ਭਾਰਤੀ ਫੌਜ ਵਿੱਚ ਅਫ਼ਸਰ ਬਣਨ ਵਾਲੇ 21 ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਮਹਾਰਾਜਾ ਰਣਜੀਤ ਸਿੰਘ ਅਕੈਡਮੀ ਮੁਹਾਲੀ ਅਤੇ ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਵੱਲੋਂ ਦੇਸ਼ ਦੀ ਸੇਵਾ ਲਈ ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਲਈ ਅਫ਼ਸਰ ਤਿਆਰ ਕਰਕੇ ਆਰਮੀ ਲਈ ਭੇਜੇ ਜਾ ਰਹੇ ਹਨ। ਸੰਨ 2012 ਵਿੱਚ ਸ਼ੈਮਰਾਕ ਸਕੂਲ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਇਕੱਠੇ ਉਪਰਾਲੇ ਸਦਕਾ ਹੁਣ ਤੱਕ ਦੇਸ਼ ਨੂੰ 111 ਫ਼ੌਜੀ ਅਫ਼ਸਰ ਮਿਲੇ ਹਨ। ਇਸ ਸਾਲ ਵੀ ਸਰਕਾਰੀ ਅਤੇ ਪ੍ਰਾਈਵੇਟ ਗੱਠਜੋੜ ਸਦਕਾ 17 ਵਿਦਿਆਰਥੀ ਆਈ ਐਮਏ ਵਿੱਚ ਸਫਲ ਰਹੇ ਹਨ। ਜਦਕਿ ਤਿੰਨ ਵਿਦਿਆਰਥੀ ਨੇਵੀ ਅਕੈਡਮੀ ਐਜ਼ੀਮੇਲਾ ਵਿੱਚ ਸਬ ਲੈਫ਼ਟੀਨੈਂਟ ਅਤੇ ਇੱਕ ਵਿਦਿਆਰਥੀ ਏਅਰ ਫੋਰਸ ਅਕੈਡਮੀ ਹੈਦਰਾਬਾਦ ਵਿਚ ਫਲਾਇੰਗ ਅਫ਼ਸਰ ਵਜੋਂ ਚੁਣਿਆ ਗਿਆ ਹੈ, ਜੋ ਸਾਡੇ ਲਈ ਮਾਣ ਦੀ ਗੱਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਦੇ ਆਡੀਟੋਰੀਅਮ ਵਿੱਚ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਐਜੂਕੇਸ਼ਨ ਮੇਜਰ ਜਰਨਲ ਰਾਜ ਮਹਿਤਾ ਵੱਲੋਂ ਕੀਤਾ ਗਿਆ। ਇਸ ਮਾਣ ਮਤੇ ਸਮਾਰੋਹ ਵਿੱਚ ਮੁਹਾਲੀ ਦੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਡਾਇਰੈਕਟਰ ਮੇਜਰ ਜਰਨਲ (ਸੇਵਾਮੁਕਤ) ਬਲਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਬੇਸ਼ੱਕ ਦੇਸ਼ ਦੇ ਹਰ ਸੂਬੇ ਵਿਚ ਸੈਨਿਕ ਸਕੂਲ ਅਤੇ ਪ੍ਰਾਈਵੇਟ ਸੰਸਥਾਵਾਂ ਵੱਡੇ ਪੱਧਰ ਤੇ ਐਨ ਡੀ ਏ ਦੀ ਤਿਆਰੀ ਕਰਵਾਈ ਜਾਂਦੀ ਹੈ ਪਰ ਹੁਣ ਤੱਕ ਕਿਸੇ ਵੀ ਸੰਸਥਾ ਦੇ ਹੁਣ ਤੱਕ ਇੰਨੇ ਵੱਡੇ ਪੱਧਰ ਤੇ ਵਿਦਿਆਰਥੀ ਇਕਠੇ ਸਫਲ ਨਹੀ ਹੋਏ ਹਨ ਜੋ ਕਿ ਇਕ ਰਾਸ਼ਟਰੀ ਰਿਕਾਰਡ ਹੈ।
ਮੇਜਰ ਜਰਨਲ ਗਰੇਵਾਲ ਨੇ ਇਸ ਲਾਸਾਨੀ ਕਾਮਯਾਬੀ ਦਾ ਸਿਹਰਾ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ ਅਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਿੰਦੇ ਹੋਏ ਦੱਸਿਆਂ ਕਿ ਪੰਜਾਬੀਆਂ ਦੀ ਦਿਨੋਂ ਦਿਨ ਫ਼ੌਜ ਵਿਚ ਘੱਟ ਰਹੀ ਨਫ਼ਰੀ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਅਪ੍ਰੈਲ,2011 ਵਿੱਚ ਇਸ ਅਕੈਡਮੀ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਇਸ ਉਪਰਾਲੇ ਨਾਲ ਪੰਜਾਬ ਦੇ 111 ਸਪੂਤ ਫ਼ੌਜ ਵਿਚ ਅਫ਼ਸਰ ਵਜੋਂ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੇਸ਼ ਦੀ ਸੇਵਾ ਲਈ ਸੁਰੱਖਿਆ ਸੈਨਾਵਾਂ ਵਿਚ ਭਰਤੀ ਹੋਣ ਜਾ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਰਕਾਰੀ ਪ੍ਰਾਈਵੇਟ ਸ਼ਮੂਲੀਅਤ ਦਾ ਇਕ ਵੱਖਰੀ ਤਰਾਂ ਦਾ ਉਪਰਾਲਾ ਕੀਤਾ ਗਿਆ ਸੀ। ਜੋ ਕਿ ਪੂਰੀ ਤਰਾਂ ਸਫਲ ਰਿਹਾ। ਇਸ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਹੋਰ ਵੀ ਕਈ ਇਸ ਤਰਾਂ ਦੇ ਇੰਸਟੀਚਿਊਟ ਖੋਲੇ ਜਾ ਰਹੇ ਹਨ। ਇਸ ਸਫਲਤਾ ਦਾ ਸਿਹਰਾ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਅਤੇ ਸ਼ੈਮਰਾਕ ਸਕੂਲ ਨੂੰ ਜਾਂਦਾ ਹੈ।
ਸ਼ੈਮਰਾਕ ਸਕੂਲ ਦੇ ਚੇਅਰਮੈਨ ਏ ਐੱਸ ਬਾਜਵਾ ਨੇ ਹੁਣ ਤੱਕ ਪਾਸ ਆਊਟ ਹੋਣ ਵਾਲੇ 111 ਵਿਦਿਆਰਥੀਆਂ ਦੀ ਪਿਛੋਕੜ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਨ੍ਹਾਂ ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਛੋਟੇ ਕਸਬਿਆਂ ਜਾਂ ਪੇਂਡੂ ਇਲਾਕੇ ਨਾਲ ਸਬੰਧਿਤ ਹਨ। ਜੋ ਕਿ ਆਪਣੇ ਇਲਾਕਿਆਂ ਵਿਚ ਰਹਿੰਦੇ ਹੋਏ ਇਸ ਲਾਸਾਨੀ ਕਾਮਯਾਬੀ ਨੂੰ ਸੋਚ ਵੀ ਨਹੀਂ ਸਕਦੇ ਸਨ। ਬਾਜਵਾ ਨੇ ਸਕੂਲ ਦੇ ਫਾਊਂਡਰ ਡਾਇਰੈਕਟਰ ਏਅਰ ਕਾਂਮਡਰ( ਰਿਟਾ.) ਐੱਸ ਕੇ ਸ਼ਰਮਾ ਦੀ ਸੇਵਾਵਾਂ ਨੂੰ ਯਾਦ ਕਰਦੇ ਹੋਏ ਇਸ ਕਾਮਯਾਬੀ ਦਾ ਸਿਹਰਾ ਉਨ੍ਹਾਂ ਦੇ ਸਿਰ ਬੰਨ੍ਹਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੇ ਮੀਡੀਆ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ ਕਿ ਉਹ ਇਸ ਪ੍ਰੀਖਿਆ ਵਿੱਚ ਸਫਲ ਰਹੇ ਹਨ ਅਤੇ ਉਹ ਛੇਤੀ ਤੋਂ ਛੇਤੀ ਫ਼ੌਜ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਅਖੀਰ ਵਿੱਚ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਮਰਾ ਨੇ ਫ਼ੌਜ ਦੇ ਤਿੰਨਾਂ ਵਿੰਗਾਂ ਵਿਚ ਦੇਸ਼ ਦੀ ਸੇਵਾ ਕਰਨ ਜਾ ਰਹੇ 21 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਮਾਰੋਹ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…