ਹੁਣ ਇੱਕੋ ਬੈਂਚ ’ਤੇ ਬੈਠ ਕੇ ਪੜ੍ਹਨਗੇ ਮਜ਼ਦੂਰਾਂ, ਡੀਸੀ ਤੇ ਮੰਤਰੀਆਂ ਦੇ ਬੱਚੇ: ਭਗਵੰਤ ਮਾਨ

ਮੁੱਖ ਮੰਤਰੀ ਵੱਲੋਂ ‘ਸਕੂਲ ਆਫ਼ ਐਮੀਨੈਂਸ’ ਦੀ ਸ਼ੁਰੂਆਤ, ਪੰਜਾਬ ਨੂੰ ਮਿਲੇਗੀ ਮਿਆਰੀ ਸਿੱਖਿਆ

ਮੁੱਖ ਮੰਤਰੀ ਨੇ ਕੀਤਾ ਸਿੱਖਿਆ ਖੇਤਰ ਦੇ ਵਿੱਚ ਨਵੇਂ ਇਨਕਲਾਬ ਦਾ ਆਗਾਜ਼

ਪਿਛਲੀਆਂ ਸਰਕਾਰਾਂ ਨੇ ਸਿੱਖਿਆ ਵੱਲ ਧਿਆਨ ਦਿੱਤਾ ਹੁੰਦਾ ਤਾਂ ਨੌਜਵਾਨਾਂ ਦਾ ਭਵਿੱਖ ਤਬਾਹ ਨਾ ਹੁੰਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ:
ਪੰਜਾਬ ਦੀ ਆਪ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਐਮੀਨੈਂਸ ਸਕੂਲ ਪ੍ਰਾਜੈਕਟ ਨੂੰ ਅੱਜ ਮੁਹਾਲੀ ਵਿੱਚ ਲਾਂਚ ਕੀਤਾ ਗਿਆ ਹੈ। ਇਸ ਸਬੰਧੀ ਇੱਥੋਂ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਸੂਬਾ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਦਾ ਆਗਾਜ਼ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੈਰ ਸਪਾਟਾ ਮੰਤਰੀ ਮੰਤਰੀ ਅਨਮੋਲ ਗਗਨ ਮਾਨ, ਵਿਧਾਇਕ ਕੁਲਵੰਤ ਸਿੰਘ, ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ, ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ, ਐੱਸਐੱਸਪੀ ਡਾ. ਸੰਦੀਪ ਗਰਗ, ਚੇਅਰਮੈਨ ਡਾ. ਸੰਨ੍ਹੀ ਆਹਲੂਵਾਲੀਆ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸ਼ਨ ਪ੍ਰਭਜੋਤ ਕੌਰ, ਯੂਥ ਆਗੂ ਪ੍ਰਿੰਸ ਧਾਲੀਵਾਲ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਲਈ ਬਹੁਤ ਹੀ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ ਵਿਸ਼ਵ ਪੱਧਰ ਦਾ ਬਣਾਉਣ ਦਾ ਸੁਪਨਾ ਉਨ੍ਹਾਂ ਨੂੰ ਸੌਣ ਨਹੀਂ ਦਿੰਦਾ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਵਿਸ਼ਵਾਸ ਦੀ ਹੈ, ਮਾਪੇ ਅਧਿਆਪਕਾਂ ਦੇ ਹੱਥ ਇਸ ਵਿਸ਼ਵਾਸ ਨਾਲ ਫੜਾ ਜਾਂਦੇ ਹਨ ਕਿ ਤੁਸੀਂ ਇਸ ਨੂੰ ਕੁਝ ਬਣਾ ਦਿਓ। ਉਨ੍ਹਾਂ ਕਿਹਾ ਕਿ ਐਮੀਨੈਂਸ ਸਕੂਲ ਨੂੰ ਜੇਕਰ ਪੰਜਾਬੀ ਵਿੱਚ ਕਹਿਣਾ ਹੋਵੇ ਤਾਂ ਹੁਨਰ ਨੂੰ ਤਲਾਸ਼ਣ ਵਾਲਾ ਸਕੂਲ ਹੈ। ਉਨ੍ਹਾਂ ਕਿਹਾ ਕਿ ਹੁਨਰ ਕੋਈ ਅਮੀਰੀ ਗਰੀਬੀ ਨਹੀਂ ਦੇਖਦਾ। ਇਸ ਸਮਾਗਮ ਵਿੱਚ 117 ਐਮੀਨੈਂਸ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਿੰਘਾਪੁਰ ਜਾ ਰਹੇ 36 ਪ੍ਰਿੰਸੀਪਲ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਕਿਹਾ ਕਿ ‘ਮੇਰਾ ਪਹਿਲਾਂ ਤੋਂ ਹੀ ਇਹ ਸੁਪਨਾ ਸੀ ਕਿ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕੀਤੀ ਜਾਵੇ ਅਤੇ ਪੰਜਾਬ ਦੇ ਨੌਜਵਾਨਾਂ, ਖਾਸ ਕਰਕੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਦੀ ਬਣਾਇਆ ਜਾਵੇ ਤਾਂ ਜੋ ਉਹ ਸ਼ਹੀਦਾਂ ਦੇ ਸੁਪਨਿਆਂ ਦਾ ਮੋਹਰੀ ਦੇਸ਼ ਬਣਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਸਕਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਜ਼ਦੂਰ, ਡੀਸੀ ਅਤੇ ਮੰਤਰੀਆਂ ਦੇ ਬੱਚੇ ਇੱਕੋ ਬੈਂਚ ਉੱਤੇ ਬੈਠ ਕੇ ਪੜ੍ਹਨਗੇ। ਬਾਕੀ ਮਾਪਿਆ ਦੀ ਆਪਣੀ ਮਰਜ਼ ਹੋਵੇਗੀ ਕਿ ਉਹ ਆਪਣੇ ਬੱਚਿਆਂ ਨੂੰ ਮਹਿੰਗੀਆਂ ਫੀਸਾਂ ਵਾਲੇ ਸਕੂਲਾਂ ਵਿੱਚ ਪੜ੍ਹਾਉਣਾ ਚਾਹੁੰਦੇ ਹਨ ਜਾਂ ਮੁਫ਼ਤ ਸਿੱਖਿਆ ਵਾਲੇ ਸਕੂਲ ਵਿੱਚ। ਮੁੱਖ ਮੰਤਰੀ ਨੇ ਕਿਹਾ ਕਿ ਐਮੀਨੈਂਸ ਸਕੂਲਾਂ ਦੇ ਨਾਮ ਸ਼ਹੀਦਾਂ ਅਤੇ ਦੇਸ਼ ਆਜ਼ਾਦੀ ਫਰੀਡਮ ਫੈਕਟਰਾਂ ਦੇ ਨਾਮ ਉੱਤੇ ਰੱਖੇ ਜਾਣਗੇ।
ਸੂਬੇ ਵਿੱਚ ਆਲ੍ਹਾ ਦਰਜੇ ਦੀਆਂ ਸਹੂਲਤਾਂ ਵਾਲੇ ‘ਸਕੂਲ ਆਫ਼ ਐਮੀਨੈਂਸ’ ਨੂੰ ਹੋਣਹਾਰ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਚਾਨਣ ਮੁਨਾਰਾ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਸਹੀ ਮਾਅਨਿਆਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਅੱਵਲ ਸੂਬਾ ਬਣੇਗਾ ਜਦਕਿ ਪਹਿਲਾਂ ਪਿਛਲੀਆਂ ਸਰਕਾਰਾਂ ਵੱਲੋਂ ਫਰਜ਼ੀ ਅੰਕੜਿਆਂ ਰਾਹੀਂ ਮੋਹਰੀ ਹੋਣ ਦੇ ਝੂਠੇ ਦਾਅਵੇ ਕੀਤੇ ਜਾਂਦੇ ਸਨ। ਜਿਸ ਨਾਲ ਹਜ਼ਾਰਾਂ ਬੱਚਿਆਂ ਨੂੰ ਪੜ੍ਹਾਈ ਲਈ ਅੱਗੇ ਵਧਣ ਦੇ ਮੌਕੇ ਨਸੀਬ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੜਕੀਆਂ ਨੂੰ ਸਾਧਨਾਂ ਦੀ ਘਾਟ ਕਾਰਨ ਪੜ੍ਹਾਈ ਅੱਧ-ਵਿਚਾਲੇ ਛੱਡਣੀ ਪਈ ਜੋ ਪਿਛਲੀਆਂ ਸਰਕਾਰਾਂ ਦੀ ਨਾਕਾਮੀ ਨੂੰ ਸਿੱਧ ਕਰਦੀਆਂ ਹਨ।
ਸੂਬੇ ਵਿੱਚ ਸਥਾਪਤ ਕੀਤੇ ਜਾ ਰਹੇ 117 ‘ਸਕੂਲ ਆਫ਼ ਐਮੀਨੈਂਸ’ ਨੂੰ ਹੋਣਹਾਰ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਦੀਆਂ ਸੰਸਥਾਵਾਂ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਖੇਤਰ ਵਿੱਚ ਨਵਾਂ ਇਨਕਲਾਬ ਲੈ ਕੇ ਆਉਣ ਦਾ ਉਦੇਸ਼ ਹੋਣਹਾਰ ਅਤੇ ਕਾਬਲ ਵਿਦਿਆਰਥੀਆਂ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਸੇਧ ਅਤੇ ਮੌਕਾ ਦੇਣਾ ਹੈ।
ਮੁੱਖ ਮੰਤਰੀ ਨੇ ਬੱਚਿਆਂ ਦਾ ਭਵਿੱਖ ਤਬਾਹ ਕਰਨ ਲਈ ਸਿੱਧੇ ਤੌਰ ’ਤੇ ਪਹਿਲੇ ਸਿਆਸਤਦਾਨਾਂ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਲੋਕਾਂ ਨੇ ਇਨ੍ਹਾਂ ਸਿਆਸਤਦਾਨਾਂ ਦੀਆਂ ਚਾਲਾਂ ਨੂੰ ਸਮਝ ਲਿਆ ਸੀ ਜਿਸ ਕਰਕੇ ਐਤਕੀਂ ਗੈਰ-ਸਿਆਸੀ ਪਿਛੋਕੜ ਵਾਲੇ ਨਵੇਂ ਚਿਹਰਿਆਂ ਨੂੰ ਵਿਧਾਇਕ ਬਣਾ ਕੇ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਜਿਨ੍ਹਾਂ ਵਿੱਚ ਪ੍ਰਸਿੱਧ ਡਾਕਟਰ, ਵਕੀਲ, ਕਲਾਕਾਰ ਤੇ ਹੋਰ ਹਸਤੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਆਗੂ ਤਾਂ ਹੁਣ ਵੀ ਸਾਨੂੰ ਨਿੰਦਣ ਦਾ ਕੋਈ ਮੌਕਾ ਨਹੀਂ ਛੱਡਦੇ ਕਿਉਂਕਿ ਅਸੀਂ ਸੱਤਾ ਵਿੱਚ ਆਉਂਦੇ ਹੀ ਪੰਜਾਬ ਵਿੱਚ ਮਾਫ਼ੀਆ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਈ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿਤਾ ਕੇ ਉਨ੍ਹਾਂ ਵਿੱਚ ਵੱਡਾ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਉਹ ਇਹ ਭਰੋਸਾ ਕਿਸੇ ਵੀ ਕੀਮਤ ’ਤੇ ਟੁੱਟਣ ਨਹੀਂ ਦੇਣਗੇ।

ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਸਿੱਖਿਆ ਵਿਭਾਗ ਦੀ ਤਸਵੀਰ ਬਦਲ ਰਹੀ ਹੈ ਅਤੇ ਰੋਜ਼ਾਨਾ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ‘ਸਕੂਲ ਆਫ਼ ਐਮੀਨੈਂਸ’ ਨੂੰ ਮੁੱਖ ਮੰਤਰੀ ਦਾ ਸੁਪਨਮਈ ਪ੍ਰਾਜੈਕਟ ਕਰਾਰ ਦਿੰਦੇ ਹੋਏ ਬੈਂਸ ਨੇ ਭਰੋਸੇ ਨਾਲ ਕਿਹਾ ਕਿ ਇਹ ਸਕੂਲ, ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾਉਣਗੇ ਅਤੇ ਹੁਣ ਕੋਈ ਵੀ ਕਾਬਲ ਬੱਚਾ ਸਿੱਖਿਆ ਦੇ ਚੰਗੇ ਮੌਕਿਆਂ ਤੋਂ ਵਾਂਝਾ ਨਹੀਂ ਰਹੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …