Share on Facebook Share on Twitter Share on Google+ Share on Pinterest Share on Linkedin ਹੁਣ ਚੱਪੜਚਿੜੀ ਜੰਗੀ ਯਾਦਗਾਰੀ ਨੇੜੇ ਨਜ਼ਰ ਆਇਆ ਤੇਂਦੂਆ, ਲੋਕ ਭੈਅ-ਭੀਤ ਸੈਕਟਰ-90 ਦੇ ਇੱਕ ਪਲਾਟ ਵਿੱਚ ਮਿਲੇ ਜਾਨਵਰ ਦੀ ਮੌਜੂਦਗੀ ਦੇ ਨਿਸ਼ਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ: ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਵਸਨੀਕ ਕਰੋਨਾਵਾਇਰਸ ਦੀ ਮਹਾਮਾਰੀ ਕਾਰਨ ਪਹਿਲਾਂ ਹੀ ਦਹਿਸ਼ਤ ਦੇ ਸਾਏ ਹੇਠ ਜੀਵਨ ਬਤੀਤ ਕਰ ਰਹੇ ਹਨ ਕਿਉਂਕਿ ਮੁਹਾਲੀ ਵਿੱਚ ਸਭ ਤੋਂ ਵੱਧ ਕਰੋਨਾ ਪੀੜਤ ਮਰੀਜ਼ ਮਿਲੇ ਹਨ ਅਤੇ ਦੋ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਜੰਗੀ ਯਾਦਗਾਰ ਨੇੜੇ ਤੇਂਦੂਆ ਦਿਖਾਈ ਦੇਣ ਦੀ ਸੂਚਨਾ ਮਿਲਣ ’ਤੇ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਚੱਪੜਚਿੜੀ ਅਤੇ ਸੈਕਟਰ-91 ਨੇੜੇ ਵਸਾਈ ਜਾ ਰਹੀ ਪਾਸ਼ ਕਲੋਨੀ ਦੇ ਸੁਰੱਖਿਆ ਗਾਰਡ ਨੇ ਤੇਂਦੂਆ ਦੇਖੇ ਜਾਣ ਦੀ ਪੁਸ਼ਟੀ ਕੀਤੀ ਹੈ। ਕੁਝ ਦਿਨ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਫੇਜ਼-8 ਦੇ ਪਿੱਛੇ ਲਈਅਰ ਵੈਲੀ ਵਿੱਚ ਤੇਂਦੂਆ ਦੇਖੇ ਜਾਣ ਦੀ ਗੱਲ ਸਾਹਮਣੇ ਆਈ ਸੀ। ਇਸ ਮਗਰੋਂ ਭਾਵੇਂ ਜੰਗਲਾਤ ਵਿਭਾਗ ਨੇ ਪਾਰਕ ਵਿੱਚ ਪਿੰਜਰਾ ਲਗਾਇਆ ਗਿਆ ਸੀ ਪ੍ਰੰਤੂ ਇਹ ਜਾਨਵਰ ਹੁਣ ਤੱਕ ਪਕੜ ਵਿੱਚ ਨਹੀਂ ਆਇਆ ਹੈ। ਅਜਿਹਾ ਹੀ ਇਕ ਜਾਨਵਰ (ਚੀਤਾ ਜਾਂ ਤੇਂਦੂਆ) ਪਿੰਡ ਚੱਪੜਚਿੜੀ ਦੇ ਨੇੜੇ ਦੇਖਿਆ ਗਿਆ ਹੈ। ਪਿੰਡ ਦੇ ਕਿਸਾਨ ਵੱਲੋਂ ਨਦੀ ਕਿਨਾਰੇ ਖੇਤ ਵਿੱਚ ਇਸ ਜਾਨਵਰ ਨੂੰ ਦੇਖੇ ਜਾਣ ਤੋਂ ਬਾਅਦ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਨਾੳਂੂਸਮੈਂਟ ਕਰਵਾਈ ਗਈ ਅਤੇ ਪਿੰਡ ਵਾਸੀਆਂ ਨੂੰ ਜੰਗਲੀ ਜਾਨਵਰ ਤੋਂ ਸਚੇਤ ਰਹਿਣ ਦੀ ਅਪੀਲ ਕੀਤੀ ਗਈ। ਪਿੰਡ ਚੱਪੜਚਿੜੀ ਖ਼ੁਰਦ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਵਾਲੇ ਪਾਸੇ ਇਕ ਕਿਸਾਨ ਨੇ ਖੇਤਾਂ ਵਿੱਚ ਨਦੀ ਵਾਲੇ ਪਾਸੇ ਇਕ ਚੀਤੇ ਵਰਗਾ ਜਾਨਵਰ ਦੇਖਿਆ ਸੀ। ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਅਨਾੳਂੂਸਮੈਂਟ ਵੀ ਕਰਵਾਈ ਗਈ ਹੈ। ਅੱਜ ਸਵੇਰੇ ਸੈਕਟਰ-90 (ਜੇਐਲਪੀਐਲ ਕਲੋਨੀ) ਵਿੱਚ ਕੁਝ ਵਸਨੀਕਾਂ ਨੇ ਇਕ ਖਾਲੀ ਪਏ ਪਲਾਟ ਵਿੱਚ ਕਿਸੇ ਜਾਨਵਰ ਦੇ ਪੈਰ ਦੇ ਨਿਸ਼ਾਨ ਦੇਖੇ ਜਾਣ ਕਾਰਨ ਕਲੋਨੀ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਥਾਨਕ ਵਸਨੀਕ ਅਮਰੀਕ ਸਿੰਘ ਸਾਜਨ, ਠੇਕੇਦਾਰ ਮਨਜੀਤ ਸਿੰਘ ਮਾਨ, ਬਹਾਦਰ ਸਿੰਘ, ਪ੍ਰਭਜੋਤ ਸਿੰਘ, ਅਨੁਰਾਗ ਅਤੇ ਹੋਰਨਾਂ ਨੇ ਦੱਸਿਆ ਕਿ ਬੀਤੀ ਰਾਤ 12 ਤੋਂ ਇੱਕ ਵਜੇ ਦੇ ਵਿਚਕਾਰ ਇੱਥੇ ਅਚਾਨਕ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਉਣ ਲੱਗ ਗਈ ਅਤੇ ਸਾਰੇ ਕੁੱਤੇ ਇਕੱਠੇ ਭੌਂਕਣ ਲੱਗ ਗਏ। ਇਸ ਦੌਰਾਨ ਮੁਹੱਲੇ ਦੀ ਵਸਨੀਕ ਇੱਕ ਮਹਿਲਾ ਨੇ ਜਾਨਵਰ ਦੇ ਦਹਾੜਣ ਦੀ ਆਵਾਜ਼ ਵੀ ਸੁਣੀ। ਉਨ੍ਹਾਂ ਦੱਸਿਆ ਕਿ ਸਵੇਰ ਵੇਲੇ ਮੁਹੱਲੇ ਦੇ ਵਸਨੀਕਾਂ ਨੇ ਇਸ ਬਾਰੇ ਗੱਲ ਕੀਤੀ ਅਤੇ ਇੱਥੇ ਖਾਲੀ ਪਏ ਇੱਕ ਮਕਾਨ (ਜਿਸਦਾ ਸਿਰਫ਼ 25 ਫੀਸਦੀ ਹਿੱਸਾ ਹੀ ਬਣਿਆ ਹੈ) ਵਿੱਚ ਦੇਖਿਆ ਤਾਂ ਉੱਥੇ ਕਿਸੇ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਸਪੱਸ਼ਟ ਨਜ਼ਰ ਆ ਰਹੇ ਸਨ। ਇਸ ਮਕਾਨ ਦੇ ਖਾਲੀ ਪਏ ਹਿੱਸੇ ਵਿੱਚ ਇੱਕ ਥਾਂ ’ਤੇ ਜ਼ਮੀਨ ਵੀ ਪੁੱਟੀ ਹੋਈ ਸੀ ਜਿਵੇਂ ਕਿਸੇ ਜਾਨਵਰ ਨੇ ਆਪਣੇ ਪੰਜਿਆਂ ਨਾਲ ਜ਼ਮੀਨ ਪੁੱਟੀ ਹੁੰਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਜਾਨਵਰ ਨੂੰ ਤੁਰੰਤ ਕਾਬੂ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ। ਉਧਰ, ਇਸ ਸਬੰਧੀ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਜਿਹਾ ਇਕ ਜਾਨਵਰ ਲਈਅਰ ਵੈਲੀ ਦੀ ਨਦੀ ਵਿੱਚ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਜੰਗਲਾਤ ਵਿਭਾਗ ਵੱਲੋਂ ਉੱਥੇ ਟਰੈਪ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚੱਪੜਚਿੜੀ ਵਿੱਚ ਅਜਿਹਾ ਕੋਈ ਜਾਨਵਰ ਦੇਖੇ ਜਾਣ ਦੀ ਜਾਣਕਾਰੀ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਲੇਕਿਨ ਹੁਣ ਉਹ ਇਸ ਸਬੰਧੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਮੌਕਾ ਦੇਖਣ ਅਤੇ ਲੋੜੀਂਦੀ ਕਾਰਵਾਈ ਕਰਨ ਲਈ ਭੇਜਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ