Nabaz-e-punjab.com

ਜੰਗਲਾਤ ਵਿਭਾਗ ਦੇ ਗੈਸਟ ਹਾਊਸ ਵਿੱਚ ਆਈਏਐਸ ਅਫ਼ਸਰ ਦੀ ਘੋੜੀ ਤੇ ਬਛੇਰਾ ਪਾਲ ਰਹੇ ਨੇ ਮੁਲਾਜ਼ਮ

ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਬਣੇ ਸਰਕਾਰੀ ਆਲੀਸ਼ਾਨ ਗੈਸਟ ਹਾਊਸ ਬਣਿਆ ਜਾਨਵਰਾਂ ਦਾ ਵਾੜਾ

ਆਈਏਐਸ ਅਫ਼ਸਰ ਦੀ ਘੋੜੀ ਤੇ ਬਛੇਰੇ ਦੀ ਦੇਖਭਾਲ ਲਈ ਮਜਬੂਰ ਨੇ ਮੁਲਾਜ਼ਮ, ਅਧਿਕਾਰੀ ਬੇਵੱਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਬਣੇ ਜੰਗਲਾਤ ਵਿਭਾਗ ਦੇ ਸਰਕਾਰੀ ਗੈਸਟ ਹਾਊਸ ਇਕ ਉੱਚ ਅਧਿਕਾਰੀ ਦੀ ਘੋੜੀ ਅਤੇ ਬਛੇਰੇ ਦਾ ਰਹਿਣ ਬਸੇਰਾ ਬਣ ਕੇ ਰਹਿ ਗਿਆ ਹੈ। ਇਸ ਆਲੀਸ਼ਾਨ ਗੈਸਟ ਹਾਊਸ ਵਿੱਚ ਖੜੀ ਘੋੜੀ ਅਤੇ ਬਛੇਰਾ ਆਈਏਐਸ ਅਫ਼ਸਰ ਕੇਸ਼ਵ ਹਿੰਗੋਨੀਆ ਦੀ ਦੱਸੀ ਜਾ ਰਹੀ ਹੈ। ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਦੀ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਘੋੜੀ ਅਤੇ ਬਛੇਰਾ ਦੇ ਮਾਲਕ ਉਕਤ ਅਧਿਕਾਰੀ ਦਾ ਹੈ, ਪ੍ਰੰਤੂ ਵਿਭਾਗ ਦੇ ਅਧਿਕਾਰੀ, ਉੱਚ ਅਧਿਕਾਰੀ ਦੇ ਰੁਤਬੇ ਅੱਗੇ ਆਪਣੀ ਬੇਵਸੀ ਜਿਤਾਉਣ ਲਈ ਮਜਬੂਰ ਹਨ।
ਮੀਡੀਆ ਟੀਮ ਨੇ ਜਦੋਂ ਮਿਰਜ਼ਾਪੁਰ ਸਥਿਤ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਉੱਥੇ ਸੁੰਨਸਾਨ ਇਲਾਕੇ ਵਿੱਚ ਮੰਦਰ ਨੇੜੇ ਜੰਗਲਾਤ ਵਿਭਾਗ ਦਾ ਗੈਸਟ ਹਾਊਸ ਬਣਿਆ ਹੋਇਆ ਹੈ। ਮੁੱਖ ਗੇਟ ਅੰਦਰ ਦਾਖ਼ਲ ਹੁੰਦੇ ਹੀ ਬਹੁਤ ਵਧੀਆ ਗੈਸਟ ਹਾਊਸ ਹੈ ਅਤੇ ਉਸ ਦੇ ਪਿੱਛੇ ਖਾਲੀ ਥਾਂ ਵਿੱਚ ਇਕ ਦਰੱਖਤ ਨਾਲ ਕਾਲੇ\ਭੂਰੇ ਰੰਗ ਦੀ ਘੋੜੀ ਅਤੇ ਬਛੇਰਾ ਬੰਨ੍ਹਿਆ ਹੋਇਆ ਸੀ। ਇਕ ਕਰਮਚਾਰੀ ਨੇ ਦੱਸਿਆ ਕਿ ਇਹ ਘੋੜੀ ਅਤੇ ਬਛੇਰਾ ਇਕ ਉੱਚ ਅਧਿਕਾਰੀ ਦਾ ਹੈ। ਸਾਲ ਪਹਿਲਾਂ ਗੈਸਟ ਹਾਊਸ ਵਿੱਚ ਇਕੱਲੀ ਘੋੜੀ ਹੀ ਬੰਨ੍ਹੀ ਗਈ ਸੀ ਅਤੇ ਹੁਣ ਕੁਝ ਸਮਾਂ ਪਹਿਲਾਂ ਘੋੜੀ ਨੇ ਇਕ ਬਛੇਰੇ ਨੂੰ ਜਨਮ ਦਿੱਤਾ ਗਿਆ। ਹੁਣ ਬਛੇਰਾ ਵੀ ਵੱਡਾ ਹੋ ਗਿਆ ਹੈ। ਜੰਗਲਾਤ ਵਿਭਾਗ ਦੇ ਕਰਮਚਾਰੀ ਇਸ ਘੋੜੀ ਅਤੇ ਬਛੇਰੇ ਦੀ ਦੇਖਭਾਲ ਕਰਦੇ ਹਨ। ਉਂਜ ਸ਼ਾਮ ਨੂੰ ਉੱਚ ਅਧਿਕਾਰੀ ਨਾਲ ਤਾਇਨਾਤ ਇਕ ਕਰਮਚਾਰੀ ਘਾਹ ਬਗੈਰਾ ਸੁੱਟ ਜਾਂਦਾ ਹੈ। ਦੇਖਣ ਵਿੱਚ ਇਹ ਘੋੜੀ ਬਹੁਤ ਫੁਰਤੀਲੀ ਹੈ ਅਤੇ ਨੇੜੇ ਜਾਣ ’ਤੇ ਵੱਢ-ਖਾਣ ਨੂੰ ਆਉਂਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ 24 ਘੰਟੇ ਰੱਸੇ ਨਾਲ ਬੰਨ੍ਹੀ ਹੋਣ ਕਾਰਨ ਇਹ ਘੋੜੀ ਗੁੱਸੇ-ਖੋਰ ਹੋ ਗਈ ਹੈ। ਗੈਸਟ ਹਾਊਸ ਦੇ ਪਿੱਛੇ ਹੀ ਇਕ ਆਰਜ਼ੀ ਵਾੜਾ ਬਣਾਇਆ ਗਿਆ ਹੈ। ਜਿੱਥੇ ਰਾਤ ਨੂੰ ਘੋੜੀ ਅਤੇ ਬਛੇਰੇ ਨੂੰ ਰੱਖਿਆ ਜਾਂਦਾ ਹੈ।
(ਬਾਕਸ ਆਈਟਮ)
ਇਸ ਸਬੰਧੀ ਸੰਪਰਕ ਕਰਨ ’ਤੇ ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਅਮਨਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਗੈਸਟ ਹਾਊਸ ਵਿੱਚ ਖੜੀ ਘੋੜੀ ਅਤੇ ਬਛੇਰਾ ਆਈਏਐਸ ਅਫ਼ਸਰ ਕੇਸ਼ਵ ਹਿੰਗੋਨੀਆ ਦੀ ਹੈ। ਇਸ ਸਬੰਧੀ ਉਕਤ ਅਧਿਕਾਰੀ ਨੂੰ ਇੱਥੋਂ ਆਪਣੀ ਘੋੜੀ ਅਤੇ ਬਛੇਰਾ ਲਿਜਾਣ ਦੀ ਕਈ ਵਾਰ ਗੁਹਾਰ ਲਗਾਈ ਜਾ ਚੁੱਕੀ ਹੈ। ਉਨ੍ਹਾਂ ਹੁਣ ਉੱਚ ਅਧਿਕਾਰੀ ਨੂੰ ਚਿੱਠੀ ਲਿਖ ਕੇ ਆਪਣੀ ਘੋੜੀ ਲਿਜਾਉਣ ਦੀ ਅਪੀਲ ਕੀਤੀ ਜਾਵੇਗੀ।
(ਬਾਕਸ ਆਈਟਮ)
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਵਧੀਕ ਸਕੱਤਰ ਕੇਸ਼ਵ ਹਿੰਗੋਨੀਆ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜੰਗਲਾਤ ਵਿਭਾਗ ਦੇ ਸਰਕਾਰੀ ਗੈਸਟ ਹਾਊਸ ਵਿੱਚ ਖੜੀ ਘੋੜੀ ਅਤੇ ਬਛੇਰਾ ਉਸ ਦਾ ਨਹੀਂ ਹੈ। ਇਸ ਮਾਮਲੇ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਗੈਸਟ ਦੇ ਅੰਦਰ ਉਸ ਦਾ ਕੁਝ ਵੀ ਨਹੀਂ ਹੈ।
(ਬਾਕਸ ਆਈਟਮ)
ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਮੁੱਖ ਮੰਤਰੀ ਅਤੇ ਜੰਗਲਾਤ ਮੰਤਰੀ ਤੋਂ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਸਰਕਾਰੀ ਗੈਸਟ ਹਾਊਸ ਵਿੱਚ ਘੋੜੀ ਬੰਨ੍ਹਣ ਵਾਲੇ ਅਧਿਕਾਰੀ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਤਹਿਤ ਸਰਕਾਰੀ ਨੇਮਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਘੋੜੀ ਦੇ ਮਾਲਕ ਤੋਂ ਗੈਸਟ ਹਾਊਸ ਦੀ ਨਿੱਜੀ ਵਰਤੋਂ ਲਈ ਜੁਰਮਾਨੇ ਸਮੇਤ ਕਿਰਾਇਆ ਵਸੂਲਿਆ ਜਾਵੇ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਸ਼ੱਕੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇ। (ਧੰਨਵਾਦ ਸਾਹਿਤ: ਪੰਜਾਬੀ ਟ੍ਰਿਬਿਊਨ)

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…