Nabaz-e-punjab.com

ਫੋਰਟਿਸ ਕਾਂਗੜਾ ਦੀ ਨਰਸ ਨੇ ਬੱਸ ਚਾਲਕ ਦੇ ਉਖੜੇ ਸਾਹਾਂ ਨੂੰ ਦਿੱਤੀ ਸੰਜੀਵਨੀ

ਮਟੌਰ ਨੇੜੇ ਬੱਸ ਚਾਲਕ ਅਚਾਨਕ ਹੋਇਆ ਬੇਹੋਸ਼, ਬੱਸ ਵਿੱਚ ਸਵਾਰ ਸੀ ਫੋਰਟਿਸ ਦੀ ਸਟਾਫ਼ ਨਰਸ ਕਾਜਲ

ਨਬਜ਼-ਏ-ਪੰਜਾਬ ਬਿਊਰੋ, ਕਾਂਗੜਾ\ਮੁਹਾਲੀ, 18 ਫਰਵਰੀ:
ਐਚਆਰਟੀਸੀ ਦੇ ਡਰਾਈਵਰ ਦੇ ਚਲਦੀ ਬੱਸ ਵਿੱਚ ਅਚਾਨਕ ਸਾਂਹ ਰੁੱਕ ਗਏ ਸਨ। ਇਹ ਬੱਸ ਧਰਮਸਾਲਾ ਤੋਂ ਕਾਂਗੜਾ ਟਾਂਡਾ ਦੇ ਵੱਲ ਜਾ ਰਹੀ ਸੀ। ਪੁਰਾਣਾ ਮਟੌਰ (ਕਾਂਗੜਾ) ਦੇ ਕੋਲ ਬੱਸ ਸੜਕ ’ਤੇ ਅਚਾਨਕ ਰੁੱਕ ਗਈ ਅਤੇ ਬੱਸ ਚਲਾ ਰਿਹਾ ਡਰਾਈਵਰ ਸੀਟ ’ਤੇ ਬੇਸੁੱਧ ਹੋ ਕੇ ਇਕ ਪਾਸੇ ਡਿੱਗ ਗਿਆ। ਅਚਾਨਕ ਹੋਈ ਇਸ ਘਟਨਾ ਨੂੰ ਦੇਖ ਕੇ ਸਾਰੇ ਬੱਸ ਸਵਾਰ ਹੈਰਾਨ ਰਹਿ ਗਏ। ਫੋਰਟਿਸ ਕਾਂਗੜਾ ਦੀ ਸਟਾਫ਼ ਨਰਸ ਕਾਜਲ ਵੀ ਇਸੇ ਬੱਚ ਵਿੱਚ ਸਵਾਰ ਸੀ। ਉਹ ਡਰਾਈਵਰ ਸੀਟ ਤੋਂ ਪਿਛਲੀ ਸੀਟ ’ਤੇ ਬੈਠੀ ਸੀ। ਕਾਜਲ ਨੇ ਹੋਰ ਸਵਾਰੀਆਂ ਦੀ ਮਦਦ ਨਾਲ ਚਾਲਕ ਨੂੰ ਨੂੰ ਖਾਲੀ ਥਾਂ ’ਤੇ ਲੰਮਾ ਪਾਇਆ। ਜਦੋਂ ਉਸ ਨੇ ਚਾਲਕ ਦੀ ਜਾਂਚ ਕੀਤੀ ਤਾਂ ਉਸ ਦੀ ਨਬਜ਼ ਹੌਲੀ ਹੋ ਗਈ ਸੀ, ਧੜਕਨ ਬਹੁਤ ਘੱਟ ਸੀ, ਸਾਂਹ ਰੁੱਕ ਚੁੱਕੇ ਸਨ। ਉਹ ਬੇਹੋਸ਼ ਅਵਸਥਾ ਵਿੱਚ ਸੀ। ਕਾਜਲ ਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਮਾਮਲਾ ਗੰਭੀਰ ਹੈ ਅਤੇ ਤੁਰੰਤ ਦਖ਼ਲ ਦੇਣਾ ਲਾਜ਼ਮੀ ਹੈ।
ਕਾਜਲ ਨੇ ਹੌਸਲਾ ਦਿਖਾਇਆ ਅਤੇ ਬਿਨ੍ਹਾਂ ਦੇਰੀ ਕੀਤਿਆਂ ਉਸ ਨੇ ਆਪਣੇ ਅਨੁਭਵ ਅਤੇ ਹੁਨਰ ਨੂੰ ਅਜਮਾਉਣਾ ਸ਼ੁਰੂ ਕੀਤਾ। ਕਾਜਲ ਨੇ ਸੀਪੀਆਰ ਦਿੱਤਾ, ਯਾਨੀ ਹਾਰਟ ਨੂੰ ਜ਼ੋਰ-ਜ਼ੋਰ ਨਾਲ ਦਬਾਉਣਾ ਸ਼ੁਰੂ ਕੀਤਾ। ਇਹ ਪ੍ਰਕਿਰਿਆ ਉਸਨੇ ਲਗਭਗ 15 ਮਿੰਟ ਤੱਕ ਜਾਰੀ ਰੱਖੀ। ਇਸ ਦੌਰਾਨ ਉਸ ਨੇ ਮਰੀਜ ਨੂੰ ਮੁੂੰਹ ਦੁਆਰਾ ਆਕਸੀਜਨ ਦਿੱਤੀ। ਆਖਰਕਾਰ 15 ਮਿੰਟ ਬਾਅਦ ਕਾਜਲ ਦੀ ਮਿਹਨਤ ਰੰਗ ਲਿਆਈ ਅਤੇ ਬੱਸ ਡਰਾਈਵਰ ਦੇ ਦਿਲ ਦੀ ਧੜਕਨ ਨੇ ਹਰਕਤ ਕਰਨੀ ਸ਼ੁਰੂ ਕਰ ਦਿੱਤੀ। ਰੁਕੇ ਹੋਏ ਸਾਂਹ ਚੱਲਣ ਲੱਗੇ, ਉਸਨੇ ਆਪਣੀਆਂ ਅੱਖਾਂ ਖੋਲ ਲਈਆਂ ਅਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਹੁਣ ਵਕਤ ਸੀ ਐਕਸਪਰਟ ਟਰੀਟਮੈਂਟ ਦਾ, ਜਿਸ ਦੇ ਲਈ ਨਰਸ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਜਾਣ ਦੀ ਸਲਾਹ ਦਿੱਤੀ।
ਇਸ ਸਬੰਧ ਵਿੱਚ ਫੋਰਟਿਸ ਕਾਂਗੜਾ ਦੇ ਹਾਰਟ ਰੋਗ ਐਕਸਪਰਟ ਡਾ. ਅਖਿਲ ਗੌਤਮ ਅਤੇ ਡਾ. ਅਮਿਤ ਸ਼ਰਮਾ ਨੇ ਕਿਹਾ ਕਿ ਇਸ ਸਥਿਤੀ ਵਿੱਚ ਸ਼ੁਰੂਆਤੀ ਵਕਤ ਗੋਲਡਨ ਪੀਰੀਅਡ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਟਾਫ ਨਰਸ ਕਾਜਲ ਨੇ ਜਿਸ ਤਰ੍ਹਾਂ ਨਾਲ ਇਸ ਕੇਸ ਦਾ ਸ਼ੁਰੂਆਤੀ ਅਤੇ ਕ੍ਰਿਟੀਕਲ ਪ੍ਰਬੰਧਨ ਕੀਤਾ ਹੈ, ਇਹ ਕਾਬਲੇਤਾਰੀਫ ਹੈ। ਉਨ੍ਹਾਂ ਨੇ ਕਾਜਲ ਦੇ ਪਰਿਵਾਰਕ ਮੈਂਬਰਾਂ ਦੀ ਸਰਾਹਨਾਂ ਕਰਦੇ ਹੋਏ ਕਿਹਾ ਕਿ ਇਹ ਚੰਗੇ ਪਾਲਣ-ਪੋਸ਼ਣ ਅਤੇ ਸੰਸਕਾਰਾਂ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਦੀ ਬੇਟੀ ਨੇ ਨਿਸਵਾਰਥ ਯਤਨ ਕਰਦੇ ਹੋਏ ਇੱਕ ਵਿਅਕਤੀ ਦੀ ਜਾਨ ਬਚਾਈ।
(ਬਾਕਸ ਆਈਟਮ)
ਫੋਰਟਿਸ ਕਾਂਗੜਾ ਦੇ ਡਾਇਰੈਕਟਰ ਕਰਨਲ ਐਚਐਸ ਭਗਤ ਨੇ ਕਿਹਾ ਕਿ ਇਹ ਹਸਪਤਾਲ ਦੇ ਲਈ ਮਾਣ ਦੀ ਗੱਲ ਹੈ ਕਿ ਸਟਾਫ਼ ਨਰਸ ਕਾਜਲ ਦੇ ਸਾਹਸਿਕ ਯਤਨਾਂ ਨਾਲ ਮਰੀਜ਼ ਨੂੰ ਤੁਰੰਤ ਸ਼ੁਰੂਆਤੀ ਅਤੇ ਜ਼ਰੂਰੀ ਇਲਾਜ ਮੁਹੱਈਆ ਹੋ ਪਾਇਆ। ਕਰਨਲ ਭਗਤ ਨੇ ਬੱਸ ਡਰਾਈਵਰ ਦੇ ਸਾਹਸ ਅਤੇ ਸਮਝ ਦੀ ਵੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਇਸ ਅਵਸਥਾ ਵਿੱਚ ਜੇਕਰ ਡਰਾਇਵਰ ਬਰੇਕ ਨਾ ਲਗਾਉਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …