ ਵਿੱਚ ਹੋਈਆਂ ਮੌਤਾਂ, ਵਿਦਿਆਰਥੀਆਂ ਦੇ ਕਤਲਾਂ ਅਤੇ ਵਿਦਿਆਰਥੀਆਂ ਦੇ ਸੱਟਾਂ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਦੇ ਉਪਰਾਲੇ ਕਰਨ ਦੀ ਮੰਗ ਵੀ ਕੀਤੀ ਗਈ। ਸੰਸਥਾਵਾਂ ਦੇ ਨੁਮਾਇੰਦਿਆਂ ਨੇ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪ੍ਰਾਈਵੇਟ ਸਕੂਲ ਮਾਫੀਆ ਦੇ ਦਬਾਓ ਵਿੱਚ ਨਾ ਆ ਕੇ ਪੀੜਤ ਮਾਪਿਆਂ ਅਤੇ ਵਿਦਿਆਰਥੀਆਂ ਦੀ ਮੱਦਦ ਕਰਨ। ਇਸ ਮੌਕੇ ਰਾਜੀਵ ਸਿੰਗਲਾ, ਵਿਸ਼ੇਸ਼ ਚੰਦੋਕ, ਤਾਲੀਮ ਅੰਸਾਰੀ, ਰਜੀਵ ਦਿਵਾਨ, ਅਮਿਤ ਸੰਦਲ, ਮਨੀਸ਼ ਸੋਨੀ, ਸੌਰਭ, ਤਲਵਿੰਦਰ ਸਿੰਘ, ਰਾਜਕੁਮਾਰ ਅਤੇ ਜਸਕਰਨ ਸਿੰਘ ਹਾਜ਼ਰ ਸਨ।

Load More Related Articles

Check Also

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਨਬਜ਼-ਏ-ਪੰਜਾਬ, ਮ…