ਠੇਕੇਦਾਰਾਂ ਦੇ ਕੰਮਾਂ ਦੀ ਨਿਗਰਾਨੀ ਲਈ ਰੈਜ਼ੀਡੈਂਟ ਐਸੋਸੀਏਸ਼ਨਾਂ ਦਾ ਸਹਿਯੋਗ ਲੈਣ ਅਧਿਕਾਰੀ

ਗਮਾਡਾ ਦੇ ਮੁੱਖ ਪ੍ਰਸ਼ਾਸਕ ਨੇ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ

ਇੰਜੀਨੀਅਰਿੰਗ ਸਟਾਫ਼ ਨੂੰ ਵਿਕਾਸ ਕੰਮਾਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਅਤੇ ਸਟਾਫ਼ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਨ ਸਮੇਤ ਮੌਜੂਦਾ ਸਮੇਂ ਵਿੱਚ ਚੱਲ ਰਹੇ ਵਿਕਾਸ ਕਾਰਜ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ। ਮੁੱਖ ਪ੍ਰਸ਼ਾਸਕ ਨੇ ਜਨ ਸਿਹਤ, ਸਿਵਲ, ਇਲੈਕਟ੍ਰੀਕਲ ਅਤੇ ਬਾਗਬਾਨੀ ਸਮੇਤ ਸਮੂਹ ਡਿਵੀਜ਼ਨਾਂ ਦੇ ਕੰਮਾਂ ਸਮੇਤ ਸੜਕਾਂ ’ਤੇ ਪ੍ਰੀਮਿਕਸ ਪਾਉਣ ਸਬੰਧੀ ਵਿਚਾਰ-ਚਰਚਾ ਕਰਦਿਆਂ ਕਿਹਾ ਕਿ ਉਪਰੋਕਤ ਸਾਰੇ ਕੰਮਾਂ ਵਿਚ ਇਕਸਾਰਤਾ ਅਪਣਾਉਣ ਦੀ ਸਖ਼ਤ ਲੋੜ ਹੈ ਕਿਉਂਕਿ ਮੌਜੂਦਾ ਸਮੇਂ ਵਿੱਚ ਸੜਕਾਂ ਦੇ ਕਾਰਪੇਟਿੰਗ ਲਈ ਸਮਾਂ-ਸੀਮਾ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਨੇ ਇਨ੍ਹਾਂ ਕੰਮਾਂ ਲਈ ਸਟੈਂਡਰਡ ਅੱਪਰੇਟਿੰਗ ਪ੍ਰੋਸੀਜਰ ਤਿਆਰ ਕਰਨ ’ਤੇ ਵੀ ਜ਼ੋਰ ਦਿੱਤਾ।
ਸ੍ਰੀ ਗੁਪਤਾ ਨੇ ਸ਼ਹਿਰ ਦੀ ਜੀਵਨ ਰੇਖਾ ਬਣੀ ਏਅਰਪੋਰਟ ਸੜਕ ਦੇ ਵਿਕਾਸ ਵੱਲ ਉਚੇਚਾ ਧਿਆਨ ਦੇਣ ਦੇ ਆਦੇਸ਼ ਜਾਰੀ ਕਰਦਿਆਂ ਅਧਿਕਾਰੀਆਂ ਨੂੰ ਠੇਕੇਦਾਰਾਂ ਦੇ ਕੰਮਾਂ ਦੀ ਨਿਗਰਾਨੀ ਕਰਨ ਲਈ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਨਾਲ ਤਾਲਮੇਲ ਕਰਨ ਲਈ ਕਿਹਾ ਤਾਂ ਜੋ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ। ਵੱਖ-ਵੱਖ ਪ੍ਰਾਜੈਕਟਾਂ ਨੂੰ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਪੂਰਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਬਾਗਬਾਨੀ ਵਿੰਗ ਨੂੰ ਪਾਰਕਾਂ ਵਿੱਚ ਓਪਨ ਏਅਰ ਜਿਮ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਕਿਹਾ।
ਸ੍ਰੀ ਗੁਪਤਾ ਨੇ ਮੁੱਖ ਇੰਜੀਨੀਅਰ ਨੂੰ ਕਿਹਾ ਕਿ ਜੇਕਰ ਕੋਈ ਕਾਨੂੰਨੀ ਜਾਂ ਅੰਤਰ-ਵਿਭਾਗੀ ਮਸਲਾ ਕੰਮਾਂ ਵਿੱਚ ਰੁਕਾਵਟ ਬਣ ਰਿਹਾ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਇੰਜੀਨੀਅਰਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਪੱਖੋਂ ਮੁਹਾਲੀ ਨੂੰ ਪੰਜਾਬ ਦਾ ਚੋਟੀ ਦਾ ਸ਼ਹਿਰ ਬਣਾਉਣ ਲਈ ਯਤਨ ਕਰਨ। ਉਨ੍ਹਾਂ ਕਿਹਾ ਕਿ ਵਿਕਾਸ ਕੰਮ ਦੀ ਗੁਣਵੱਤਾ ਨਾਲ ਸਮਝੌਤਾ ਕਰਨ ਵਾਲੇ ਅਧਿਕਾਰੀ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਮੀਟਿੰਗ ਦੌਰਾਨ ਪੀਆਰ 7 ਰੋਡ ਦੇ ਵਿਕਾਸ, ਐਰੋਸਿਟੀ, ਈਕੋਸਿਟੀ-1 ਅਤੇ 2, ਆਈਟੀ ਸਿਟੀ, ਕਜੌਲੀ ਵਾਟਰ ਪਾਈਪਲਾਈਨ, ਪੂਰਬ ਪ੍ਰੀਮੀਅਮ ਅਪਾਰਟਮੈਂਟ ਵਿੱਚ ਚੱਲ ਰਹੇ ਕੰਮ, ਰਾਜਪੁਰਾ ਵਿੱਚ ਫੋਕਲ ਪੁਆਇੰਟ ਦੇ ਵਿਕਾਸ ਅਤੇ ਹੋਰ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕੀਤੀ।

Check Also

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ ਮੁਹਾਲੀ ਵਿੱਚ ਰੋਜ਼ਾਨਾ ਵੱਖ-ਵੱਖ…