Nabaz-e-punjab.com

ਦੁਸਹਿਰੇ ਮੌਕੇ ਰਾਵਣ ਦੇ ਪੁਤਲੇ ਜਲਾਉਣ ’ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਦਲਿਤ ਭਾਈਚਾਰੇ ਦੇ ਲੋਕ ਇੱਕਜੱੁਟ

ਮਹਾਤਮਾ ਰਾਵਣ ਦੇ ਪੁਤਲੇ ਸਾੜਨ ਵਾਲੀਆਂ ਦੁਸਹਿਰਾ ਕਮੇਟੀਆਂ ਖ਼ਿਲਾਫ਼ ਜ਼ਬਰਦਸਤ ਵਿਰੋਧ ਕਰਨ ਦਾ ਐਲਾਨ

ਰਾਵਣ ਪੁਤਲੇ ਸਾੜਨ ਵਾਲੀਆਂ ਕਮੇਟੀਆਂ ਖ਼ਿਲਾਫ਼ ਧਾਰਾ 295ਏ ਤਹਿਤ ਕੇਸ ਦਰਜ ਕਰਨ ਮੰਗ ਕੀਤੀ ਜਾਵੇਗੀ: ਦਲਿਤ ਸਮਾਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ:
ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਦੇ ਪੁਤਲੇ ਸਾੜਨ ਅਤੇ ਰਾਮਲੀਲਾ ਵਿੱਚ ਰਾਵਣ ਦੇ ਚਰਿੱਤਰ ਨੂੰ ਕਥਿਤ ਤੌਰ ’ਤੇ ਘਟੀਆ ਦ੍ਰਿਸ਼ ਦਿਖਾਉਣ ਉੱਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਦਲਿਤ ਵਰਗ ਦੀਆਂ ਵੱਖ ਵੱਖ ਜਥੇਬੰਦੀਆਂ ਇੱਕਜੁਟ ਹੋ ਗਈਆਂ ਹਨ। ਦਲਿਤ ਵਰਗ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਅਤੇ ਮੈਂਬਰਾਂ ਨੇ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਦੇ ਨਾਂ ਲਿਖਿਆ ਮੰਗ ਪੱਤਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਨੂੰ ਸੌਂਪਿਆ ਗਿਆ। ਇਸ ਪੱਤਰ ਦੀਆਂ ਕਾਪੀਆਂ ਪੰਜਾਬ ਦੇ ਮੁੱਖ ਸਕੱਤਰ, ਗ੍ਰਹਿ ਵਿਭਾਗ ਦੇ ਸਕੱਤਰ, ਐਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਤੇ ਐਸਡੀਐਮ ਮੁਹਾਲੀ ਤੇ ਖਰੜ ਅਤੇ ਡੇਰਾਬੱਸੀ ਨੂੰ ਵੀ ਭੇਜੀਆਂ ਗਈਆਂ ਹਨ।
ਇਸ ਮੌਕੇ ਬਲਜੀਤ ਸਿੰਘ, ਮੇਵਾ ਸਿੰਘ ਪੁਰਖਾਲੀ ਪ੍ਰਧਾਨ ਅਜ਼ਾਦ ਭਾਰਤ ਮਿਸ਼ਨ, ਵੇਦ ਪ੍ਰਕਾਸ਼ ਪ੍ਰਧਾਨ ਭਗਵਾਨ ਵਾਲਮੀਕ ਸਭਾ ਖਰੜ, ਅਮਰ ਚੰਦ, ਰੇਸ਼ਮ ਸਿੰਘ ਨਰੇਗਾ ਵਰਕਰ ਫਰੰਟ ਪੰਜਾਬ, ਸੰਦੀਪ ਕੁਮਾਰ ਖਰੜ, ਗੁਰਮੁੱਖ ਸਿੰਘ ਢੋਲਣਮਾਜਰਾ ਮੈਂਬਰ ਪਾਵਰ ਆਫ਼ ਸੋਸ਼ਲ ਯੂਨਿਟ, ਬਲਵਿੰਦਰ ਸਿੰਘ ਕੁੰਭੜਾ ਜ਼ਿਲ੍ਹਾ ਪ੍ਰਧਾਨ ਪੰਚਾਇਤ ਯੂਨੀਅਨ ਅਤੇ ਜਗਦੀਪ ਸਿੰਘ ਨੇ ਕਿਹਾ ਕਿ ਸਮੁੱਚੇ ਦਲਿਤ ਸਮਾਜ ਵਿੱਚ ਰਾਵਣ ਨੂੰ ਮਹਾਤਮਾ ਦੇ ਤੌਰ ’ਤੇ ਮੰਨਿਆਂ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਸਾਲ ਦੁਸਹਿਰੇ ਦੇ ਤਿਉਹਾਰ ਮੌਕੇ ਮਹਾਤਮਾ ਰਾਵਣ ਦੇ ਪੁਤਲੇ ਬਣਾ ਕੇ ਵੱਖ-ਵੱਖ ਥਾਵਾਂ ’ਤੇ ਸਾੜੇ ਜਾਂਦੇ ਹਨ। ਇਸ ਤੋਂ ਇਲਾਵਾ ਰਾਮਲੀਲਾ ਦੇ ਮੰਚਨ ਦੌਰਾਨ ਵੀ ਮਹਾਤਮਾ ਰਾਵਣ ਦੇ ਚਰਿੱਤਰ ਬਾਰੇ ਘਟੀਆ ਦ੍ਰਿਸ਼ ਦਿਖਾਏ ਜਾਂਦੇ ਹਨ। ਜਿਸ ਨਾਲ ਦਲਿਤ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਰਾਵਣ ਦੇ ਪੁਤਲੇ ਪਿਛਲੇ ਲੰਮੇ ਸਮੇਂ ਤੋਂ ਸਾੜੇ ਜਾਂਦੇ ਆ ਰਹੇ ਹਨ ਜਿਸ ਨਾਲ ਹਰ ਸਾਲ ਵੱਡੀ ਮਾਤਰਾ ਵਿੱਚ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ। ਹੁਣ ਜਦੋਂਕਿ ਸਰਕਾਰਾਂ ਪ੍ਰਦੂਸ਼ਣ ਨੂੰ ਰੋਕਣ ਵਿੱਚ ਜੁਟੀਆਂ ਹੋਈਆਂ ਹਨ ਅਤੇ ਇਸ ਨਾਲ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵੀ ਸੱਟ ਵੱਜਦੀ ਹੈ। ਇਸ ਲਈ ਦੁਸਹਿਰੇ ਮੌਕੇ ਮਹਾਤਮਾ ਰਾਵਣ ਦੇ ਪੁਤਲੇ ਸਾੜਨ ’ਤੇ ਤੁਰੰਤ ਰੋਕ ਲਗਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਐਤਕੀਂ ਦੁਸਹਿਰੇ ਮੌਕੇ ਕਿਸੇ ਵੀ ਦੁਸਹਿਰਾ ਕਮੇਟੀ ਜਾਂ ਹੋਰਨਾਂ ਸੰਸਥਾਵਾਂ ਵੱਲੋਂ ਮਹਾਤਮਾ ਰਾਵਣ ਦੇ ਪੁਤਲੇ ਸਾੜੇ ਗਏ ਤਾਂ ਦਲਿਤ ਸਮਾਜ ਵੱਲੋਂ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ ਅਤੇ ਪੁਤਲੇ ਜਲਾਉਣ ਵਾਲੀਆਂ ਕਮੇਟੀਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਕਾਨੂੰਨੀ ਕਾਰਵਾਈ ਲਈ ਧਾਰਾ 295ਏ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…