ਦਫ਼ਤਰੀ ਕਾਮਿਆਂ ਤੇ ਵਿਸ਼ੇਸ਼ ਅਧਿਆਪਕਾਂ ਵੱਲੋਂ ਸਿੱਖਿਆ ਭਵਨ ਦੇ ਗੇਟ ਬੰਦ ਕਰਕੇ ਕੀਤਾ ਘਿਰਾਓ

ਡੀਜੀਐਸਈ ਨੇ ਤਨਖ਼ਾਹਾਂ ਦਾ ਮਸਲਾ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ ਦੇ ਕੇ ਕੀਤਾ ਸ਼ਾਂਤ

ਮੁਹਾਲੀ ਪ੍ਰਸ਼ਾਸਨ ਨੇ 29 ਮਾਰਚ ਨੂੰ ਸਿੱਖਿਆ ਮੰਤਰੀ ਤੇ 9 ਅਪਰੈਲ ਨੂੰ ਵਿੱਤ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿੱਤਾ

ਨਬਜ਼-ਏ-ਪੰਜਾਬ, ਮੁਹਾਲੀ, 24 ਮਾਰਚ:
ਸਿੱਖਿਆ ਵਿਭਾਗ ਦੇ ਦਫ਼ਤਰੀ ਕਰਮਚਾਰੀਆਂ ਅਤੇ ਵਿਸ਼ੇਸ਼ ਅਧਿਆਪਕਾਂ ਨੇ ਬਜਟ ਸੈਸ਼ਨ ਦੌਰਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਸਿੱਖਿਆ ਭਵਨ ਦੇ ਗੇਟ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ ਅਤੇ ਸਰਕਾਰ ਤੇ ਅਫ਼ਸਰਸ਼ਾਹੀ ਵਿਰੁੱਧ ਨਾਅਰੇਬਾਜ਼ੀ ਕੀਤੀ। ਸਰਵ ਸਿੱਖਿਆ ਅਭਿਆਨ ਮਿਡ-ਡੇਅ-ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਕੁਲਦੀਪ ਸਿੰਘ, ਰਜਿੰਦਰ ਸਿੰਘ ਸੰਧਾ, ਪ੍ਰਵੀਨ ਸ਼ਰਮਾ, ਚਮਕੌਰ ਸਿੰਘ, ਵਰਿੰਦਰ ਸਿੰਘ ਅਤੇ ਵਿਸ਼ੇਸ਼ ਅਧਿਆਪਕ ਯੂਨੀਅਨ ਦੇ ਆਗੂ ਰਮੇਸ਼ ਸਹਾਰਨ, ਗੁਰਮੀਤ ਸਿੰਘ, ਨੀਰਜ ਕਾਟੋਚ, ਨਰਿੰਦਰ ਸਿੰਘ ਅਤੇ ਵਰਿੰਦਰ ਵੋਹਰਾ ਨੇ ਕਿਹਾ ਕਿ ‘ਆਪ’ ਸਰਕਾਰ ਤਾਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਤੀ ਸੰਜੀਦਾ ਹੈ ਪ੍ਰੰਤੂ ਅਫ਼ਸਰਸ਼ਾਹੀ ਜਾਣਬੱੁਝ ਕੇ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਜਿਸ ਕਾਰਨ ਅੱਜ ਮੁਲਾਜ਼ਮਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ।
ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫ਼ੈਸਲੇ ਤੋਂ ਬਾਅਦ ਕੈਬਨਿਟ ਸਬ ਕਮੇਟੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਤਨਖ਼ਾਹ ਕਟੌਤੀ ਦਾ ਮਸਲਾ ਹੱਲ ਕਰਨ ਦੇ ਫ਼ੈਸਲੇ ਲੈ ਕੇ ਅਨੇਕਾਂ ਵਾਰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਪਰ ਅਧਿਕਾਰੀ ਜਾਣਬੁੱਝ ਕੇ ਮਸਲੇ ਨੂੰ ਉਲਝਾ ਰਹੇ ਹਨ। ਇੰਜ ਜਾਪਦਾ ਹੈ ਕਿ ਅਫ਼ਸਰਸ਼ਾਹੀ ਸਰਕਾਰ ’ਤੇ ਭਾਰੂ ਪੈ ਰਹੀ ਹੈ। ‘ਆਪ’ ਨੇ ਪੰਜਾਬ ਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ ਪਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਦਫ਼ਤਰੀ ਕਾਮਿਆਂ ਅਤੇ ਵਿਸ਼ੇਸ਼ ਅਧਿਆਪਕਾਂ ਦੀ ਤਾਣੀ ਉਲਝੀ ਹੋਈ ਹੈ।
ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਲਗਾਤਾਰ 10 ਪੈਨਲ ਮੀਟਿੰਗਾਂ ਕਰਕੇ ਅਧਿਕਾਰੀਆਂ ਨੂੰ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਕਾਰਵਾਈ ਤੇਜ਼ ਕਰਨ ਦੇ ਹੁਕਮ ਚਾੜ੍ਹੇ ਗਏ ਸਨ ਪਰ ਹੁਣ ਤੱਕ ਮਸਲਾ ਹੱਲ ਨਹੀਂ ਹੋਇਆ। ਮੁਲਾਜ਼ਮਾਂ ਨੂੰ ਦਸੰਬਰ 2024 ਅਤੇ ਜਨਵਰੀ 2025 ਦੀ ਤਨਖ਼ਾਹ ਵੀ ਨਹੀਂ ਦਿੱਤੀ ਗਈ। ਸਿੱਖਿਆ ਭਵਨ ਦੇ ਬਾਹਰ ਚੱਲ ਰਿਹਾ ਪੱਕਾ ਧਰਨਾ ਬੀਤੀ 14 ਜਨਵਰੀ ਨੂੰ ਖ਼ਤਮ ਕਰਨ ਸਮੇਂ ਬਣੀ ਸਹਿਮਤੀ ਅਨੁਸਾਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਅਧਿਕਾਰੀਆਂ ਨੇ ਇੱਕ ਪੂਣੀ ਤੱਕ ਨਹੀਂ ਕੱਤੀ।
ਉਧਰ, ਮੁਹਾਲੀ ਪ੍ਰਸ਼ਾਸਨ ਵੱਲੋਂ ਜਥੇਬੰਦੀ ਦੇ ਮੋਹਰੀ ਆਗੂਆਂ ਨਾਲ ਡੀਜੀਐਸਈ ਵਿਨੈ ਬਵਲਾਨੀ ਨਾਲ ਮੀਟਿੰਗ ਕਰਵਾਈ ਗਈ ਅਤੇ ਜਾਇਜ਼ ਮੰਗਾਂ ’ਤੇ ਲੰਮੀ ਵਿਚਾਰ-ਚਰਚਾ ਕੀਤੀ ਗਈ। ਅਧਿਕਾਰੀ ਨੇ ਮੁਲਾਜ਼ਮਾਂ ਨੂੰ ਰੈਗੂਲਰ ਦਾ ਮਾਮਲਾ ਕੈਬਨਿਟ ਸਬ ਕਮੇਟੀ ਦੇ ਵਿਚਾਰ ਅਧੀਨ ਹੋਣ ਦੀ ਗੱਲ ਆਖੀ ਅਤੇ ਰੁਕੀਆਂ ਤਨਖ਼ਾਹਾਂ ਦਾ ਮਾਮਲਾ ਹਮਦਰਦੀ ਨਾਲ ਵਿਚਾਰਨ ਦਾ ਭਰੋਸਾ ਦਿੱਤਾ। ਮੁਹਾਲੀ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ 29 ਮਾਰਚ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨਾਲ 9 ਅਪਰੈਲ ਨੂੰ ਮੀਟਿੰਗ ਤੈਅ ਕਰਵਾਈ ਗਈ। ਇਸ ਮਗਰੋਂ ਮੁਲਾਜ਼ਮਾਂ ਨੇ ਧਰਨਾ ਸਮਾਪਤ ਕਰ ਦਿੱਤਾ ਪਰ ਨਾਲ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਮੀਟਿੰਗਾਂ ਵਿੱਚ ਉਕਤ ਮਸਲਿਆਂ ਦਾ ਹੱਲ ਨਹੀਂ ਕੀਤਾ ਤਾਂ ਮੁੜ ਤੋਂ ਸੰਘਰਸ਼ ਵਿੱਢਿਆ ਜਾਵੇਗਾ।

Load More Related Articles

Check Also

ਵੇਰਕਾ ਮਿਲਕ ਤੇ ਕੈਟਲਫੀਡ ਪਲਾਂਟਾਂ ਦੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਪੰਜਾਬ ਸਰਕਾਰ

ਵੇਰਕਾ ਮਿਲਕ ਤੇ ਕੈਟਲਫੀਡ ਪਲਾਂਟਾਂ ਦੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਪੰਜਾਬ ਸਰਕਾਰ ਨਬਜ਼-ਏ-ਪੰਜਾਬ, …