nabaz-e-punjab.com

‘ਸੰਤਾਪ ਦਰ ਸੰਤਾਪ’ ਨਾਵਲ ’ਤੇ ਵਿਚਾਰ ਗੋਸ਼ਟੀ ਤੇ ਪੁਸਤਕ ਰਿਲੀਜ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ ਬਲਜੀਤ ਸਿੰਘ ਪਪਨੇਜਾ ਦਾ ਨਾਵਲ ‘ਸੰਤਾਪ ਦਰ ਸੰਤਾਪ’ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਮੁਹਾਲੀ ਵਿਖੇ ਭਰਵੇਂ ਇਕੱਠ ’ਚ ਲੋਕ-ਅਰਪਣ ਕੀਤਾ ਗਿਆ। ਲੋਕ-ਅਰਪਣ ਕਰਨ ਦੀ ਰਸਮ ਪ੍ਰਧਾਨਗੀ ਮੰਡਲ ’ਚ ਸ਼ਾਮਿਲ ਡਾ: ਜਗਬੀਰ ਸਿੰਘ (ਦਿੱਲੀ ਯੂਨੀਵਰਸਿਟੀ), ਡਾ: ਸੁਰਜੀਤ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ), ਡਾ: ਗੁਰਪਾਲ ਸਿੰਘ ਸਿੰਧੂ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ), ਮਨਮੋਹਨ ਸਿੰਘ ਦਾਊਂ (ਸੱਥ ਮੁਖੀ), ਸਿਮਰਨ ਪ੍ਰੀਤ (ਕਿੰਨਰ ਪ੍ਰਤੀਨਿੱਧ) ਤੇ ਬਲਜੀਤ ਸਿੰਘ ਪਪਨੇਜਾ ਨੇ ਅਦਾ ਕੀਤੀ।
ਮਨਮੋਹਨ ਸਿੰਘ ਦਾਊਂ ਨੇ ਆਏ ਮਹਿਮਾਨਾਂ ਦਾ ਸਵਾਗਤ ਪਪਨੇਜਾ ਦੀਆਂ ਰਚਨਾਵਾਂ ਨਾਵਲ ‘ਬੇਬੇ’, ‘ਸੰਤਾਪ’ ਅਤੇ ਸੰਤਾਪ ਦਰ ਸੰਤਾਪ’ ਬਾਰੇ ਬਾਰੇ ਜਾਣ-ਪਹਿਚਾਣ ਕਰਵਾਈ ਤੇ ਸੱਥ ਦੇ ਉਦੇਸ਼ਾਂ ’ਤੇ ਚਾਨਣਾ ਪਾਇਆ। ਇਸ ਮੌਕੇ ਪਟਿਆਲਾ ਤੋਂ ਪ੍ਰੋ: ਸੰਦੀਪ ਕੌਰ ਨੇ ਨਾਵਲ ਬਾਰੇ ਪਰਚੇ ’ਚ ਬਹੁਤ ਗੰਭੀਰ ਨੁਕਤਿਆਂ ’ਤੇ ਵਿਚਾਰ ਪ੍ਰਗਟਾਏ ਤੇ ਇਸ ਨਾਵਲ ਦੀ ਅਹਿਮੀਅਤ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲਾ ਆਖਿਆ। ਦੂਜਾ ਪਰਚਾ ਡਾ: ਮਿਨਕਾਸ਼ੀ ਰਾਠੌਰ ਨੇ ਪੜ੍ਹਦਿਆਂ ਇਸ ਨਾਵਲ ਨੂੰ ਸੁਚੱਜਾ ਮਾਹੌਲ ਸਿਰਜਣ ਦਾ ਸੁਨੇਹਾ ਦੇਣ ਵਾਲਾ ਆਖਿਆ ਤੇ ਕਈ ਭਾਵੁਕ ਦ੍ਰਿਸ਼ਾਂ ਦੀ ਗੱਲ ਛੋਹੀ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਡਾ: ਬਲਜੀਤ ਸਿੰਘ, ਬਲਕਾਰ ਸਿੰਘ ਸਿੱਧੂ ਤੇ ਪ੍ਰੋ: ਸ਼ਾਮ ਸਿੰਘ ਨੇ ਨਾਵਲਕਾਰ ਦੇ ਨਵੇਂ ਵਿਸ਼ੇ ਖੁਸਰਿਆਂ ਸਬੰਧੀ ਲਿਖਣ ’ਤੇ ਵਧਾਈ ਦਿੱਤੀ, ਜਲਦਕਿ ਜਲੌਰ ਸਿੰਘ ਨੇ ਖੁਸਰਿਆਂ ਦੀ ਦਰਦਨਾਕ ਜੀਵਨ ਸ਼ੈਲੀ ਦੇ ਪਹਿਲੂਆਂ ’ਤੇ ਰੌਸ਼ਨੀ ਪਾਈ। ਇਸ ਗੋਸ਼ਟੀ ’ਚ ਕਿੰਨਰ ਵਰਗ ’ਚੋਂ ਸ਼ਾਮਿਲ ਸ਼ਖਸੀਅਤਾਂ ਸਿਮਰਨ ਪ੍ਰੀਤ ਅਤੇ ਖੋਜਾਰਥੀ ਧਨੇਜੇ ਮੰਗਲਮੁਖੀ, ਨੇ ਆਪਣੇ ਦੁੱਖ ਭਰੇ ਜੀਵਨ ਬ੍ਰਿਤਾਂਤ ’ਤੇ ਚਾਨਣਾ ਪਾਉਂਦਿਆਂ ਸ੍ਰੋਤਿਆਂ ਨੂੰ ਭਾਵੁਕ ਹੋਣ ਲਈ ਮਜ਼ਬੂਰ ਕਰ ਦਿੱਤਾ।
ਪ੍ਰਾਕਿਰਤੀ ਦੇ ਇਸ ਲਿੰਗ ਭੇਦ ਨੂੰ ਕੁਦਰਤ ਦੀ ਵਿਭਿੰਨਤਾ ਲਈ ਸਦਭਾਵਨਾ ਪੈਦਾ ਕਰਨ ਲਈ ਘਰ, ਸਮਾਜ ਤੇ ਸਰਕਾਰੀ ਕਾਨੂੰਨਾਂ ਨੂੰ ਨਵੇਂ ਅਰਥ ਦੇਣ ਦਾ ਸੁਨੇਹਾ ਦਿੱਤਾ। ਡਾ: ਸੁਰਜੀਤ ਸਿੰਘ ਨੇ ਗੋਸ਼ਟੀ ਨੂੰ ਅਸਲੀ ਅਰਥ ਭਰਪੂਰ ਤੇ ਪ੍ਰਯੋਗੀ ਦੱਸਿਆ, ਜਦਕਿ ਡਾ: ਗੁਰਪਾਲ ਸਿੰਘ ਸੰਧੂ ਨੇ ਇਸ ਵਿਸ਼ੇ ਬਾਰੇ ਗੋਸ਼ਟੀ ਦੀ ਹਰ ਪੱਲੋਂ ਸ਼ਲਾਘਾ ਕੀਤੀ ਤੇ ਕਿੰਨਰ ਵਰਗ ਦੀ ਮਨੁੱਖੀ ਪਹਿਚਾਣ ਅੱਗੇ ਆਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਵਿਦਵਾਨ-ਚਿੰਤਣ ਡਾ: ਜਗਬੀਰ ਸਿੰਘ ਨੇ ਗੋਸ਼ਟੀ ਨੂੰ ਸਮੇਟਦਿਆਂ ਕਿੰਨਰ ਵਰਗ ਨੂੰ ਤੀਸਰੀ ਪ੍ਰਾਕਿਰਤੀ ਕਹਿਕੇ ਸਤਿਕਾਰਿਆ। ਇਸ ਮੌਕੇ ਨਾਵਲਕਾਰ ਪਪਨੇਜਾ ਨੂੰ ਸੱਥ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਪ੍ਰਿੰਸੀਪਲ ਗੁਰੀਮਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਅੰਤ ਵਿੱਚ ਨਾਵਲਕਾਰ ਬਲਜੀਤ ਸਿੰਘ ਪਪਨੇਜਾ ਵੱਲੋਂ ਧੰਨਵਾਦੀ ਸ਼ਬਦ ਆਖੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰੈਸ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਸੋਢੀ, ਸੀਨੀਅਰ ਪੱਤਰਕਾਰ ਬਲਜੀਤ ਮਰਵਾਹਾ, ਦਲਜੀਤ ਕੌਰ ਦਾਊਂ, ਮਨਜੀਤ ਮੀਤ, ਜਸਬੀਰ ਮੰਡ, ਦਰਸ਼ਨ ਬਨੂੜ, ਡਾ. ਗੁਰਬਚਨ ਸਿੰਘ ਮਾਵੀ, ਹਰੀ ਸਿੰਘ ਮੌਜ਼ਪੁਰੀ, ਸਤਵਿੰਦਰ ਮੜੌਲੀ, ਸ਼ਾਇਰ ਅਮਨ, ਸਰਦਾਰ ਸਿੰਘ ਚੀਮਾ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …