Nabaz-e-punjab.com

ਨਵੰਬਰ 84 ਸਿੱਖ ਕਤਲੇਆਮ: ਸੱਜਣ ਕੁਮਾਰ ਖ਼ਿਲਾਫ਼ ਗਵਾਹੀ ਦੇਣ ਵਾਲੇ ਤੇਜਿੰਦਰ ਸਿੰਘ ਨੇ ਦਮ ਤੋੜਿਆ

ਅਚਾਨਕ ਤਬੀਅਤ ਵਿਗੜਨ ਕਾਰਨ ਸ਼ੁੱਕਰਵਾਰ ਨੂੰ ਪੀਜੀਆਈ ਵਿੱਚ ਤੇਜਿੰਦਰ ਨੂੰ ਕਰਵਾਇਆ ਗਿਆ ਸੀ ਦਾਖ਼ਲ

10 ਸਾਲ ਪਹਿਲਾਂ ਤੇਜਿੰਦਰ ਸਿੰਘ ਦੇ ਵੱਡੇ ਭਰਾ ਤੇ ਮੁੱਖ ਗਵਾਹ ਗੁਰਚਰਨ ਸਿੰਘ ਦੀ ਵੀ ਹੋ ਚੁੱਕੀ ਹੈ ਮੌਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਬਲੌਂਗੀ ਵਿੱਚ ਰਹਿੰਦੇ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਇਕ ਹੋਰ ਗਵਾਹ ਭਾਈ ਤੇਜਿੰਦਰ ਸਿੰਘ ਬਲੌਗੀ ਨੇ ਦਮ ਤੋੜ ਦਿੱਤਾ। ਉਨ੍ਹਾਂ ਦਾ ਅੱਜ ਮੁਹਾਲੀ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੌਮੀ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਭਾਈ ਤੇਜਿੰਦਰ ਸਿੰਘ ਦੇ ਮ੍ਰਿਤਕ ਦੇਹ ਉੱਤੇ ਦੁਸਾਲਾ ਪਾਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦਸੰਬਰ 2009 ਵਿੱਚ ਤੇਜਿੰਦਰ ਸਿੰਘ ਦੇ ਭਰਾ ਤੇ ਸਿੱਖ ਕਤਲੇਆਮ ਦੇ ਮੁੱਖ ਗਵਾਹ ਗੁਰਚਰਨ ਸਿੰਘ ਦੀ ਮੌਤ ਹੋ ਗਈ ਸੀ। ਇਹ ਦੋਵੇਂ ਭਰਾ ਸਿੱਖ ਕਤਲੇਆਮ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੀਨੀਅਰ ਕਾਂਗਰਸ ਆਗੂ ਸੱਜਣ ਕੁਮਾਰ ਖ਼ਿਲਾਫ਼ ਕੇਸ ਦੇ ਗਵਾਹ ਸਨ। ਸਿੱਖ ਕਤਲੇਆਮ ਵੇਲੇ ਇਹ ਪਰਿਵਾਰ ਦਿੱਲੀ ਦੇ ਗੁਲਾਬ ਬਾਗ ਵਿੱਚ ਰਹਿੰਦਾ ਸੀ।
ਸ੍ਰੀ ਪੀਰਮੁਹੰਮਦ ਨੇ ਕਿਹਾ ਕਿ 10 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਗੁਰਚਰਨ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਸੱਜਣ ਕੁਮਾਰ ਦੇ ਖ਼ਿਲਾਫ਼ ਮੁੱਖ ਗਵਾਹ ਇਸ ਪਰਿਵਾਰ ਦੀ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ ਸੀ ਪ੍ਰੰਤੂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਗੁਰਚਰਨ ਸਿੰਘ ਦੀ ਮੌਤ ਤੋਂ ਬਾਅਦ ਪਿਛਲੀ ਅਕਾਲੀ ਸਰਕਾਰ ਅਤੇ ਐਸਜੀਪੀਸੀ ਨੇ ਇਸ ਪਰਿਵਾਰ ਦੀ ਕਦੇ ਕੋਈ ਸਾਰ ਨਹੀਂ ਲਈ। ਜਿਸ ਕਾਰਨ ਹੁਣ ਤੇਜਿੰਦਰ ਸਿੰਘ ਵੀ ਜ਼ਖ਼ਮਾਂ ਦਾ ਦਰਦ ਨਾ ਸਹਾਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ।
ਟਕਸਾਲੀ ਆਗੂ ਨੇ ਦੱਸਿਆ ਕਿ ਤੇਜਿੰਦਰ ਸਿੰਘ ਦੇ ਹੱਥ ਪੈਰ ਅਤੇ ਲੱਤਾਂ ਵਿੱਚ ਜ਼ਖ਼ਮਾਂ ’ਚੋਂ ਗੰਦਾ ਖੂਨ ਅਤੇ ਰੇਸ਼ਾ ਰਿਸਣਾ ਸ਼ੁਰੂ ਹੋ ਗਿਆ ਸੀ ਅਤੇ ਬੀਤੇ ਕੱਲ੍ਹ ਤੇਜਿੰਦਰ ਸਿੰਘ ਦੀ ਹਾਲਤ ਕਾਫੀ ਖਰਾਬ ਹੋ ਗਈ। ਉਨ੍ਹਾਂ ਨੇ ਉਸ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਲੇਕਿਨ ਪਹਿਲਾਂ ਤਾਂ ਪੀੜਤ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਉਣ ਲਈ ਡਾਕਟਰਾਂ ਦੇ ਤਰਲੇ ਕੱਢਣੇ ਪਏ ਪ੍ਰੰਤੂ ਅੱਜ ਜਦੋਂ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ ਤਾਂ ਇਸ ਦੌਰਾਨ ਗਵਾਹ ਦੀ ਮੌਤ ਹੋ ਗਈ। ਆਗੂ ਨੇ ਕਿਹਾ ਕਿ ਜੇਕਰ ਸਮੇਂ ਦੀਆਂ ਸਰਕਾਰਾਂ ਅਤੇ ਐਸਜੀਪੀਸੀ ਨੇ ਪੀੜਤ ਪਰਿਵਾਰ ਦੀ ਦੇਖਭਾਲ ਕੀਤੀ ਹੁੰਦੀ ਤਾਂ ਅੱਜ ਤੇਜਿੰਦਰ ਸਿੰਘ ਸਾਡੇ ਵਿੱਚ ਹੋਣਾ ਸੀ। ਉਨ੍ਹਾਂ ਮੰਗ ਕੀਤੀ ਕਿ ਐਸਜੀਪੀਸੀ ਆਪਣੇ ਵਾਅਦੇ ’ਤੇ ਕਾਇਮ ਰਹੇ ਅਤੇ ਇਸ ਪਰਿਵਾਰ ਸਮੇਤ ਹੋਰਨਾਂ ਪੀੜਤ ਪਰਿਵਾਰਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ।
ਇਸ ਮੌਕੇ ਸੱਜਣ ਕੁਮਾਰ ਖ਼ਿਲਾਫ਼ ਗਵਾਹੀ ਦੇਣ ਵਾਲੇ ਦੰਗਾ ਪੀੜਤ ਮ੍ਰਿਤਕ ਤੇਜਿੰਦਰ ਸਿੰਘ ਦੇ ਵੱਡੇ ਭਰਾ ਮਨਜੀਤ ਸਿੰਘ ਨੇ ਸਮੇਂ ਦੀਆਂ ਸਰਕਾਰਾਂ ਅਤੇ ਐਸਜੀਪੀਸੀ ਪ੍ਰਤੀ ਸਖ਼ਤ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵੰਬਰ 84 ਦੇ ਸਿੱਖ ਕਤਲੇਆਮ ਨੂੰ 35 ਸਾਲ ਬੀਤ ਚੁੱਕੇ ਹਨ। ਹੁਣ ਤੱਕ ਨਾ ਤਾਂ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ ਹਨ ਅਤੇ ਨਾ ਹੀ ਪੀੜਤ ਪਰਿਵਾਰਾਂ ਦੀ ਕਿਸੇ ਬਾਂਹ ਫੜੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਕਿਸੇ ਤੋਂ ਇਨਸਾਫ਼ ਅਤੇ ਮਦਦ ਦੀ ਕੋਈ ਆਸ ਨਹੀਂ ਹੈ।
(ਬਾਕਸ ਆਈਟਮ)
ਸਿੱਖ ਕਤਲੇਆਮ ਮਾਮਲੇ ਵਿੱਚ ਸੱਜਣ ਕੁਮਾਰ ਖ਼ਿਲਾਫ਼ ਗਵਾਹੀ ਦੇਣ ਵਾਲੇ ਗਵਾਹ ਤੇਜਿੰਦਰ ਸਿੰਘ ਬਲੌਂਗੀ ਦੀ ਮਰਨ ਤੋਂ ਕੁਝ ਪਲ ਪਹਿਲਾਂ ਦੀ ਬਣੀ ਹੋਈ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਜਿਸ ਵਿੱਚ ਪੀੜਤ ਆਪਣੇ ਇਲਾਜ ਲਈ ਗੁਹਾਰ ਲਗਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਮੇਰੀ ਬਹੁਤ ਮੰਦੀ ਹਾਲਤ ਹੈ। ਸਿੱਖ ਕਤਲੇਆਮ ਤੋਂ ਪਹਿਲਾਂ ਉਹ ਗੁਲਾਬ ਬਾਗ ਵਿੱਚ ਰਹਿੰਦੇ ਸੀ। ਬਾਅਦ ਵਿੱਚ ਮੁਹਾਲੀ ਨੇੜੇ ਪਿੰਡ ਬਲੌਂਗੀ ਵਿੱਚ ਆ ਕੇ ਵਸ ਗਏ। ਉਨ੍ਹਾਂ ਆਪਣੇ ਸਰੀਰ ਉੱਤੇ ਬਣੇ ਜ਼ਖ਼ਮਾਂ ਤੋਂ ਕੁਰਲਾ ਰਹੇ ਤੇਜਿੰਦਰ ਨੇ ਉਸ ਦਾ ਜਲਦੀ ਇਲਾਜ ਕਰਵਾਉਣ ਦੀ ਮੰਗ ਕੀਤੀ ਗਈ ਲੇਕਿਨ ਕਿਸੇ ਨੇ ਉਸ ਦਾ ਦਰਦ ਨਹੀਂ ਸੁਣਿਆ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੌਮੀ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਪੀੜਤ ਦੀ ਪੁਕਾਰ ਸੁਣ ਕੇ ਉਸ ਨੂੰ ਕਾਫੀ ਜੱਦੋ ਜਾਹਿਦ ਤੋਂ ਬਾਅਦ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਪ੍ਰੰਤੂ ਉਸ ਦੀ ਮੌਤ ਹੋ ਗਈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …