ਮੁਹਾਲੀ ਵਿੱਚ ਹੁਣ ਟਰੈਫ਼ਿਕ ਨਿਯਮ ਤੋੜਨ ਵਾਲਿਆਂ ਦੀ ਖੈਰ ਨਹੀਂ, ਸਿੱਧਾ ਘਰ ਪਹੁੰਚੇਗਾ ਚਲਾਨ
ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ’ਤੇ ਬਾਜ਼ ਅੱਖ ਰੱਖਣ ਲਈ 21.60 ਕਰੋੜ ਦੇ ਲਾਏ ਸੀਸੀਟੀਵੀ ਕੈਮਰੇ
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਿਟੀ ਸਰਵੀਲੈਂਸ ਸਿਸਟਮ ਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ ਦਾ ਉਦਘਾਟਨ
ਨਬਜ਼-ਏ-ਪੰਜਾਬ, ਮੁਹਾਲੀ, 6 ਮਾਰਚ:
ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਮੁਹਾਲੀ ਸ਼ਹਿਰ ਵਿੱਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਖੈਰ ਨਹੀਂ। ਮੁਹਾਲੀ ਪੁਲੀਸ ਨੇ ਅੱਜ ਤੋਂ ਈ-ਚਲਾਨ ਕਰਨੇ ਸ਼ੁਰੂ ਕਰ ਦਿੱਤੇ ਹਨ। ਜੋ ਵੀ ਟਰੈਫ਼ਿਕ ਨਿਯਮ ਤੋੜੇਗਾ ਚਲਾਨ ਉਸ ਦੇ ਘਰ ਪਹੁੰਚ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁਹਾਲੀ ਵਿੱਚ 21.60 ਕਰੋੜ ਰੁਪਏ ਦੀ ਲਾਗਤ ਨਾਲ ਸਿਟੀ ਸਰਵੀਲੈਂਸ ਸਿਸਟਮ ਤੇ ਟਰੈਫ਼ਿਕ ਮੈਨੇਜਮੈਂਟ ਸਿਸਟਮ ਦਾ ਰਸਮੀ ਉਦਘਾਟਨ ਕੀਤਾ। ਇਹ ਪ੍ਰਾਜੈਕਟ ਸੈਕਟਰ-79 ਵਿੱਚ ਸਥਿਤ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਮਿਲ ਕੇ ਮੁਹਾਲੀ ਵਿੱਚ 17 ਥਾਵਾਂ ’ਤੇ ਲੱਗੇ 351 ਹਾਈ-ਰੈਜ਼ੋਲਿਊਸ਼ਨ ਸੀਸੀਟੀਵੀ ਕੈਮਰਿਆਂ ਨੂੰ ਆਪਸ ਵਿੱਚ ਜੋੜੇਗਾ ਅਤੇ ਨਿਗਰਾਨੀ ਯਕੀਨੀ ਬਣਾਏਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਤਸੱਲੀ ਦਾ ਮੌਕਾ ਹੈ ਕਿ ਇਹ ਸਕੀਮ ਮੁਹਾਲੀ ਸ਼ਹਿਰ ਵਿੱਚ ਸ਼ੁਰੂ ਕੀਤੀ ਗਈ ਹੈ ਅਤੇ ਜਲਦੀ ਹੀ ਸੂਬੇ ਦੇ ਬਾਕੀ ਸ਼ਹਿਰਾਂ ਵਿੱਚ ਵੀ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰ ਕੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰੀ ਨਿਗਰਾਨੀ ਅਤੇ ਟਰੈਫ਼ਿਕ ਪ੍ਰਬੰਧਨ ਨੂੰ ਹੋਰ ਪੁਖ਼ਤਾ ਕਰਨ ਵੱਲ ਇੱਕ ਅਹਿਮ ਕਦਮ ਹੈ। ਉੱਨਤ ਏਆਈ-ਆਧਾਰਿਤ ਨਿਗਰਾਨੀ ਅਤੇ ਟਰੈਫ਼ਿਕ ਨਿਗਰਾਨੀ ਪ੍ਰਣਾਲੀਆਂ ਨਾਲ ਲੈਸ ਇਸ ਅਤਿ-ਆਧੁਨਿਕ ਪ੍ਰਣਾਲੀ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣਾ, ਟਰੈਫ਼ਿਕ ਉਲੰਘਣਾ ਨੂੰ ਰੋਕਣਾ ਅਤੇ ਪ੍ਰਭਾਵਸ਼ਾਲੀ ਕਾਨੂੰਨੀ ਲਾਗੂ ਕਰਨਾ ਯਕੀਨੀ ਬਣਾਉਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਟਰੈਫ਼ਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ, ਜਨਤਕ ਸੁਰੱਖਿਆ ਵਧਾਉਣ ਦੇ ਯਤਨਾਂ ਨੂੰ ਹੋਰ ਅੱਗੇ ਵਧਾਉਣ ਲਈ ਤਿਆਰ ਕੀਤੇ ਗਏ ਇਸ ਸਿਸਟਮ ਵਿੱਚ 175 ਆਟੋਮੈਟਿਕ ਨੰਬਰ ਪਲੇਟ ਸ਼ਨਾਖ਼ਤ (ਏਐਨਪੀਆਰ) ਕੈਮਰੇ, 50 ਲਾਲ ਬੱਤੀ ਉਲੰਘਣਾ ਡਿਟੈਕਸ਼ਨ ਕੈਮਰੇ, ਆਮ ਨਿਗਰਾਨੀ ਲਈ 92 ਬੁਲੇਟ ਕੈਮਰੇ, ਵਧੇਰੇ ਚੌਕਸੀ ਲਈ 18 ਪੀਟੀਜ਼ੈੱਡ (ਪੈਨ, ਟਿਲਟ ਅਤੇ ਜ਼ੂਮ) ਕੈਮਰੇ ਅਤੇ 16 ਕੈਮਰਿਆਂ ਨਾਲ ਲੈਸ ਦੋ ਮੁੱਖ ਸਥਾਨਾਂ ’ਤੇ ਸਪੀਡ ਉਲੰਘਣਾ ਡਿਟੈਕਸ਼ਨ ਸਿਸਟਮ ਸ਼ਾਮਲ ਹਨ।
ਭਗਵੰਤ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਆਟੋਮੇਟਿਡ ਈ-ਚਲਾਨ ਸਿਸਟਮ ਲਾਗੂ ਕਰੇਗਾ, ਜੋ ਅੱਗੇ ਐਨਆਈਸੀ ਦੇ ਵਾਹਨ ਅਤੇ ਸਾਰਥੀ ਡੇਟਾਬੇਸ ਨਾਲ ਏਕੀਕ੍ਰਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਰੈੱਡ-ਲਾਈਟ ਜੰਪਿੰਗ, ਓਵਰਸਪੀਡਿੰਗ, ਟ੍ਰਿਪਲ ਰਾਈਡਿੰਗ, ਗਲਤ ਸਾਈਡ ਡਰਾਈਵਿੰਗ, ਬਿਨਾਂ ਹੈਲਮਟ ਸਵਾਰੀ ਅਤੇ ਸਟਾਪ ਲਾਈਨ/ਜ਼ੈਬਰਾ ਕਰਾਸਿੰਗ ਜਿਹੀਆਂ ਉਲੰਘਣਾ ਲਈ ਈ-ਚਲਾਨ ਆਟੋਮੈਟਿਕ ਜੈਨਰੇਟ ਹੋਵੇਗਾ। ਇਹ ਸਿਸਟਮ ਪ੍ਰਤੀ ਦਿਨ ਅੌਸਤਨ 5 ਤੋਂ 6000 ਚਲਾਨ ਕਰੇਗਾ, ਜਿਸ ਨਾਲ ਟਰੈਫ਼ਿਕ ਨਿਯਮ ਲਾਗੂ ਕਰਨ ਅਤੇ ਪਾਲਣਾ ਕਰਨ ਵਿੱਚ ਕਾਫ਼ੀ ਸੁਧਾਰ ਹੋਵੇਗਾ। ਪੰਜਾਬ ਸਰਕਾਰ ਜ਼ਿਲ੍ਹੇ ਵਿੱਚ ਹੋਰ ਥਾਵਾਂ ਨੂੰ ਕਵਰ ਕਰਨ ਵਾਲੇ ਪ੍ਰਾਜੈਕਟ ਦੇ ਦੂਜੇ ਪੜਾਅ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਸ਼ਹਿਰ ਦੇ ਨਿਗਰਾਨੀ ਨੈੱਟਵਰਕ ਵਿੱਚ ਹੋਰ ਵਾਧਾ ਕੀਤਾ ਜਾ ਸਕੇ।
ਇਸ ਮੌਕੇ ਡੀਜੀਪੀ ਗੌਰਵ ਯਾਦਵ, ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਵਿਧਾਇਕ ਕੁਲਵੰਤ ਸਿੰਘ, ਡੀਸੀ ਸ੍ਰੀਮਤੀ ਕੋਮਲ ਮਿੱਤਲ, ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਐੱਸਐੱਸਪੀ ਦੀਪਕ ਪਾਰਿਕ ਵੀ ਹਾਜ਼ਰ ਸਨ।