ਈਦ ਦੇ ਤਿਉਹਾਰ ਮੌਕੇ ਆਜ਼ਾਦ ਗਰੁੱਪ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਕੀਤੀ ਖ਼ੁਸ਼ੀ ਸਾਂਝੀ

ਸਾਰੇ ਧਰਮਾਂ ਦੇ ਤਿਉਹਾਰ ਸਾਨੂੰ ਮਿਲ ਕੇ ਮਨਾਉਣੇ ਚਾਹੀਦੇ ਹਨ: ਸਰਬਜੀਤ ਸਿੰਘ ਸਮਾਣਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ:
ਆਜ਼ਾਦ ਗਰੁੱਪ ਦੇ ਸੰਸਥਾਪਕ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਕੌਂਸਲਰ ਅਤੇ ਯੂਥ ਆਗੂ ਸਰਬਜੀਤ ਸਿੰਘ ਸਮਾਣਾ ਅਤੇ ਹੋਰਨਾਂ ਨੇ ਪਿੰਡ ਮੌਲੀ ਅਤੇ ਪਿੰਡ ਮਨੌਲੀ ਵਿਖੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਈਦ ਦਾ ਤਿਉਹਾਰ ਮਨਾਇਆ। ਕਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਾਦਾ ਪਰ ਪ੍ਰਭਾਵਸ਼ਾਲੀ ਸਮਾਰੋਹ ਕੀਤਾ ਗਿਆ। ਜਿੱਥੇ ਈਦ ਦੇ ਪਾਵਨ ਤਿਉਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਆਗੂ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕਰੋਨਾ ਵਿਰੁੱਧ ਜੰਗ ਜਾਰੀ ਹੈ। ਉਨ੍ਹਾਂ ਕਿਹਾ ਕਿ ਮਹਾਮਰੀ ਤੋਂ ਬਚਾਅ ਲਈ ਸਾਨੂੰ ਸਾਰਿਆਂ ਨੂੰ ਕੋਵਿਡ ਵੈਕਸੀਨ ਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਮਹਾਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਈਦ ਦਾ ਤਿਉਹਾਰ ਸਾਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪ੍ਰੇਰਦਾ ਹੈ।
ਯੂਥ ਆਗੂ ਨੇ ਕਿਹਾ ਕਿ ਸਮੁੱਚੀ ਕਾਇਨਾਤ ਵਿੱਚ ਵੱਖ-ਵੱਖ ਧਰਮਾ ਦੇ ਜਿੰਨੇ ਵੀ ਤਿਉਹਾਰ ਹਨ, ਉਹ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਮਿਲ ਬੈਠ ਕੇ ਮਨਾਉਣੇ ਚਾਹੀਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਕੌਮੀ ਤਿਉਹਾਰਾਂ, ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ਬਾਰੇ ਵਿੱਚ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਆਜ਼ਾਦ ਗਰੁੱਪ ਦੇ ਦਫ਼ਤਰ ਇੰਚਾਰਜ ਤੇ ਸਾਬਕਾ ਕੌਂਸਲਰ ਫੂਲਰਾਜ ਸਿੰਘ, ਸਮਾਜ ਸੇਵੀ ਜਸਪਾਲ ਸਿੰਘ ਮਟੌਰ, ਤਰਨਜੀਤ ਸਿੰਘ, ਸੁਮਿਤ ਸੋਢੀ, ਸੋਨੂ, ਅਨਵਰ ਖਾਨ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ।

Check Also

ਨਕਲੀ ਡੀਏਪੀ ਖਾਦ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ: ਕਿਸਾਨ ਯੂਨੀਅਨ

ਨਕਲੀ ਡੀਏਪੀ ਖਾਦ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ: ਕਿਸਾਨ ਯੂਨੀਅਨ ਝੋਨੇ ਦੀਆਂ ਬੈਨ ਕੀਤੀਆਂ ਕਿ…