
ਕੱਚੇ ਦਫ਼ਤਰੀ ਮੁਲਾਜ਼ਮਾਂ ਨੇ ਆਪਣੇ ਪਰਿਵਾਰਾਂ ਸਮੇਤ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ
ਧਰਨਾਕਾਰੀਆਂ ਨੇ ਸ਼ਰਾਬ ਦੇ ਠੇਕੇ ਦੇ ਕਰਮਚਾਰੀਆਂ ਨੂੰ ਪੁੱਛਿਆ ਕਿਤੇ ਉਨ੍ਹਾਂ ਨੂੰ ਤਾਂ ਪੱਕਾ ਨਹੀਂ ਕਰ ਰਹੀ ਰਾਜ ਸਰਕਾਰ
ਕੱਚੇ ਦਫ਼ਤਰੀ ਮੁਲਾਜ਼ਮਾਂ ਵੱਲੋਂ 18 ਦਸੰਬਰ ਨੂੰ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ:
ਸਰਵ ਸਿੱਖਿਆ ਅਭਿਆਨ/ਮਿਡ-ਡੇਅ-ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਕਾਰਕੁਨਾਂ ਨੇ ਅੱਜ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਕੱਚੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਝੂਠੇ ਅਤੇ ਗੁਮਰਾਹਕੁਨ ਪ੍ਰਚਾਰ ਦਾ ਗੰਭੀਰ ਨੋਟਿਸ ਲੈਂਦੇ ਹੋਏ ਇੱਥੋਂ ਦੇ ਫੇਜ਼-8 ਸਥਿਤ ਸਿੱਖਿਆ ਭਵਨ ਤੋਂ ਵਾਈਪੀਐਸ ਚੌਂਕ ਤੱਕ ਪੈਦਲ ਰੋਸ ਮਾਰਚ ਕੀਤਾ ਅਤੇ ਹੁਕਮਰਾਨਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਹਾਲਾਂਕਿ ਪ੍ਰਦਰਸ਼ਨਕਾਰੀਆਂ ਦੇ ਰੋਹ ਨੂੰ ਦੇਖਦੇ ਹੋਏ ਮੁਹਾਲੀ ਪੁਲੀਸ ਵੱਲੋਂ ਵਾਈਪੀਐਸ ਨੇੜੇ ਜ਼ਬਰਦਸਤ ਬੈਰੀਕੇਟਿੰਗ ਕੀਤੀ ਗਈ ਸੀ ਪ੍ਰੰਤੂ ਕੱਚੇ ਦਫ਼ਤਰੀ ਮੁਲਾਜ਼ਮ ਚੰਡੀਗੜ੍ਹ ਵੱਲ ਕੂਚ ਕਰਨ ਦੀ ਥਾਂ ਚੌਂਕ ਨੇੜੇ ਸ਼ਰਾਬ ਦੇ ਠੇਕੇ ਦੇ ਬਾਹਰ ਧਰਨਾ ਲਗਾ ਕੇ ਬੈਠ ਗਏ।
ਇਸ ਅਨੋਖੇ ਕਿਸਮ ਦੇ ਪ੍ਰਦਰਸ਼ਨ ਬਾਰੇ ਜਦੋਂ ਮੁਜ਼ਾਹਰਾਕਾਰੀਆਂ ਨੂੰ ਪੱੁਛਿਆ ਗਿਆ ਤਾਂ ਯੂਨੀਅਨ ਦੇ ਸੂਬਾ ਆਗੂ ਵਿਕਾਸ ਕੁਮਾਰ, ਅਸ਼ੀਸ਼ ਜੁਲਾਹਾ, ਰਜਿੰਦਰ ਸਿੰਘ ਸੰਧਾ, ਪ੍ਰਵੀਨ ਸ਼ਰਮਾ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ ਅਤੇ ਚਮਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਮੁੱਖ ਮੰਤਰੀ ਦੀ ਫੋਟੋ ਨਾਲ ਸੂਬੇ ਵਿੱਚ ਥਾਂ-ਥਾਂ ਹੋਰਡਿੰਗ ਲਗਾਏ ਗਏ ਹਨ ਜਦੋਂ ਸਰਕਾਰੀ ਪ੍ਰਚਾਰ ਦੀ ਸਚਾਈ ਕੋਹਾਂ ਦੂਰ ਹੈ। ਕਿਉਂਕਿ ਧਰਨਿਆਂ ’ਤੇ ਬੈਠੇ ਮੁਲਾਜ਼ਮ ਸਰਕਾਰ ਦੇ ਝੂਠੇ ਪ੍ਰਚਾਰ ਦਾ ਪ੍ਰਤੱਖ ਸਬੂਤ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸੱਚ ਮੁੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੁੰਦਾ ਤਾਂ ਅੱਜ ਹੱਡ ਠਾਰਵੀਂ ਠੰਢ ਵਿੱਚ ਉਨ੍ਹਾਂ ਨੂੰ ਸੜਕਾਂ ’ਤੇ ਧਰਨੇ ਲਗਾ ਕੇ ਨਾ ਬੈਠਣਾ ਪੈਂਦਾ।
ਆਗੂਆਂ ਨੇ ਸਰਕਾਰ ’ਤੇ ਤੰਦ ਕੱਸਦਿਆਂ ਸ਼ਰਾਬ ਦੇ ਠੇਕੇ ਦੇ ਕਰਮਚਾਰੀਆਂ ਨੂੰ ਪੁੱਛਿਆ ਕਿ ਕਿਤੇ ਪੰਜਾਬ ਸਰਕਾਰ ਉਨ੍ਹਾਂ ਨੂੰ ਤਾਂ ਪੱਕੇ ਨਹੀਂ ਕਰ ਰਹੀ। ਸ਼ਾਇਦ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਦੀ ਗੱਲ ਸਮਝ ਨਾ ਆਈ ਹੋਵੇ ਕਿ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਫੈਸਲਾ ਲਿਆ ਹੈ ਜਾਂ ਸ਼ਰਾਬ ਦੇ ਠੇਕਿਆਂ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕੇ ਕਰਨਾ ਹੈ? ਦਫ਼ਤਰੀ ਮੁਲਾਜ਼ਮਾਂ ਨੇ ਕਿਹਾ ਕਿ ਉਹ ਪਿਛਲੇ 10-15 ਸਾਲਾਂ ਤੋਂ ਸਰਕਾਰੀ ਦਫ਼ਤਰਾਂ ਕੰਮ ਕਰਦੇ ਆ ਰਹੇ ਹਨ ਪ੍ਰੰਤੂ ਉਨ੍ਹਾਂ ’ਚੋਂ ਕਿਸੇ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਪ੍ਰਗਟ ਸਿੰਘ ਹਮੇਸ਼ਾ ਇਹ ਕਹਿ ਕੇ ਗੱਲ ਟਾਲ ਦਿੰਦੇ ਹਨ ਕਿ ਬੀਤੀ 29 ਨਵੰਬਰ ਨੂੰ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨਣ ਸਬੰਧੀ ਫੈਸਲੇ ਲਏ ਗਏ ਹਨ ਅਤੇ ਬਸ ਹੁਣ ਸਿਰਫ਼ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਕੀਤੀਆ ਜਾਣੀਆ ਬਾਕੀ ਹਨ। ਪਰ ਜਦੋਂ ਕੱਚੇ ਮੁਲਾਜ਼ਮ ਵਿਭਾਗੀ ਅਧਿਕਾਰੀਆਂ ਨੂੰ ਮਿਲਦੇ ਹਨ ਤਾਂ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਦਫ਼ਤਰਾਂ ਵਿੱਚ ਸਰਕਾਰ ਦਾ ਨੋਟੀਫ਼ਿਕੇਸ਼ਨ ਜਾਂ ਕੋਈ ਲਿਖਤੀ ਆਦੇਸ਼ ਪ੍ਰਾਪਤ ਹੋਣਗੇ ਤੱਦ ਹੀ ਅਗਲੀ ਕਾਰਵਾਈ ਆਰੰਭੀ ਜਾ ਸਕੇਗੀ। ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ 18 ਦਸੰਬਰ ਨੂੰ ਮੁਹਾਲੀ ਵਿੱਚ ਸੂਬਾ ਪੱਧਰੀ ਰੈਲੀ ਕਰਕੇ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਜਾਵੇਗਾ।