
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦੇ ਬੱਚਿਆਂ ਨੇ ਤੀਆਂ ਮੌਕੇ ਖੂਬ ਰੰਗ ਬੰਨ੍ਹਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਮਿਲ ਕੇ ‘ਤੀਆਂ’ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ। ਜਿਸ ਵਿੱਚ ਵਿਦਿਆਰਥੀਆਂ ਨੇ ਪੰਜਾਬੀ ਸਭਿਆਚਾਰ ਦੀ ਵੱਖ-ਵੱਖ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨ੍ਹਿਆ। ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਝੂੰਮਰ ਅਤੇ ਸਾਵਣ ਦੇ ਗੀਤ ਅਤੇ ਲੋਕ ਨਾਚ ਰਾਹੀਂ ਤੀਆਂ ਦੀ ਮਹੱਤਤਾ ਨੂੰ ਦਰਸਾਇਆ। ਨੰਨ੍ਹੇ-ਮੁੰਨੇ ਬੱਚੇ ਆਪਣੇ ਘਰਾਂ ਤੋਂ ਹੀ ਪੰਜਾਬੀ ਪਹਿਰਾਵੇ ਵਿੱਚ ਸਕੂਲ ਪਹੁੰਚੇ ਅਤੇ ਮੰਚ ’ਤੇ ਖੂਬ ਧਮਾਲ ਪਾਈ।

ਇਸ ਮੌਕੇ ਪੰਜਾਬੀ ਪਹਿਰਾਵਾ, ਪੰਜਾਬੀ ਲੋਕ-ਨਾਚ, ਪੰਜਾਬੀ ਖਾਣਾ ਖੀਰ ਪੂੜੇ ਆਦਿ ਸਭ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕਰ ਰਹੇ ਸਨ। ਬੱਚਿਆਂ ਨੇ ਗਿੱਧੇ ਅਤੇ ਬੋਲੀਆਂ ਰਾਹੀਂ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ। ਸਕੂਲ ਵਿੱਚ ਕੁੜੀਆਂ ਦਾ ‘ਮਹਿੰਦੀ ਮੁਕਾਬਲਾ’ ਵੀ ਕਰਵਾਇਆ ਗਿਆ ਅਤੇ ਵਿਦਿਆਰਥਣਾਂ ਨੇ ਸਕੂਲ ਦੇ ਵਿਹੜੇ ਵਿੱਚ ਪੀਂਘਾਂ ਦਾ ਅਨੰਦ ਮਾਣਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਅਤੇ ਡਾਇਰੈਕਟਰ ਸ੍ਰੀਮਤੀ ਪਵਨਪ੍ਰੀਤ ਕੌਰ ਗਿੱਲ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਤੀਆਂ ਦੀ ਮੁਬਾਰਕਬਾਦ ਦਿੱਤੀ ਅਤੇ ਪੰਜਾਬੀ ਵਿਰਸੇ ਨਾਲ ਜੁੜਨ ਲਈ ਪ੍ਰੇਰਿਆ।