
ਹੁਣ ਮੋਰਿੰਡਾ ਵਾਲੇ ਫਾਟਕ ’ਤੇ ਨਹੀਂ ਲੱਗੇਗਾ ਲੰਮਾ ਜਾਮ: ਚਰਨਜੀਤ ਚੰਨੀ
ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਸਬੰਧੀ ਚਰਨਜੀਤ ਚੰਨੀ ਵੱਲੋਂ ਡਿਵੀਜ਼ਨਲ ਰੇਲਵੇ ਮੈਨੇਜਰ ਨਾਲ ਮੁਲਾਕਾਤ
2 ਦਸੰਬਰ ਨੂੰ ਰੇਲਵੇ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਕਰਨਗੇ ਜਗਾ ਦਾ ਮੁਆਇਨਾ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਦਸੰਬਰ:
ਮੋਰਿਡਾ ਸ਼ਹਿਰ ਵਿਚ ਰੇਲਵੇ ਫਾਟਕ ਦੇ ਬੰਦ ਹੋਣ ਕਾਰਨ ਲੱਗਣ ਵਾਲੇ ਟ੍ਰੈਫਿਕ ਜਾਮ ਹਮੇਸ਼ਾ ਹੀ ਵੱਡਾ ਚੋਣ ਮੁੱਦਾ ਰਿਹਾ ਹੈ, ਪਰ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕਦੇ ਵੀ ਇਸ ਵਆਦੇ ਨੂੰ ਪੂਰਾ ਕਰਨ ਲਈ ਕੋਈ ਯਤਨ ਨਹੀਂ ਕੀਤਾ। ਪਰ ਹੁਣ ਮੋਰਿੰਡਾ ਵਿਖੇ ਫਾਟਕ ’ਤੇ ਕੋਈ ਜਾਮ ਨਹੀਂ ਲੱਗੇਗਾ ਕਿਉਂਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਪਹਿਲ ਦੇ ਅਧਾਰ ’ਤੇ ਇਸ ਸਮੱਸਿਆ ਦੇ ਹੱਲ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਦੇ ਨਤੀਜੇ ਵਜੋ ਜਲਦ ਹੀ ਮੋਰਿੰਡਾ ਦੇ ਵਿਖੇ ਅੰਡਰ ਬ੍ਰਿਜ ਬਣਨ ਜਾ ਜਾਣ ਰਿਹਾ ਹੈ।
ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਰਿੰਡਾ ਵਿਖੇ ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਲਈ ਜਲਦ ਸਾਰੀਆਂ ਤਕਨੀਕੀ ਕਾਰਵਾਈਆਂ ਪੂਰੀਆਂ ਕਰਨ ਲਈ ਉਨ੍ਹਾਂ ਨੇ ਡਵੀਜਨਲ ਰੇਲਵੇ ਮੈਨੇਜਰ (ਡੀ.ਆਰ.ਐਮ.) ਅੰਬਾਲਾ ਸ੍ਰੀ ਦਿਨੇਸ ਚੰਦ ਸਰਮਾ ਨਾਲ ਮੁਲਾਕਤ ਕੀਤੀ ਹੈ। ਇਸ ਮੀਟਿੰਗ ਵਿਚ ਰੇਲਵੇ ਦੇ ਇੰਜਨੀਅਰ ਵਿੰਗ ਦੇ ਸੀਨੀਅਰ ਅਧਿਕਾਰੀ ਅਤੇ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੀ ਹਾਜ਼ਿਰ ਸਨ। ਸ੍ਰੀ ਚੰਨੀ ਨੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ’ਤੇ ਤਸੱਲੀ ਪ੍ਰਗਟਾਉਂਦਿਆਂ ਦੱਸਿਆ ਕਿ ਮੋਰਿੰਡਾ ਵਿਖੇ ਬੱਸ ਸਟੈਂਡ ਨਜਦੀਕ ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਦੀਆਂ ਰੇਲਵੇ ਵਿਭਾਗ ਨਾਲ ਸਬੰਧਤ ਸਾਰੀਆਂ ਤਕਨੀਕੀ ਕਾਰਵਾਈਆਂ ਬਿਨਾਂ ਕਿਸੇ ਦੇਰੀ ਦੇ ਪੂਰੀਆਂ ਕਰਨ ਲਈ ਡੀ.ਆਰ.ਐਮ ਅੰਬਾਲਾ ਵਲੋਂ ਮੌਕੇ ’ਤੇ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 2 ਦਸੰਬਰ ਨੂੰ ਰੇਲਵੇ ਦੇ ਇੰਜਨੀਅਰਇੰਗ ਵਿੰਗ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਵਲੋਂ ਮੋਰਿੰਡਾ ਦਾ ਦੌਰਾ ਕੀਤਾ ਜਾਵੇਗਾ।
ਉਨ੍ਹਾਂ ਨਾਲ ਹੀ ਦੱਸਿਆ ਕਿ ਇਸ ਦੌਰੇ ਦੌਰਾਨ ਰੇਲਵੇ ਅਤੇ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵਲੋਂ ਅੰਡਰ ਬ੍ਰਿਜ ਵਾਲੀ ਥਾਂ ਦਾ ਦੌਰਾ ਕਰਕੇ ਸਾਰੇ ਤਕਨੀਕੀ ਪਹਿਲੂਆਂ ਬਾਰੇ ਕਾਰਵਾਈ ਨੂੰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਧਾਂਤਕ ਤੌਰ ’ਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਰੇਲਵੇ ਅੰਡਰ ਬ੍ਰਿਜ 11 ਮੀਟਰ ਚੌੜਾ ਅਤੇ 5.6 ਮੀਟਰ ਉੱਚਾ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬ੍ਰਿਜ ਸੜਕ ਦੇ ਹੇਠਲੇ ਵਾਹਨਾਂ ਦੀ ਸੌਖੀ ਆਵਾਜਾਈ ਲਈ ਡਿਵਾਈਡਰ ਨਾਲ ਵੰਡਿਆ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਇਸ ਤਜਵੀਜ ਵਿੱਚ ਕੋਈ ਮਾਮੂਲੀ ਬਦਲਾਅ ਕਿਸੇ ਤਕਨੀਕੀ ਕਾਰਨਾਂ ਕਰਕੇ ਕਰਨਾ ਪਿਆ ਤਾਂ ਇਹ ਪੁੱਲ ਵਾਲੀ ਥਾਂ ਦੇ ਨਿਰੀਖਣ ਦੌਰਾਨ ਅਧਿਕਾਰੀਆਂ ਵੱਲੋਂ ਕੀਤਾ ਜਾਵੇਗੀ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ੍ਰੀ ਕੁਲਦੀਪ ਸਿੰਘ ਏ.ਡੀ.ਆਰ.ਐਮ, ਸ੍ਰੀ ਪੰਕਜ ਗੁਪਤਾ ਸੀਨੀਅਰ ਡਵੀਜਨਲ ਇੰਜੀਨੀਅਰ, ਫਖਰੂਦੀਨ ਅਲੀ ਅਹਿਮਦ ਸੀਨੀਅਰ ਡਵੀਜਨਲ ਇੰਜੀਨੀਅਰ, ਮਾਨ ਸਿੰਘ ਸੈਣੀ ਸੀਨੀਅਰ ਸੈਕਸਨ ਇੰਜੀਨੀਅਰ ਅਤੇ ਸ੍ਰੀ ਨਰੇਸ਼ਇੰਦਰ ਸਿੰਘ ਵਾਲੀਆ ਐਕਸੀਅਨ ਅਤੇ ਲੋਕ ਨਿਰਮਾਣ ਵਿਭਾਗ ਪੰਜਾਬ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।