Nabaz-e-punjab.com

ਜ਼ਹਿਰੀਲਾ ਚਾਰਾ ਖਾਣ ਨਾਲ ਮਰਨ ਵਾਲੇ ਦੁਧਾਰੂ ਪਸ਼ੂਆਂ ਦੀ ਗਿਣਤੀ 97 ਤੱਕ ਪੁੱਜੀ

ਸਿਹਤ ਮੰਤਰੀ ਸਿੱਧੂ, ਅਕਾਲੀ ਆਗੂ ਚੰਦੂਮਾਜਰਾ, ਐਸਡੀਐਮ ਤੇ ਡਾਇਰੈਕਟਰ ਪਸ਼ੂ ਪਾਲਣ ਨੇ ਲਿਆ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਇੱਥੋਂ ਦੇ ਨਜ਼ਦੀਕੀ ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ ਵਿੱਚ ਦੂਸ਼ਿਤ (ਜ਼ਹਿਰੀਲਾ) ਚਾਰਾ ਖਾਣ ਨਾਲ ਮਰਨ ਵਾਲੇ ਦੁਧਾਰੂ ਪਸ਼ੂਆਂ ਦੀ ਗਿਣਤੀ 97 ਮੌਤ ਹੋ ਗਈ। ਬੀਤੇ ਦਿਨੀਂ ਦੋਵੇਂ ਫਾਰਮਾਂ ਵਿੱਚ 35 ਤੋਂ ਵੱਧ ਪਸ਼ੂਆਂ ਦੀ ਹੋ ਗਈ ਸੀ। ਏਨੀ ਵੱਡੀ ਗਿਣਤੀ ਵਿੱਚ ਪਸ਼ੂਆਂ ਦੀ ਮੌਤ ਹੋਣ ਨਾਲ ਉਕਤ ਦੋਵੇਂ ਡੇਅਰੀ ਫਾਰਮ ਸੁੰਨੇ ਹੋ ਗਏ ਹਨ। ਇੰਝ ਹੀ ਮੁਹਾਲੀ ਏਅਰਪੋਰਟ ਨੇੜਲੇ ਪਿੰਡ ਸਫ਼ੀਪੁਰ ਵਿੱਚ ਇਕ ਡੇਅਰੀ ਫਾਰਮ ਵਿੱਚ ਕਰੀਬ ਸੱਤ ਪਸ਼ੂਆਂ ਦੀ ਮੌਤ ਹੋਣ ਬਾਰੇ ਪਤਾ ਲੱਗਾ ਹੈ।
ਉਧਰ, ਅੱਜ ਮੀਡੀਆ ਵਿੱਚ ਪਸ਼ੂਆਂ ਦੀ ਮੌਤ ਬਾਰੇ ਖ਼ਬਰ ਛੱਪਣ ਹੋਣ ਤੋਂ ਬਾਅਦ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਹੁਕਮਾਂ ’ਤੇ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਡੇਅਰੀ ਫਾਰਮਾਂ ਦਾ ਦੌਰਾ ਕਰਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਡੇਅਰੀ ਫਾਰਮਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇੰਝ ਹੀ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਘਟਨਾ ਦਾ ਜਾਇਜ਼ਾ ਲਿਆ। ਚੰਦੂਮਾਜਰਾ ਨੇ ਫੋਨ ’ਤੇ ਡਿਪਟੀ ਕਮਿਸ਼ਨਰ ਨਾਲ ਕਰਕੇ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਬਾਕੀ ਪਸ਼ੂਆਂ ਦਾ ਮੁਫ਼ਤ ਇਲਾਜ ਕਰਨ ਲਈ ਆਖਿਆ। ਇਸ ਮੌਕੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਤੇ ਜਥੇਦਾਰ ਪ੍ਰੇਮ ਸਿੰਘ ਝਿਊਰਹੇੜੀ ਅਤੇ ਸਿਮਰਨਜੀਤ ਚੰਦੂਮਾਜਰਾ ਵੀ ਮੌਜੂਦ ਸਨ।
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਜਲੰਧਰ ਤੋਂ ਵੀ ਮਾਹਰਾਂ ਦੀ ਵਿਸ਼ੇਸ਼ ਟੀਮ ਨੇ ਮੁਹਾਲੀ ਦਾ ਦੌਰਾ ਕਰਕੇ ਪਸ਼ੂਆਂ ਦੀ ਮੌਤ ਦਾ ਜਾਇਜ਼ਾ ਲਿਆ ਅਤੇ ਪਸ਼ੂਆਂ ਦੇ ਚਾਰੇ ਦੇ ਸੈਂਪਲ ਲਏ ਗਏ ਹਨ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਸ਼ੂਆਂ ਨੂੰ ਪਰੋਸਿਆ ਗਿਆ ਚਾਰਾ ਕਾਫੀ ਦੂਸ਼ਿਤ ਹੋਣ ਕਾਰਨ ਜ਼ਹਿਰੀਲਾ ਹੋ ਗਿਆ ਸੀ। ਜਿਸ ਕਮਰੇ ਵਿੱਚ ਇਹ ਚਾਰਾ ਰੱਖਿਆ ਹੋਇਆ ਸੀ, ਉੱਥੇ ਕਾਫੀ ਮੱਖੀਆਂ ਭਿਣਕ ਰਹੀਆਂ ਸਨ ਅਤੇ ਬਦਬੂ ਆ ਰਹੀ ਸੀ। ਤਿੰਨੇ ਡੇਅਰੀ ਫਾਰਮਾਂ ਵਾਲੇ ਇਕੋ ਵਿਅਕਤੀ ਤੋਂ ਚਾਰਾ ਮੰਗਵਾਉਂਦੇ ਸਨ। ਦੱਸਿਆ ਗਿਆ ਹੈ ਕਿ ਖ਼ਰੀਦੇ ਜਾਂਦੇ ਚਾਰੇ ਵਿੱਚ ਬਾਸੀ ਖਾਣਾ, ਹੋਟਲਾਂ ਅਤੇ ਰੈਸਟੋਰੈਂਟ ਦੀ ਰਹਿੰਦ ਖਹੂੰਦ ਅਤੇ ਰੋਟੀਆਂ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪਸ਼ੂਆਂ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਉਨ੍ਹਾਂ ਦੇ ਪੇਟ ’ਚੋਂ ਮਿਲੀ ਫੀਡ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।
ਕੰਡਾਲਾ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਰਾਜੂ ਦੇ ਡੇਅਰੀ ਫਾਰਮ ਵਿੱਚ 80 ਤੋਂ ਵੱਧ ਪਸ਼ੂ ਸਨ। ਜਿਨ੍ਹਾਂ ’ਚੋਂ ਹੁਣ ਸਿਰਫ਼ 10 ਕੁ ਪਸ਼ੂ ਬਚੇ ਹਨ ਅਤੇ ਤਰਸੇਮ ਲਾਲ ਡੱਡੂ ਦੇ ਡੇਅਰੀ ਫਾਰਮ ਵਿੱਚ 60 ’ਚੋਂ ਸਿਰਫ਼ 4 ਪਸ਼ੂ ਹੀ ਰਹਿ ਗਏ ਹਨ। ਇਨ੍ਹਾਂ ਪਸ਼ੂਆਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸੇ ਨਾਲ ਪੀੜਤਾਂ ਨੂੰ ਕਰੋੜਾਂ ਰੁਪਏ ਦਾ ਘਾਟਾ ਪਿਆ ਹੈ। ਮ੍ਰਿਤਕ ਦੁਧਾਰੂ ਪਸ਼ੂਆਂ ਦੀ ਕੀਮਤ ਪ੍ਰਤੀ ਪਸ਼ੂ 80 ਹਜ਼ਾਰ ਤੋਂ ਲੈ ਕੇ ਲੱਖ ਰੁਪਏ ਅਤੇ ਕਈ ਪਸ਼ੂ ਇਸ ਤੋਂ ਵੱਧ ਰਾਸ਼ੀ ਦੇ ਸਨ।
(ਬਾਕਸ ਆਈਟਮ)
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ ਵਿੱਚ ਪਸ਼ੂਆਂ ਦੀ ਮੌਤ ਦੇ ਮਾਮਲੇ ਵਿੱਚ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਵਿਅਕਤੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਅਤੇ ਜਲੰਧਰ ਤੋਂ ਸੱਦੀ ਰੀਜਨਲ ਡਸੀਜ਼ ਡਾਇਗਨੋਸਟਿਕ ਲੈਬਾਰਟਰੀ ਨਾਰਥ ਜ਼ੋਨ ਦੀ ਟੀਮ ਵੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਪਸ਼ੂਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਡਾਕਟਰ ਦੀ ਵੀ ਅਣਗਹਿਲੀ ਪਾਈ ਗਈ ਤਾਂ ਉਸ ਦੀ ਜਵਾਬਤਲਬੀ ਕੀਤੀ ਜਾਵੇਗੀ।
(ਬਾਕਸ ਆਈਟਮ)
ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਨੇ ਇਕ ਹੰਗਾਮੀ ਮੀਟਿੰਗ ਕਰਕੇ ਪਿੰਡ ਕੰਡਾਲਾ ਅਤੇ ਸਫ਼ੀਪੁਰ ਵਿੱਚ ਤਿੰਨ ਡੇਅਰੀਆਂ ਵਿੱਚ ਵੱਡੀ ਗਿਣਤੀ ਵਿੱਚ ਦੁਧਾਰੂ ਪਸ਼ੂਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਪੰਜਾਬ ਸਰਕਾਰ ਤੇ ਮੁਹਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਕ ਪਸ਼ੂ ਪਾਲਕਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
(ਬਾਕਸ ਆਈਟਮ)
ਐਸਡੀਐਮ ਜਗਦੀਪ ਸਹਿਗਲ ਨੇ ਦੱਸਿਆ ਕਿ ਪਹਿਲਾਂ ਪਸ਼ੂ ਪਾਲਕ ਮ੍ਰਿਤਕ ਪਸ਼ੂਆਂ ਦਾ ਪੋਸਟ ਮਾਰਟਮ ਕਰਨ ਨਹੀਂ ਦੇ ਰਹੇ ਸੀ ਪ੍ਰੰਤੂ ਬਾਅਦ ਵਿੱਚ ਸਮਝਾਉਣ ’ਤੇ ਉਹ ਰਾਜ਼ੀ ਹੋ ਗਏ। ਉਨ੍ਹਾਂ ਦੱਸਿਆ ਕਿ ਪਸ਼ੂਆਂ ਨੂੰ ਪਾਏ ਚਾਰੇ ਨੂੰ ਉੱਲੀ ਲੱਗੀ ਹੋਈ ਸੀ, ਜਿਸ ਕਾਰਨ ਚਾਰਾ ਕਾਫੀ ਜ਼ਹਿਰੀਲਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਪੋਸਟ ਮਾਰਟਮ ਤੋਂ ਬਾਅਦ ਜੇਸੀਬੀ ਮਸ਼ੀਨ ਨਾਲ ਹੱਡਾ ਰੋਡੀ ਵਾਲੀ ਥਾਂ ਡੂੰਘੇ ਖੱਡੇ ਪੁੱਟ ਕੇ ਮ੍ਰਿਤਕ ਪਸ਼ੂਆਂ ਨੂੰ ਦੱਬਿਆ ਗਿਆ ਹੈ, ਕਿਉਂਕਿ ਆਵਾਰਾ ਕੁੱਤਿਆਂ ਵੱਲੋਂ ਪਸ਼ੂਆਂ ਦਾ ਮਾਸ ਖਾਣ ਤੋਂ ਬਾਅਦ ਖ਼ਤਰਾ ਪੈਦਾ ਹੋਣ ਦਾ ਡਰ ਸੀ।

Load More Related Articles
Load More By Nabaz-e-Punjab
Load More In Crime & Police

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …