
6ਵਾਂ ਪੇਅ ਕਮਿਸ਼ਨ: ਹੁਣ ਪੰਚਾਇਤ ਸਕੱਤਰ ਤੇ ਗਰਾਮ ਸੇਵਕ ਵੀ ਸੜਕਾਂ ’ਤੇ ਉੱਤਰੇ
ਪੰਚਾਇਤ ਸਕੱਤਰ ਤੇ ਗਰਾਮ ਸੇਵਕਾਂ ਨੇ ਡਾਇਰੈਕਟਰ ਪੰਚਾਇਤ ਦੇ ਦਫ਼ਤਰ ਦੇ ਬਾਹਰ ਦਿੱਤਾ ਧਰਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਪੰਚਾਇਤ ਵਿਭਾਗ ਵਿੱਚ ਕੰਮ ਕਰਦੇ ਪੰਚਾਇਤ ਸਕੱਤਰ ਅਤੇ ਵੀਡੀਓ (ਗਰਾਮ ਸੇਵਕ) ਯੂਨੀਅਨ ਵੱਲੋਂ ਜਸਪਾਲ ਸਿੰਘ ਬਾਠ (ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ ਅਤੇ ਸਤਵਿੰਦਰ ਸਿੰਘ ਕੰਗ (ਪ੍ਰਧਾਨ ਗਰਾਮ ਸੇਵਕ ਯੂਨੀਅਨ) ਦੀ ਪ੍ਰਧਾਨਗੀ ਹੇਠ ਅੱਜ ਇੱਥੇ ਡਾਇਰੈਕਟਰ ਪੰਚਾਇਤ ਦੇ ਮੁੱਖ ਦਫ਼ਤਰ (ਵਿਕਾਸ ਭਵਨ ਮੁਹਾਲੀ) ਵਿਖੇ 6ਵੇਂ ਪੇਅ ਕਮਿਸ਼ਨ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। 6ਵੇਂ ਪੇਅ ਕਮਿਸ਼ਨ ਦੀ ਨੋਟੀਫ਼ਿਕੇਸ਼ਨ ਅਨੁਸਾਰ ਸੀ ਕੈਟਾਗਿਰੀ ਦੇ ਮੁਲਾਜ਼ਮ (ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ) ਦੀਆਂ ਤਨਖ਼ਾਹਾਂ ਵਿੱਚ ਬਣਦਾ ਵਾਧਾ ਕਰਨ ਦੀ ਬਜਾਏ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਤਨਖ਼ਾਹ ਵਾਲੇ ਭੱਤਿਆਂ ਨੂੰ ਘਟਾਇਆ ਗਿਆ ਹੈ। ਜਿਸ ਨਾਲ ਕਰਮਚਾਰੀਆਂ ਨੂੰ ਬਹੁਤ ਵਿੱਤੀ ਨੁਕਸਾਨ ਹੋ ਰਿਹਾ ਹੈ।
ਇਸ ਸਬੰਧੀ ਪੰਜਾਬ ਭਰ ਦੇ ਸਾਰੇ ਪੰਚਾਇਤ ਸਕੱਤਰ ਅਤੇ ਵੀਡੀਓ 22.07.2021 ਤੋਂ ਲਗਾਤਾਰ ਕਲਮਛੋੜ ਹੜਤਾਲ ’ਤੇ ਚੱਲਦੇ ਆ ਰਹੇ ਹਨ। ਜਿਸ ਕਰਕੇ ਪਿੰਡਾਂ ਦੇ ਵਿਕਾਸ ਕਾਰਜ ਵੀ ਬਿਲਕੁਲ ਠੱਪ ਪਏ ਹਨ। ਕਰਮਚਾਰੀਆਂ ਵੱਲੋਂ 6ਵੇਂ ਵਿੱਤ ਕਮਿਸ਼ਨ ਦੀ ਨੋਟੀਫਿਕੇਸ਼ਨ ਦੀਆਂ ਤਰੁੱਟੀਆਂ ਨੂੰ ਜਲਦੀ ਦੂਰ ਕਰਨ ਦੇ ਨਾਲ ਨਾਲ ਪੰਚਾਇਤ ਸਕੱਤਰ/ਵੀਡੀਓ (ਗਰਾਮ ਸੇਵਕ) ਨੂੰ ਪੰਜ ਸਾਲ ਦੀ ਸਰਵਿਸ ਤੋਂ ਬਾਅਦ ਪੰਚਾਇਤ ਅਫ਼ਸਰ/ਐਸਈਪੀਓ ਦਾ ਗਰੇਡ ਅਤੇ 10 ਸਾਲ ਦੀ ਸਰਵਿਸ ਤੋਂ ਬਾਅਦ ਬੀਡੀਪੀਓ ਦਾ ਗਰੇਡ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਹੇਠ ਲਿਖੇ ਅਨੁਸਾਰ ਵਿਭਾਗੀ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ।
ਕਰਮਚਾਰੀਆਂ ਦੀ ਮੰਗ ਹੈ ਕਿ ਪੰਚਾਇਤ ਸਕੱਤਰ ਅਤੇ ਵੀਡੀਓ (ਗਰਾਮ ਸੇਵਕ) ਨੂੰ ਵਿਭਾਗ ਦੇ ਨੋਟੀਫ਼ਿਕੇਸ਼ਨ ਨੰਬਰ 9-7-80 ਅਤੇ ਪੱਤਰ ਨੰਬਰ 23/6/1998 ਮੁਤਾਬਕ 50:50 ਦੀ ਰੋਸ ਦੇ ਨਾਲ ਸੀਨੀਅਰ ਸਕੇਲ ਦਿੱਤਾ ਗਿਆ ਸੀ, ਕਰਮਚਾਰੀਆਂ ਨੂੰ ਇਸ ਵਿੱਚ ਪਲੇਸਮੈਂਟ ਕਰਦੇ ਹੋਏ ਬਣਦੇ ਲਾਭ ਦਿੱਤੇ ਜਾਣ। ਵਿਭਾਗੀ ਪੱਤਰਾਂ ਅਨੁਸਾਰ 470 ਅਤੇ 909 ਬੈਚ ਦੇ ਪੰਚਾਇਤ ਸਕੱਤਰਾਂ ਨੂੰ ਪੁਰਾਣੀ ਪੈਨਸ਼ਨ ਲਾਗੂ ਕੀਤੀ ਗਈ ਹੈ। ਇਨ੍ਹਾਂ ਬੈਂਚਾਂ ਦੇ ਮਿਤਕ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਰਿਟਾਇਰ ਕਰਮਚਾਰੀਆਂ ਨੂੰ ਬਣਦੀ ਪੈਨਸ਼ਨ ਤੁਰੰਤ ਜਾਰੀ ਕੀਤੀ ਜਾਵੇ।
ਗਰਾਮ ਸੇਵਕਾਂ (ਵੀਡੀਓ) ’ਚੋਂ ਐਸਈਪੀਓ ਦੀ ਤਰੱਕੀ ਦਾ 100 ਫੀਸਦੀ ਕੋਟਾ ਨਿਰਧਾਰਿਤ ਕੀਤਾ ਜਾਵੇ। ਪੰਚਾਇਤ ਸਕੱਤਰਾਂ ਦੀਆਂ ਤਨਖ਼ਾਹਾਂ ਅਤੇ ਸੀਪੀਐਫ਼ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਅਤੇ ਤਨਖ਼ਾਹ ਈਟੀਟੀ ਟੀਚਰਾਂ ਵਾਂਗ ਸਰਕਾਰੀ ਖਜਾਨੇ ਰਾਹੀਂ ਜਾਰੀ ਕੀਤੀਆਂ ਜਾਣ। ਪੰਚਾਇਤ ਸਕੱਤਰ ਅਤੇ ਵੀਡੀਓ ਨੂੰ ਫੀਲਡ ਕਰਮਚਾਰੀ ਹੋਣ ਕਰਕੇ ਜੇਈ ਵਾਂਗ 30 ਲੀਟਰ ਪੈਟਰੋਲ ਪ੍ਰਤੀ ਮਹੀਨਾ ਜਾਰੀ ਕੀਤਾ ਜਾਵੇ। ਧਰਨੇ ਵਿਚ ਸੁਖਚੈਨ ਸਿੰਘ ਖਹਿਰਾ ਸਾਂਝਾ ਮੁਲਾਜਮ ਮੰਚ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਕਨਵੀਨਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਜਾਣਕਾਰੀ ਦਿੱਤੀ।
ਅੱਜ ਦੇ ਧਰਨੇ ਨੂੰ ਗੁਰਜੀਵਨ ਸਿੰਘ ਬਰਾੜ, ਜਸਪਾਲ ਸਿੰਘ ਬਾਠ, ਸਤਵਿੰਦਰ ਸਿੰਘ ਕੰਗ, ਰਵਿੰਦਰ ਸਿੰਘ, ਰਵਿੰਦਰ ਕੁਮਾਰ, ਸੰਦੀਪ ਕੁਮਾਰ, ਰਣਜੋਧ ਸਿੰਘ, ਨਿਰਮਲ ਸਿੰਘ, ਅਮਰੀਕ ਸਿੰਘ, ਬੇਅੰਤ ਸਿੰਘ, ਨਿਸ਼ਾਨ ਸਿੰਘ, ਸਵਰਨ ਸਿੰਘ ਮਾਨ, ਸੰਦੀਪ ਸਿੰਘ ਬਰਾੜ, ਨਰਿੰਦਰ ਸਿੰਘ ਖਹਿਰਾ, ਜਸਵਿੰਦਰ ਸਿੰਘ ਵਾਲੀਆ, ਓਂਕਾਰ ਸਿੰਘ, ਹਰਦੀਪ ਸਿੰਘ, ਹਰਭੇਜ ਸਿੰਘ, ਸੰਜੀਵ ਕੁਮਾਰ ਸੋਨੀ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਧਰਨੇ ਵਿਚ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਚਾਇਤ ਸਕੱਤਰ, ਵੀਡੀਓਜ਼, ਯੂਨੀਅਨ ਦੇ ਬਾਕੀ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਅਤੇ ਪੰਚਾਇਤ ਅਫਸਰ ਅਤੇ ਹੋਰ ਕਰਮਚਾਰੀ ਹਾਜ਼ਰ ਸਨ।