ਐਨਆਰਆਈ ਅੌਰਤ ’ਤੇ ਲੱਗੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼, ਪਤਨੀ ਨੇ ਦੋਸ਼ ਨਕਾਰੇ

ਪੀੜਤ ਐਨਆਰਆਈ ਨੌਜਵਾਨ ਦੀ ਵੱਡੀ ਭੈਣ ਨੇ ਡੀਜੀਪੀ ਨੂੰ ਲਗਾਈ ਇਨਸਾਫ਼ ਦੀ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਅਕਸਰ ਹਮੇਸ਼ਾ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਐਨਆਰਆਈ ਲਾੜੇ ਨੇ ਪੰਜਾਬ ਦੀ ਮੁਟਿਆਰ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਧੋਖਾਧੜੀ ਕੀਤੀ ਗਈ ਹੈ ਪ੍ਰੰਤੂ ਮੁਹਾਲੀ ਵਿੱਚ ਇਸ ਦੇ ਉਲਟ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਐਨਆਰਆਈ ਮਹੇਸ਼ ਸ਼ਰਮਾ ਦੀ ਵੱਡੀ ਭੈਣ ਸ੍ਰੀਮਤੀ ਮਧੂ ਰਾਣੀ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਹੱਡਬੀਤੀ ਦੱਸਦਿਆਂ ਆਪਣੀ ਐਨਆਰਆਈ ਭਾਬੀ ਉੱਤੇ ਸਹੁਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਦੇ ਘਰ ਉੱਤੇ ਕਥਿਤ ਕਬਜ਼ਾ ਕਰਨ ਦਾ ਦੋਸ਼ ਲਾਇਆ ਹੈ। ਉਧਰ, ਮਧੂ ਰਾਣੀ ਦੀ ਭਾਬੀ ਪਵਿੱਤਰ ਜੀਤ ਕੌਰ ਉਰਫ਼ ਰਿੰਪੀ ਨੇ ਉਕਤ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਿਆ ਹੈ।
ਉਧਰ, ਵੀਡੀਓ ਕਾਲ ਰਾਹੀਂ ਪੱਤਰਕਾਰ ਸੰਮੇਲਨ ਦਾ ਹਿੱਸਾ ਬਣੇ ਐਨਆਰਆਈ ਮਹੇਸ਼ ਸ਼ਰਮਾ ਨੇ ਆਪਣੀ ਲਵ ਸਟੋਰੀ ਅਤੇ ਪ੍ਰੇਮ ਪਿਆਰ ਬਾਰੇ ਦੱਸਦਿਆਂ ਸਮੁੱਚੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਅਤੇ ਆਪਣੀ ਪਤਨੀ ਰਿੰਪੀ ’ਤੇ ਤੰਗ ਪ੍ਰੇਸ਼ਾਨ ਕਰਨ ਅਤੇ ਉਸ ਦਾ ਸੈਕਟਰ-125 ਵਿਚਲਾ ਮਕਾਨ ਦੱਬਣ ਦਾ ਦੋਸ਼ ਲਾਇਆ। ਉਨ੍ਹਾਂ ਨੇ ਪੁਲੀਸ ਨੇ ਇਕਪਾਸੜ ਕਾਰਵਾਈ ਕਰਨ ਦਾ ਦੋਸ਼ ਲਾਉਂਦੇ ਹੋਏ ਪੰਜਾਬ ਦੇ ਡੀਜੀਪੀ ਤੋਂ ਨਿੱਜੀ ਦਖ਼ਲ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਮਧੂ ਰਾਣੀ ਨੇ ਦੱਸਿਆ ਕਿ ਉਸ ਦਾ ਭਰਾ ਦਿਲ ਦਾ ਮਰੀਜ਼ ਹੈ। ਜਿਸ ਨੇ ਪਤਨੀ ਤੋਂ ਤੰਗ ਆ ਕੇ 17 ਅਗਸਤ 2020 ਨੂੰ ਅਦਾਲਤ ਵਿੱਚ ਤਲਾਕ ਦਾ ਕੇਸ ਪਾਇਆ ਸੀ, ਪ੍ਰੰਤੂ ਕੇਸ ਪਾਉਣ ਤੋਂ ਬਾਅਦ ਰਿੰਪੀ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮਧੂ ਨੇ ਕਿਹਾ ਕਿ ਪਿਤਾ ਦੀ ਮੌਤ ਮਗਰੋਂ ਬੀਮਾਰ ਮਾਂ ਦਾ ਖਿਆਲ ਵੀ ਉਸ ਨੂੰ ਰੱਖਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਮਹੇਸ਼ ਨੇ ਖਰੜ ਵਿਚਲੀ ਕੋਠੀ ਦੀ ਪਾਵਰ ਆਫ਼ ਅਟਾਰਨੀ ਉਸਦੇ ਨਾਮ ਕੀਤੀ ਹੋਈ ਹੈ। ਜਿੱਥੇ ਉਹ ਪਰਿਵਾਰ ਸਮੇਤ ਰਹਿ ਕੇ ਆਪਣੀ ਮਾਂ ਦੀ ਦੇਖਭਾਲ ਕਰ ਰਹੀ ਹੈ ਪਰ ਹੁਣ ਉਸ ਦੀ ਭਾਬੀ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਉਕਤ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਐਨਆਰਆਈ ਥਾਣੇ ਵਿੱਚ ਝੂਠੀਆਂ ਸ਼ਿਕਾਇਤਾਂ ਦੇ ਕੇ ਪਹਿਲੀ ਮੰਜ਼ਲ ’ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਇਲਾਵਾ ਖਰੜ ਵਿਚਲੇ ਇਕ ਹੋਰ ਫਲੈਟ ’ਤੇ ਭਾਬੀ ਨੇ ਕਬਜ਼ਾ ਜਮਾ ਲਿਆ ਹੈ।
ਉਧਰ, ਦੂਜੇ ਪਾਸੇ ਪਵਿੱਤਰਜੀਤ ਕੌਰ ਉਰਫ਼ ਰਿੰਪੀ ਨੇ ਕਿਹਾ ਕਿ ਮਧੂ ਰਾਣੀ ਵੱਲੋਂ ਉਸ ਵਿਰੁੱਧ ਲਗਾਏ ਗਏ ਸਾਰੇ ਦੋਸ਼ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਹਨ। ਉਨ੍ਹਾਂ ਕਿਹਾ ਕਿ ਖਰੜ ਵਾਲੀ ਕੋਠੀ ਉਸ ਦੇ ਪਤੀ ਦੀ ਹੈ, ਜਿਸ ’ਤੇ ਉਸ ਦਾ ਕਾਨੂੰਨੀ ਅਧਿਕਾਰ ਹੈ ਜਦੋਂਕਿ ਮਧੂ ਰਾਣੀ ਉੱਥੇ ਜ਼ਬਰਦਸਤੀ ਰਹਿ ਰਹੀ ਹੈ। ਉਸ ਨੇ ਆਪਣੀ ਨਣਦ ਮਧੂ ਰਾਣੀ ’ਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਮਧੂ ਨੇ ਉਸ ਦੀ ਮਾਂ ਅਤੇ ਭਰਾ ਨਾਲ ਕੁੱਟਮਾਰ ਕੀਤੀ ਗਈ ਅਤੇ ਹੁਣ ਉਹ ਮੀਡੀਆ ਦਾ ਸਹਾਰਾ ਲੈ ਕੇ ਪੁਲੀਸ ’ਤੇ ਦਬਾਅ ਬਣਾ ਕੇ ਕੇਸ ਨੂੰ ਪ੍ਰਭਾਵਿਤ ਕਰਨਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮਧੂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤਾ ਗਿਆ ਹੈ। ਮਧੂ ਜ਼ਮਾਨਤ ’ਤੇ ਹੈ ਜਦੋਂਕਿ ਉਸ ਦੇ ਐਨਆਰਆਈ ਪਤੀ ਨੂੰ ਭਗੌੜਾ ਕਰਾਰ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਸ ਦੇ ਪਤੀ ਨੇ ਬੇਗਾਨੇ ਮੁਲਕ ਵਿੱਚ ਛੱਡ ਦਿੱਤਾ। ਫਿਰ ਪੰਜਾਬ ਆ ਕੇ ਇੱਥੇ ਛੱਡ ਕੇ ਵਾਪਸ ਵਿਦੇਸ਼ ਚਲਾ ਗਿਆ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …