ਅਮਰੀਕਾ ਵਿੱਚ ਡੈਮ ਟੁੱਟਣ ਦਾ ਖਤਰਾ ਟਲਿਆ

ਹਜ਼ਾਰਾਂ ਲੋਕਾਂ ਨੂੰ ਆਪਣੇ ਵੱਸਦੇ-ਰੱਸਦੇ ਘਰ ਛੱਡ ਕੇ ਸੁਰੱਖਿਅਤ ਥਾਂਵਾਂ ’ਤੇ ਸ਼ਰਨ ਲੈਣ ਲਈ ਹੋਣਾ ਪਿਆ ਮਜਬੂਰ

ਨਬਜ਼-ਏ-ਪੰਜਾਬ ਬਿਊਰੋ, ਵਾਸ਼ਿੰਗਟਨ, 15 ਫਰਵਰੀ:
ਅਮਰੀਕਾ ਦੇ ਸਭ ਤੋਂ ਉੱਚੇ ਅਤੇ ਵਿਸ਼ਾਲ ਡੈਮ ਦੇ ਟੁੱਟਣ ਦਾ ਖ਼ਤਰਾ ਬਣਨ ਕਰਕੇ ਹਜ਼ਾਰਾਂ ਲੋਕਾਂ ਨੂੰ ਆਪਣੇ ਵੱਸਦੇ-ਰੱਸਦੇ ਘਰ ਛੱਡ ਕੇ ਸੁਰੱਖਿਅਤ ਥਾਂਵਾਂ ਤੇ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ ਸੀ ਪਰ ਹੁਣ ਸਥਿਤੀ ਕਾਬੂ ਵਿੱਚ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਹੁਕਮ ਦਿੱਤਾ ਗਿਆ ਹੈ ਕਿ ਲੋਕ ਹੁਣ ਆਪਣੇ ਘਰਾਂ ਵਿੱਚ ਵਾਪਸ ਜਾ ਸਕਦੇ ਹਨ। ਸੰਕਟਕਾਲੀਨ ਵਿਭਾਗ ਨੇ ਦੱਸਿਆ ਕਿ ਡੈਮ ਦੇ ਪਾਣੀ ਦਾ ਪੱਧਰ ਘੱਟ ਗਿਆ ਹੈ ਅਤੇ ਹੁਣ ਲੋਕਾਂ ਨੂੰ ਇਸ ਕਾਰਨ ਕੋਈ ਵੀ ਪ੍ਰੇਸ਼ਾਨੀ ਨਹੀਂ ਆਵੇਗੀ। ਸਿਸਟਮ ਦੇ ਫੇਲ ਹੋਣ ਅਤੇ ਪਾਣੀ ਦੇ ਓਵਰਫਲੋਅ ਕਾਰਨ ਕੈਲੀਫੋਰਨੀਆ ਸੂਬੇ ਵਿੱਚ ਬਣੇ ਓਰਵਿਲੇ ਡੈਮ ਦਾ ਬੰਨ੍ਹ ਟੁੱਟਣ ਦਾ ਖਦਸ਼ਾ ਸੀ। ਇਸ ਕਾਰਨ ਇਸ ਦੀ ਮੁਰੰਮਤ ਲਈ ਵੀ ਕੰਮ ਸ਼ੁਰੂ ਕੀਤਾ ਗਿਆ। ਇੱਥੇ ਸੀਮੈਂਟ ਅਤੇ ਬਜਰੀ ਦੇ ਭਰੇ ਟਰੱਕ ਦੇਖੇ ਗਏ। ਇਸ ਡੈਮ ਵਿੱਚ ਪਾੜ ਪੈ ਗਿਆ ਸੀ, ਜਿਸ ਪੱਥਰਾਂ ਨਾਲ ਭਰੇ ਬੋਰਿਆਂ ਨਾਲ ਭਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਖਤਰੇ ਕਾਰਨ ਅਮਰੀਕਾ ਵਿੱਚ ਸਿੱਖਾਂ ਦੀ ਸਭ ਤੋਂ ਵਧ ਆਬਾਦੀ ਵਾਲੇ ਸ਼ਹਿਰ ਯੂਬਾ ਸਿਟੀ ਨੂੰ ਭਾਰੀ ਖ਼ਤਰਾ ਪੈਦਾ ਹੋ ਗਿਆ ਸੀ। ਇਸ ਸ਼ਹਿਰ ਵਿੱਚ ਸਿੱਖਾਂ ਦੀ ਗਿਣਤੀ 13 ਫੀਸਦੀ ਤੋਂ ਵਧ ਹੈ। ਇੰਨਾ ਹੀ ਨਹੀਂ, ਯੂਬਾ ਸਿਟੀ ਵਿੱਚ ਕਈ ਗੁਰਦੁਆਰੇ ਵੀ ਹਨ। ਬੰਨ੍ਹ ਟੁੱਟਣ ਦੇ ਡਰ ਕਾਰਨ ਪ੍ਰਸ਼ਾਸਨ ਨੇ ਯੂਬਾ ਸਿਟੀ ਅਤੇ ਆਲੇ-ਦੁਆਲੇ ਦੇ ਰਿਹਾਇਸ਼ੀ ਇਲਾਕਿਆਂ ਜਿਵੇਂ ਕਿ ਹਾਲੀਵੁੱਡ, ਮੈਰੀਸ਼ਵਿਲੇ, ਲਿੰਡਾ ਅਤੇ ਪਲੂਮਾਸ ਲੇਕ ਨੂੰ ਖਾਲੀ ਕਰਵਾਉਣ ਦਾ ਹੁਕਮ ਦਿੱਤਾ ਸੀ। ਹੁਣ ਤੱਕ 1,88,000 ਹਜ਼ਾਰ ਦੇ ਕਰੀਬ ਲੋਕ ਇਨ੍ਹਾਂ ਇਲਾਕਿਆਂ ਨੂੰ ਖ਼ਾਲੀ ਕਰਕੇ ਜਾ ਚੁੱਕੇ ਸਨ। ਪ੍ਰਭਾਵਿਤਾਂ ਵਿੱਚ 20,000 ਪੰਜਾਬੀ ਵੀ ਹਨ। ਜਿਕਰਯੋਗ ਹੈ ਕਿ ਓਰਵਿਲੇ ਡੈਮ ਦੀ ਉਚਾਈ ਲਗਭਗ 800 ਫੁੱਟ ਹੈ। ਇਸ ਨੂੰ ਬਿਜਲੀ ਦੇ ਉਤਪਾਦਨ ਲਈ ਬਣਾਇਆ ਗਿਆ ਸੀ। ਇਸ ਨੂੰ ਬਣਾਉਣ ਦਾ ਕੰਮ 1961 ਵਿੱਚ ਸ਼ੁਰੂ ਹੋਇਆ ਅਤੇ ਇਹ 4 ਮਈ 1968 ਨੂੰ ਬਣ ਕੇ ਤਿਆਰ ਹੋਇਆ ਸੀ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…