
ਕੱਚੇ ਦਫ਼ਤਰੀ ਕਾਮਿਆਂ ਨੇ 36000 ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਝੂਠੇ ਸਰਕਾਰੀ ਹੋਰਡਿੰਗ ਦੀ ਪੰਡਿਤ ਤੋਂ ਕਰਵਾਈ ਪੂਜਾ
ਸਰਵ ਸਿੱਖਿਆ ਅਭਿਆਨ ਦਫ਼ਤਰੀ ਕਾਮਿਆਂ ਦਾ ਲੜੀਵਾਰ ਧਰਨਾ 7ਵੇਂ ਦਿਨ ’ਚ ਦਾਖ਼ਲ, ਲੌਲੀਪੌਪ ਦਾ ਪ੍ਰਸ਼ਾਦ ਵੰਡਿਆ
1 ਦਸੰਬਰ ਨੂੰ ਜਲੰਧਰ ਵਿੱਚ ਸੂਬਾ ਪੱਧਰੀ ਰੈਲੀ ਕਰਕੇ ਸਿੱਖਿਆ ਮੰਤਰੀ ਦੇ ਘਰ ਵੱਲ ਮਾਰਚ ਕਰਨਗੇ ਦਫ਼ਤਰੀ ਕਾਮੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਸਰਵ ਸਿੱਖਿਆ ਅਭਿਆਨ/ਮਿਡ-ਡੇਅ-ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਅਸੀਸ ਜੁਲਾਹਾ, ਰਜਿੰਦਰ ਸਿੰਘ ਸੰਧਾ, ਵਿਕਾਸ ਕੁਮਾਰ, ਚਮਕੌਰ ਸਿੰਘ, ਹਰਪ੍ਰੀਤ ਸਿੰਘ, ਦਵਿੰਦਰਜੀਤ ਸਿੰਘ, ਬਲਜਿੰਦਰ ਸਿੰਘ, ਯੁਵਰਾਜ ਸ਼ਰਮਾ ਦੀ ਸਾਂਝੀ ਅਗਵਾਈ ਹੇਠ ਸਿੱਖਿਆ ਭਵਨ ਦੇ ਬਾਹਰ ਲੜੀਵਾਰ ਧਰਨਾ ਸੋਮਵਾਰ ਨੂੰ 7ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਕੱਚੇ ਕਾਮਿਆਂ ਨੇ ਧਰਨੇ ਵਾਲੀ ਥਾਂ ਉੱਤੇ ਪੰਜਾਬ ਸਰਕਾਰ ਵੱਲੋਂ ਥਾਂ-ਥਾਂ ਲਗਾਏ ਗਏ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਹੋਰਡਿੰਗ ਦੀ ਪੰਡਿਤ ਕੋਲੋਂ ਪੂਜਾ ਕਰਵਾਈ ਅਤੇ ਸਰਕਾਰ ਦੇ ਝੂਠੇ ਲਾਰਿਆਂ ਸਬੰਧੀ ਲੌਲੀਪੌਪ ਦਾ ਪ੍ਰਸ਼ਾਦ ਵੰਡ ਕੇ ਵੱਖਰੇ ਢੰਗ ਨਾਲ ਰੋਸ ਵਿਖਾਵਾ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਥਾਂ-ਥਾਂ ਲੱਗੇ ਇਹ ਇਸ਼ਤਿਹਾਰੀ ਬੋਰਡ ਬਿਲਕੁਲ ਝੂਠੇ ਹਨ, ਕਿਉਂਕਿ ਹੁਣ ਤੱਕ ਨਾ ਕੋਈ ਕਰਮਚਾਰੀ ਪੱਕਾ ਕੀਤਾ ਅਤੇ ਨਾ ਹੀ ਕਿਸੇ ਹੁਕਮਰਾਨ ਨੇ ਧਰਨਿਆਂ ’ਤੇ ਬੈਠੇ ਕੱਚੇ ਮੁਲਾਜ਼ਮਾਂ ਦੀ ਸਾਰ ਲਈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਐਲਾਨ ਬਿਲਕੁਲ ਫੌਕੇ ਹਨ ਅਤੇ ਪੰਜਾਬ ਦੀਆਂ ਮੁੱਖ ਸੜਕਾਂ ’ਤੇ ਥਾਂ-ਥਾਂ ਲਗਾਏ ਹੋਰਡਿੰਗ ਮਹਿਜ਼ ਮਸ਼ਹੂਰੀ ਬੋਰਡ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਹੋਰਡਿੰਗ ਦੇਖਦੇ ਹਨ ਤਾਂ ਉਨ੍ਹਾਂ ਦੇ ਮਨ ਨੂੰ ਭਾਰੀ ਠੇਸ ਪਹੁੰਚਦੀ ਹੈ ਕਿਉਂਕਿ 36000 ਕੱਚੇ ਮੁਲਾਜ਼ਮਾਂ ’ਚੋਂ ਹੁਣ ਤੱਕ ਸਰਕਾਰ ਨੇ 36 ਮੁਲਾਜ਼ਮ ਵੀ ਪੱਕੇ ਨਹੀਂ ਕੀਤੇ ਹਨ। ਇਸ ਲਈ ਕੱਚੇ ਕਾਮਿਆਂ ਨੇ ਸਰਕਾਰ ਦੇ ਲੌਲੀਪੌਪ ਅਤੇ ਝੂਠੇ ਹੋਰਡਿੰਗਾਂ ਦੀ ਸਚਾਈ ਦੱਸਣ ਲਈ ਅੱਜ ਹੋਰਡਿੰਗ ਅੱਗੇ ਬੈਠ ਕੇ ਪੰਡਿਤ ਤੋਂ ਪੂਜਾ ਕਰਵਾਈ ਤਾਂ ਜੋ ਮੁਲਾਜ਼ਮਾਂ ਦੀ ਫ਼ਰਿਆਦ ਸੁਣੀ ਜਾ ਸਕੇ।
ਬੁਲਾਰਿਆਂ ਨੇ ਕਿਹਾ ਕਿ ਕਈ ਦਿਨ ਪਹਿਲਾਂ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤੇ ਜਾਣ ਦੇ ਬਾਵਜੂਦ ਹੁਣ ਐਕਟ ਨੋਟੀਫਾਈ ਕਰਕੇ ਸਬੰਧਤ ਵਿਭਾਗਾਂ ਨੂੰ ਅਗਲੀ ਕਾਰਵਾਈ ਲਈ ਨਹੀਂ ਭੇਜਿਆ ਗਿਆ ਹੈ। ਜਿਸ ਕਾਰਨ ਕਾਂਗਰਸ ਸਰਕਾਰ ਦੀ ਨੀਅਤ ਖੋਟ ਸਾਫ਼ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਤਾਂ ਸਮੇਂ ਸਮੇਂ ’ਤੇ ਫੈਸਲੇ ਲੈ ਕੇ ਰੈਗੂਲਰ ਕੀਤਾ ਜਾ ਚੁੱਕਾ ਪਰ 2004 ਤੋਂ ਭਰਤੀ ਦਫ਼ਤਰੀ ਕੱਚੇ ਮੁਲਾਜ਼ਮਾਂ ਨੂੰ ਹੁਣ ਤੱਕ ਅਣਗੌਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ 16 ਦਸੰਬਰ 2019 ਨੂੰ ਵਿੱਤ ਵਿਭਾਗ ਦੀ ਮਨਜ਼ੂਰੀ ਮਿਲਣ ਦੇ ਬਾਵਜੂਦ ਵੀ ਦਫ਼ਤਰੀ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਕੱਚੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ 1 ਦਸੰਬਰ ਨੂੰ ਜਲੰਧਰ ਵਿੱਚ ਸੂਬਾ ਪੱਧਰੀ ਰੈਲੀ ਕਰਕੇ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।