
ਐਨਆਰਆਈ ਹਰਵਿੰਦਰ ਸਿੰਘ ਬੈਦਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਬਾਬਾ ਮੱਲ ਦਾਸ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਮਰਹੂਮ ਜਥੇਦਾਰ ਬਲਦੇਵ ਸਿੰਘ ਕੁੰਭੜਾ ਦੇ ਸਪੁੱਤਰ ਹਰਵਿੰਦਰ ਸਿੰਘ ਬੈਦਵਾਨ ਦਾ ਲੰਘੀ ਰਾਤ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ 62 ਵਰ੍ਹਿਆਂ ਦੇ ਸਨ ਅਤੇ ਅਮਰੀਕਾ ਦੇ ਵਸਨੀਕ ਸਨ। ਪਿਛਲੇ ਕੱੁਝ ਸਮੇਂ ਤੋਂ ਉਹ ਇੱਥੇ ਆਏ ਹੋਏ ਸਨ ਅਤੇ ਆਪਣੇ ਪਿਤਾ ਜਥੇਦਾਰ ਕੁੰਭੜਾ ਵੱਲੋਂ ਸਥਾਪਿਤ ਬਾਬਾ ਮੱਲ ਦਾਸ ਚੈਰੀਟੇਬਲ ਟਰੱਸਟ ਅਧੀਨ ਇਲਾਕੇ ਵਿੱਚ ਚੱਲ ਰਹੀਆਂ ਸਮਾਜਿਕ ਅਤੇ ਵਿੱਦਿਅਕ ਗਤੀਵਿਧੀਆਂ ਸੰਭਾਲ ਰਹੇ ਸਨ। ਹਰਵਿੰਦਰ ਬੈਦਵਾਨ ਦਾ ਅੰਤਿਮ ਸਸਕਾਰ 10 ਫਰਵਰੀ ਨੂੰ ਦੁਪਹਿਰ 1 ਵਜੇ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
ਹਰਵਿੰਦਰ ਬੈਦਵਾਨ ਦੇ ਅਚਾਨਕ ਦਿਹਾਂਤ ਨਾਲ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਉਨ੍ਹਾਂ ਦੀ ਸੈਕਟਰ-69 ਵਿਚਲੀ ਰਿਹਾਇਸ਼ ਉੱਤੇ ਜਾ ਕੇ ਉਨ੍ਹਾਂ ਦੀ ਮਾਤਾ ਸੁਰਜੀਤ ਕੌਰ ਅਤੇ ਅਮਰੀਕਾ ਤੋਂ ਪਰਤੇ ਭਰਾਵਾਂ ਨਾਲ ਦੁੱਖ ਸਾਂਝਾ ਕੀਤਾ। ਇਸੇ ਦੌਰਾਨ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਵਿਧਾਇਕ ਕੁਲਵੰਤ ਸਿੰਘ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਸਾਧੂ ਸਿੰਘ ਟੋਡਰਮਾਜਰਾ, ਪੱਤਰਕਾਰ ਕਰਮਜੀਤ ਸਿੰਘ ਚਿੱਲਾ, ਅਰਮਾਨਵੀਰ ਸਿੰਘ ਪਡਿਆਲਾ, ਨੰਬਰਦਾਰ ਪ੍ਰੇਮ ਸਿੰਘ ਸੋਹਾਣਾ, ਬਹਾਲ ਸਿੰਘ ਗਿੱਲ, ਬਲਦੇਵ ਸਿੰਘ ਕੰਗ, ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਮ੍ਰਿਤਕ ਹਰਵਿੰਦਰ ਬੈਦਵਾਨ ਦੀ ਉਨ੍ਹਾਂ ਦੀ ਮਾਤਾ ਸੁਰਜੀਤ ਕੌਰ ਅਤੇ ਅਮਰੀਕਾ ਤੋਂ ਪਰਤੇ ਭਰਾਵਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਦੀ ਮੌਤ ਨੂੰ ਪਰਿਵਾਰ ਅਤੇ ਇਲਾਕੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।