ਐਨਆਰਆਈ ਹੱਤਿਆ ਕਾਂਡ: ਦੋਸਤ ਨਾਲ ਮਿਲ ਕੇ ਕੀਤੀ ਸੀ ਐਨਆਰਆਈ ਦੀ ਹੱਤਿਆ, ਪ੍ਰੇਮੀ ਤੇ ਪ੍ਰੇਮਿਕਾ ਗ੍ਰਿਫ਼ਤਾਰ

ਸੈਕਟਰ-71 ’ਚ ਰਹਿੰਦੇ ਐਨਆਰਆਈ ਸੁਰਜੀਤ ਸਿੰਘ ਦੀ ਬੀਤੇ ਕੱਲ੍ਹ ਮੌਲੀ ਬੈਦਵਾਨ ਦੇ ਨਾਲੇ ’ਚੋਂ ਮਿਲੀ ਸੀ ਲਗੀ ਸੜੀ ਲਾਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ:
ਮੁਹਾਲੀ ਪੁਲੀਸ ਨੇ 24 ਘੰਟੇ ਵਿੱਚ ਹੀ ਪਿੰਡ ਮੌਲੀ ਬੈਦਵਾਨ ਦੇ ਗੰਦੇ ਨਾਲੇ ਵਿਚੋੱ ਮਿਲੀ ਲਾਸ਼ ਦੀ ਸ਼ਨਾਖਤ ਕਰਨ ਤੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸਦੇ ਨਾਲ ਹੀ ਪੁਲੀਸ ਨੇ ਕਤਲ ਦੇ ਦੋਸ਼ ਵਿੱਚ ਇੱਕ ਨੌਜਵਾਨ ਲੜਕੇ ਅਤੇ ਲੜਕੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦਾ ਦਾਅਵਾ ਹੈ ਕਿ ਇਹ ਕਤਲ ਮ੍ਰਿਤਕ ਨੂੰ ਬਲੈਕਮੇਲ ਕਰਨ ਦੀ ਨੀਅਤ ਨਾਲ ਉਸ ਦੀਆਂ ਅਸ਼ਲੀਲ ਫੋਟੋਆਂ ਖਿਚਣ ਦੌਰਾਨ ਹੋਈ ਝੜਪ ਦੌਰਾਨ ਕੀਤਾ ਗਿਆ ਹੈ। ਅੱਜ ਸੋਹਾਣਾ ਥਾਣੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ ਸਿਟੀ ਪਰਮਿੰਦਰ ਸਿੰਘ ਭੰਡਾਲ ਅਤੇ ਡੀਐਸਪੀ (ਸਿਟੀ-2) ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਮ੍ਰਿਤਕ ਵਿਅਕਤੀ ਦੀ ਪਹਿਚਾਣ ਸੁਰਜੀਤ ਸਿੰਘ ਵਾਸੀ ਪਿੰਡ ਫਤਿਹਪੁਰ ਜੱਟਾਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਹਾਲ ਵਸਨੀਕ ਸੈਕਟਰ-71 ਮੁਹਾਲੀ ਵਜੋਂ ਹੋਈ ਹੈ।
ਉਹਨਾਂ ਦੱਸਿਆ ਕਿ ਪੁਲੀਸ ਨੂੰ ਇਸ ਲਾਸ਼ ਦੇ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਇਸ ਵਿਅਕਤੀ ਦਾ ਕਤਲ ਕੀਤਾ ਗਿਆ ਹੈ। ਪੁਲੀਸ ਨੇ ਜਾਂਚ ਦੌਰਾਨ ਮ੍ਰਿਤਕ ਸੁਰਜੀਤ ਸਿੰਘ ਦੇ ਫੋਨ ਦੀ ਕਾਲ ਡਿਟੇਲ ਕਢਵਾਈ, ਜਿਸ ਤੋਂ ਪਤਾ ਲੱਗਿਆ ਕਿ ਉਸ ਨੇ ਆਖਰੀ ਵਾਰ ਗੁਰਪ੍ਰੀਤ ਕੌਰ ਵਸਨੀਕ ਸੈਕਟਰ-79 ਨਾਲ ਗੱਲ ਕੀਤੀ ਸੀ, ਪੁਲੀਸ ਨੇ ਜਦੋਂ ਗੁਰਪ੍ਰੀਤ ਕੌਰ ਦੇ ਘਰ ਦੇ ਬਾਹਰ ਲੱਗੇ ਕੈਮਰੇ ਦੀ ਜਾਂਚ ਕੀਤੀ ਤਾਂ ਉਸ ਰਿਕਾਰਡਿੰਗ ਵਿੱਚ ਸੁਰਜੀਤ ਸਿੰਘ, ਗੁਰਪ੍ਰੀਤ ਕੌਰ ਦੇ ਘਰ ਦੇ ਅੰਦਰ ਜਾਂਦਾ ਤਾਂ ਦਿਖਾਈ ਦੇ ਰਿਹਾ ਹੈ ਪਰ ਉਹ ਘਰ ਦੇ ਬਾਹਰ ਆਉਂਦਾ ਦਿਖਾਈ ਨਹੀਂ ਦਿੱਤਾ। ਸ਼ੱਕ ਪੈਣ ਤੇ ਪੁਲੀਸ ਨੇ ਗੁਰਪ੍ਰੀਤ ਕੌਰ ਅਤੇ ਉਸਦੇ ਦੋਸਤ ਪਰਮਿੰਦਰ ਸਿੰਘ ਉਰਫ ਡੌਨ ਨੂੰ ਅੱਜ ਲਾਂਡਰਾਂ ਵਿੱਚੋਂ ਗ੍ਰਿਫਤਾਰ ਕਰ ਲਿਆ।
ਐਸਪੀ ਨੇ ਦੱਸਿਆ ਕਿ ਗੁਰਪ੍ਰੀਤ ਕੌਰ 2 ਸਾਲ ਪਹਿਲਾਂ ਸੁਰਜੀਤ ਸਿੰਘ ਦੀ ਸੈਕਟਰ-71 ਮੁਹਾਲੀ ਵਾਲੀ ਕੋਠੀ ਵਿੱਚ ਕਿਰਾਏ ਤੇ ਰਹਿੰਦੀ ਸੀ। ਇਸ ਨੇ ਕਾਫੀ ਪੈਸੇ ਸੁਰਜੀਤ ਸਿੰਘ ਦੇ ਦੇਣੇ ਸਨ। ਗੁਰਪ੍ਰੀਤ ਕੌਰ ਅਤੇ ਪਰਮਿੰਦਰ ਸਿੰਘ ਨੇ 8 ਮਈ ਨੂੰ ਸੁਰਜੀਤ ਸਿੰਘ ਨੂੰ ਸੈਕਟਰ-79 ਮੁਹਾਲੀ ਵਿੱਚ ਸਥਿਤ ਮੌਜੂਦਾ ਘਰ ਵਿੱਚ ਬੁਲਾਇਆ ਅਤੇ ਦੋਵਾਂ ਨੇ ਸੁਰਜੀਤ ਸਿੰਘ ਦੀਆਂ ਗੁਰਪ੍ਰੀਤ ਕੌਰ ਨਾਲ ਅਸ਼ਲੀਲ ਫੋਟੋਆਂ ਖਿੱਚ ਲਈਆਂ। ਜਿਸ ਕਰਕੇ ਸੁਰਜੀਤ ਸਿੰਘ ਦੀ ਇਹਨਾਂ ਦੋਵਾਂ ਨਾਲ ਹੱਥੋ ਪਾਈ ਹੋ ਗਈ ਅਤੇ ਪਰਮਿੰਦਰ ਸਿੰਘ ਨੇ ਇਸ ਮੌਕੇ ਬੇਸ ਬਾਲ ਨਾਲ ਸੁਰਜੀਤ ਸਿੰਘ ਦੇ ਸਿਰ ਵਿੱਚ ਸੱਟ ਮਾਰੀ, ਜਿਸ ਨਾਲ ਸੁਰਜੀਤ ਸਿੰਘ ਦੀ ਮੌਤ ਹੋ ਗਈ। ਦੋਵੇਂ ਮੁਲਜਮਾਂ ਨੇ ਦੋ ਦਿਨ ਲਾਸ਼ ਘਰ ਵਿੱਚ ਹੀ ਰੱਖੀ ਅਤੇ ਲਾਸ਼ ਵਿੱਚੋੱ ਬਦਬੂ ਆਉਣ ਤੇ ਇਹਨਾਂ ਨੇ ਲਾਸ਼ ਰਾਤ ਸਮੇੱ ਪਿੰਡ ਮੌਲੀ ਬੈਦਵਾਨ ਦੇ ਗੰਦੇ ਨਾਲੇ ਵਿੱਚ ਸੁੱਟ ਦਿਤੀ ਜਿਥੋੱ ਕਿ ਪੁਲੀਸ ਨੇ ਲਾਸ਼ ਬਰਾਮਦ ਕਰ ਲਈ।
ਉਹਨਾਂ ਦਸਿਆ ਕਿ ਗੁਰਪ੍ਰੀਤ ਕੌਰ ਉਮਰ ਕਰੀਬ 28 ਸਾਲ ਆਪਣੇ ਹਮ ਉਮਰ ਦੋਸਤ ਪਰਮਿੰਦਰ ਸਿੰਘ ਨਾਲ ਸੈਕਟਰ-79 ਮੁਹਾਲੀ ਦੇ ਜਿਸ ਮਕਾਨ ਵਿਚ ਕਿਰਾਏ ਤੇ ਰਹਿ ਰਹੀ ਸੀ, ਉਸ ਮਕਾਨ ਦੇ ਮਾਲਕ ਵਿਰੁੱਧ ਵੀ ਕਿਰਾਏਦਾਰ ਦੀ ਸੂਚਨਾ ਪੁਲੀਸ ਨੂੰ ਨਾ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਗੁਰਪ੍ਰੀਤ ਕੌਰ ਅਤੇ ਪਰਮਿੰਦਰ ਸਿੰਘ ਦੇ ਅਪਰਾਧਿਕ ਪਿਛੋਕੜ ਦੀ ਜਾਂਚ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਗੁਰਪ੍ਰੀਤ ਕੌਰ ਮੂਲ ਰੂਪ ਵਿੱਚ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਉਹ 5-6 ਸਾਲ ਤੋਂ ਮੁਹਾਲੀ ਵਿਖੇ ਰਹਿ ਰਹੀ ਸੀ। ਉੁਹਨਾਂ ਦੱਸਿਆ ਕਿ ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਦਾ ਸਾਲ 2009 ਵਿੱਚ ਦੇਹਾਂਤ ਹੋ ਗਿਆ ਸੀ ਅਤੇ ਉਸਦਾ ਪੁੱਤਰ ਵਿਦੇਸ਼ ਰਹਿੰਦਾ ਹੈ, ਜਿਸ ਕੋਲ ਉਹ ਖੁਦ ਵੀ ਆਉੱਦਾ ਜਾਂਦਾ ਰਹਿੰਦਾ ਸੀ। ਇਸ ਮੌਕੇ ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਹਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …