ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਐਨਆਰਆਈ ਹਰਜੀਤ ਸਿੰਘ ਤੇ ਸਾਥੀ ਗ੍ਰਿਫ਼ਤਾਰ

ਪੰਜਾਬ ਵਿੱਚ ਅੱਤਵਾਦੀਆਂ ਨੂੰ ਫੰਡਿੰਗ, ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਰਚਣ ਦਾ ਦੋਸ਼, ਕੇਸ ਦਰਜ

ਨਬਜ਼-ਏ-ਪੰਜਾਬ, ਮੁਹਾਲੀ, 3 ਅਗਸਤ:
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਸਪੇਨ ਆਧਾਰਿਤ ਭਾਰਤੀ ਨਾਗਰਿਕ ਹਰਜੀਤ ਸਿੰਘ ਨੂੰ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਅਤੇ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਤਹਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਟੀਮਾਂ ਨੇ ਹਰਜੀਤ ਸਿੰਘ ਦੇ ਨਜ਼ਦੀਕੀ ਸਾਥੀ ਅਮਰਿੰਦਰ ਸਿੰਘ ਉਰਫ ਬੰਟੀ ਨੂੰ ਵੀ ਖੰਨਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਮੁਹਾਲੀ ਸਥਿਤ ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਹੈ।
ਅੱਜ ਇੱਥੇ ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਏਆਈਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਹਫ਼ਤੇ ਦੇ ਅੰਦਰਅੰਦਰ ਦੂਜੀ ਵੱਡੀ ਸਫਲਤਾ ਹੈ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਵਿਦੇਸ਼-ਆਧਾਰਿਤ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਚਾਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਆਜ਼ਾਦੀ ਦਿਵਸ ਤੋਂ ਪਹਿਲਾਂ ਪਾਕਿਸਤਾਨ ਦੀ ਆਈਐਸਆਈ ਦੀ ਸਰਹੱਦੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਸੀ।
ਅਸ਼ਵਨੀ ਕਪੂਰ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਦੇ ਪਿੰਡ ਘਣਸ਼ਾਮਪੁਰ ਦਾ ਮੂਲ ਵਾਸੀ ਭਾਰਤੀ ਨਾਗਰਿਕ ਹਰਜੀਤ ਸਿੰਘ ਕਰੀਬ ਮਹੀਨਾ ਪਹਿਲਾਂ ਭਾਰਤ ਆਇਆ ਸੀ ਅਤੇ ਦਹਿਸ਼ਤਗਰਦੀ ਨੂੰ ਵਿੱਤੀ ਸਹਾਇਤਾ ਦੇਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ। ਉਹ ਪੰਜਾਬ ਵਿੱਚ ਕੁਝ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ ਅਤੇ ਦਿੱਲੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣ ਰਾਹੀਂ ਸਪੇਨ ਲਈ ਰਵਾਨਾ ਹੋਣ ਦੀ ਫਿਰਾਕ ਵਿੱਚ ਸੀ। ਜਿਸ ਨੂੰ ਬਾਹਰ ਭੱਜਣ ਤੋਂ ਪਹਿਲਾਂ ਹੀ ਕਾਬੂ ਕਾਬੂ ਕਰ ਲਿਆ। ਉਂਜ ਗੁਪਤ ਸੂਚਨਾ ਮਿਲਣ ਤੋਂ ਬਾਅਦ ਉਸ ਖ਼ਿਲਾਫ਼ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ।
ਏਆਈਜੀ ਨੇ ਦੱਸਿਆ ਕਿ ਮੁਲਜ਼ਮ ਹਰਜੀਤ ਸਿੰਘ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੇ ਆਪਣੇ ਸਾਥੀ ਅਮਰਿੰਦਰ ਉਰਫ਼ ਬੰਟੀਨੂੰ ਫੰਡਿੰਗ ਅਤੇ ਸਹਾਇਤਾ ਦੇ ਕੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਐਨਆਰਆਈ ਹਰਜੀਤ ਸਿੰਘ ਤੋਂ ਪੁੱਛਗਿੱਛ ਕਰਨ ’ਤੇ ਮਿਲੇ ਸੁਰਾਗ ਦੇ ਅਧਾਰ ’ਤੇ ਪੁਲੀਸ ਨੇ ਖੰਨਾ ’ਚੋਂ ਅਮਰਿੰਦਰ ਉਰਫ਼ ਬੰਟੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਦੇ ਸੰਪਰਕ ਵਿੱਚ ਆਏ ਸਨ ਅਤੇ ਇਕ-ਦੂਜੇ ਨਾਲ ਇਸੇ ਤਰ੍ਹਾਂ ਦੇ ਕੱਟੜਪੰਥੀ ਵਿਚਾਰ ਸਾਂਝੇ ਕਰਦੇ ਸਨ। ਹਰਜੀਤ ਸਿੰਘ ਨੇ ਧਾਰਮਿਕ ਆਗੂਆਂ ਦੀ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਲਈ ਸਪੇਨ ਤੋਂ ਭਾਰਤ ਵਿੱਚ ਆਪਣੇ ਸਾਥੀ ਅਮਰਿੰਦਰ ਬੰਟੀ ਨੂੰ ਕਈ ਵਾਰ ਵਿੱਤੀ ਸਹਾਇਤਾ ਭੇਜੀ ਸੀ।
ਏਆਈਜੀ ਅਸ਼ਵਨੀ ਕਪੂਰ ਨੇ ਕਿਹਾ ਕਿ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਹਰਜੀਤ ਸਿੰਘ ਕੇਐਲਐਫ ਨਾਲ ਜੁੜੇ ਕੁਝ ਵਿਦੇਸ਼ੀ ਅਧਾਰਤ ਕੱਟੜਪੰਥੀਆਂ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਸੀ ਅਤੇ ਸਿੱਖਸ ਫਾਰ ਜਸਟਿਸ ਦੀਆਂ ਗਤੀਵਿਧੀਆਂ ਸਮੇਤ ਕੱਟੜਪੰਥੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਲਈ ਦੋ ਜਾਅਲੀ ਫੇਸਬੁੱਕ ਖਾਤੇ ਵੀ ਵਰਤ ਰਿਹਾ ਸੀ। ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਸਬੰਧਤ ਫੋਟੋ-4, ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…