Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ ਕਿਊ.ਆਰ.-ਕੋਡ ਰਾਹੀਂ ਰੱਖੀ ਜਾਵੇਗੀ ਸ਼ਰਾਬ ਦੀ ਸਪਲਾਈ ’ਤੇ ਨਜ਼ਰ: ਮੁੱਖ ਸਕੱਤਰ ਮੁੱਖ ਸਕੱਤਰ ਵੱਲੋਂ ਨਕਲੀ ਸ਼ਰਾਬ ਤੇ ਤਸਕਰੀ ਰੋਕਣ ਲਈ ਚੌਕਸੀ ਤੇ ਸੁਧਾਰ ਲਿਆਉਣ ਦੇ ਆਦੇਸ਼ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਜੁਲਾਈ: ਸਰਹੱਦੀ ਸੂਬੇ ਵਿੱਚ ਨਕਲੀ ਸ਼ਰਾਬ ਦੀ ਵਿਕਰੀ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਲਦੀ ਕੁਇਕ ਰਿਸਪਾਂਸ (ਕਿਊ.ਆਰ.)-ਕੋਡ ਆਧਾਰਤ ਟਰੈਕ ਅਤੇ ਟਰੇਸ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਫੀਕਲ ਸਲੱਜ ਅਤੇ ਸੈਪਟੇਜ਼ ਮੈਨੇਜਮੈਂਟ (ਐਫ.ਐਸ.ਐਸ.ਐਮ.) ਨੂੰ ਲਾਗੂ ਕਰਨ ਲਈ ਤਕਨੀਕੀ ਸਹਾਇਤਾ ਇਕਾਈ (ਟੀ.ਐਸ.ਯੂ.) ਸਥਾਪਤ ਕੀਤੀ ਜਾਵੇਗੀ। ਮੁੱਖ ਸਕੱਤਰ, ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਇਥੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਦੀ ਕਾਰਜਕਾਰੀ ਕਮੇਟੀ ਦੀ 157ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਆਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਵੱਲੋਂ ਵੱਖ ਵੱਖ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ, ਜਿਨ੍ਹਾਂ ਵਿੱਚੋਂ ਕਈ ਜਨਤਕ ਪ੍ਰਾਈਵੇਟ ਭਾਈਵਾਲੀ ਤਹਿਤ ਲਾਗੂ ਕੀਤੇ ਜਾ ਰਹੇ ਹਨ, ਦੀ ਸਮੀਖਿਆ ਵੀ ਕੀਤੀ। ਸਬੰਧਿਤ ਅਧਿਕਾਰੀਆਂ ਨੂੰ ਸੂਬੇ ਵਿੱਚ ਨਕਲੀ ਸ਼ਰਾਬ ਦੀ ਵਿਕਰੀ ਅਤੇ ਤਸਕਰੀ ਨੂੰ ਰੋਕਣ ਲਈ ਚੌਕਸ ਰਹਿਣ ਦੇ ਨਿਰਦੇਸ਼ ਦਿੰਦਿਆਂ ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਕਿਊ.ਆਰ.-ਕੋਡ ਆਧਾਰਤ ਟਰੈਕ ਅਤੇ ਟਰੇਸ ਪ੍ਰਣਾਲੀ ਜਨਤਕ ਨਿੱਜੀ ਭਾਈਵਾਲੀ (ਪੀ.ਪੀ.ਪੀ.) ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ, ਜੋ ਸ਼ਰਾਬ ਉਤਪਾਦਨ ਤੇ ਸਪਲਾਈ ਦੀ ਰੀਅਲ ਟਾਈਮ ਡਾਟਾ ਮੌਨੀਟਰਿੰਗ ਅਤੇ ਤਸਦੀਕ ਰਾਹੀਂ ਨਾਜਾਇਜ਼ ਅਤੇ ਨਕਲੀ ਸ਼ਰਾਬ ’ਤੇ ਤਿੱਖੀ ਨਜ਼ਰ ਰੱਖਣ ਵਿੱਚ ਮਦਦਗਾਰ ਹੋਵੇਗੀ। ਸੂਬੇ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਸ੍ਰੀਮਤੀ ਮਹਾਜਨ ਨੇ ਸਬੰਧਤ ਵਿਭਾਗਾਂ ਨੂੰ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਪੀ.ਆਈ.ਡੀ.ਬੀ. ਕਾਰਜਕਾਰੀ ਕਮੇਟੀ ਨੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਤੀਜੇ ਪੜਾਅ ਲਈ 300 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਪ੍ਰਵਾਨਗੀ ਦਿੱਤੀ ਤਾਂ ਜੋ ਸੂਬੇ ਦੇ ਸ਼ਹਿਰੀ ਵਿਕਾਸ ’ਚ ਹੋਰ ਤੇਜ਼ੀ ਲਿਆਂਦੀ ਜਾ ਸਕੇ। ਸੰਗਰੂਰ ਕੋਠੀ, ਦਰਬਾਰ ਹਾਲ ਅਤੇ ਗੋਲ ਕੋਠੀ, ਕਪੂਰਥਲਾ, ਰਣ ਬਾਸ ਅਤੇ ਕਿਲਾ ਮੁਬਾਰਕ, ਪਟਿਆਲਾ ਵਿਖੇ ਚੱਲ ਰਹੇ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਅਮੀਰ ਵਿਰਾਸਤ ਦੀ ਸਾਂਭ-ਸੰਭਾਲ ਲਈ ਵਚਨਬੱਧ ਹੈ। ਸਬੰਧਤ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੰਦਿਆਂ ਉਨ੍ਹਾਂ ਨੇ ਅੰਮਿ੍ਰਤਸਰ ਵਿਖੇ ਜਨਤਕ ਨਿੱਜੀ ਭਾਈਵਾਲੀ ਤਹਿਤ ਸਰਕਟ ਹਾਊਸ ਦੇ ਵਿਕਾਸ, ਅਪਰੇਸ਼ਨ ਤੇ ਸਾਂਭ-ਸੰਭਾਲ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਮੋਹਾਲੀ ਅਤੇ ਅੰਮਿ੍ਰਤਸਰ ਵਿਖੇ ਕ੍ਰਮਵਾਰ 6 ਏਕੜ ਅਤੇ 8.26 ਏਕੜ ਵਿੱਚ ਕਮਰਸ਼ੀਅਲ-ਕਮ-ਕਨਵੈਨਸ਼ਨ ਸੈਂਟਰ ਦੇ ਪ੍ਰਾਜੈਕਟਾਂ ਨੂੰ ਸੋਧੇ ਹੋਏ ਮਾਪਦੰਡਾਂ ਨਾਲ ਪ੍ਰਵਾਨਗੀ ਦਿੱਤੀ ਗਈ। ਰਣਜੀਤ ਸਾਗਰ ਝੀਲ ਦੇ ਆਸਪਾਸ ਈਕੋ ਟੂਰਿਜ਼ਮ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ, ਜਿਸ ਲਈ ਬੋਲੀ ਪ੍ਰਕਿਰਿਆ ਅਧੀਨ ਹੈ। ਇਸ ਦੌਰਾਨ ਮਾਲ ਰੋਡ, ਪਟਿਆਲਾ ਵਿਖੇ ਪੀ.ਡਬਲਿਊ.ਡੀ. ਹੈੱਡਕੁਆਰਟਰ ਦੀ ਪੁਰਾਣੀ ਇਮਾਰਤ ਨੂੰ ਪੀ.ਪੀ.ਪੀ. ਆਧਾਰ ’ਤੇ ਹੈਰੀਟੇਜ ਹੋਟਲ ਵਜੋਂ ਵਿਕਸਿਤ ਕਰਨ ਅਤੇ ਲੁਧਿਆਣਾ ਵਿਖੇ ਬਹੁ-ਮੰਜ਼ਿਲਾ ਕਾਰ ਪਾਰਕਿੰਗ ਅਤੇ ਦਫ਼ਤਰ ਦੀ ਜਗ੍ਹਾ ਤੋਂ ਇਲਾਵਾ ਪਟਿਆਲਾ ਵਿਖੇ ਪੀ.ਪੀ.ਪੀ. ਆਧਾਰ ’ਤੇ ਬਹੁ-ਮੰਜ਼ਿਲਾ ਕਾਰ ਪਾਰਕਿੰਗ ਨਾਲ ਕਮਰਸ਼ੀਅਲ ਡਿਵੈਲਪਮੈਂਟ ਸਪੇਸ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ