Share on Facebook Share on Twitter Share on Google+ Share on Pinterest Share on Linkedin ਨਾਜਾਇਜ਼ ਮਾਈਨਿੰਗ ਦੇ ਮਾਮਲਿਆਂ ਵਿੱਚ ਹੁਣ ਅਧਿਕਾਰੀਆਂ ਦੀ ਬਹਾਨੇਬਾਜ਼ੀ ਨਹੀਂ ਚੱਲੇਗੀ: ਡੀਸੀ ਨਾਜਾਇਜ਼ ਮਾਈਨਿੰਗ ਵਾਲੀਆਂ ਥਾਵਾਂ ਦੀ ਨਿਸ਼ਾਨਦੇਹੀ ਲਈ ਐਸਡੀਐਮ ਤੇ ਪੁਲੀਸ ਕੇਸ ਲਈ ਥਾਣੇ ’ਚ ਦਿੱਤੀ ਜਾਵੇਗੀ ਅਰਜ਼ੀ: ਸੰਧੂ ਪੀੜਤ ਬਜ਼ੁਰਗ ਗੁਲਜ਼ਾਰ ਸਿੰਘ ਨੇ ਮੁਹਾਲੀ ਦੇ ਡੀਸੀ ਅਤੇ ਐਸਐਸਪੀ ਦਾ ਬੂਹਾ ਖੜਕਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ: ਜ਼ਿਲ੍ਹਾ ਮੁਹਾਲੀ ਵਿੱਚ ਕਥਿਤ ਤੌਰ ’ਤੇ ਨਾਜਾਇਜ਼ ਮਾਈਨਿੰਗ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸਪੱਸ਼ਟ ਆਖਿਆ ਕਿ ਅਜਿਹੇ ਮਾਮਲਿਆਂ ਵਿੱਚ ਮਾਈਨਿੰਗ ਵਿਭਾਗ ਅਤੇ ਹੋਰ ਸਬੰਧਤ ਅਦਾਰਿਆਂ ਦੇ ਜ਼ਿੰਮੇਵਾਰ ਅਫ਼ਸਰਾਂ ਅਤੇ ਮੁਲਾਜ਼ਮਾਂ ਦੀ ਕੋਈ ਬਹਾਨੇਬਾਜ਼ੀ ਨਹੀਂ ਚੱਲਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਥਾਣਾ ਸੋਹਾਣਾ ਅਧੀਨ ਆਉਂਦੇ ਪਿੰਡ ਧਰਮਗੜ੍ਹ ਵਿੱਚ ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਰਿਪੋਰਟ ਦੇਣ ਅਤੇ ਬਣਦੀ ਕਾਰਵਾਈ ਲਈ ਆਖਿਆ ਸੀ ਪ੍ਰੰਤੂ ਜ਼ਿਲ੍ਹਾ ਮਾਈਨਿੰਗ ਅਫ਼ਸਰ ਦਾ ਕਹਿਣਾ ਸੀ ਕਿ ਉਹ ਸੂਬੇ ’ਚੋਂ ਬਾਹਰ ਹਨ ਅਤੇ ਐਸਡੀਓ ਅਤੇ ਇੰਸਪੈਕਟਰ ਵੀ ਸ਼ਹਿਰ ’ਚੋਂ ਬਾਹਰ ਸਨ। ਡੀਸੀ ਨੇ ਅੱਜ ਮਾਈਨਿੰਗ ਅਧਿਕਾਰੀ ਨੂੰ ਆਪਣੇ ਦਫ਼ਤਰ ਵਿੱਚ ਤਲਬ ਕਰਕੇ ਸਾਫ਼ ਆਖਿਆ ਕਿ ਨਾਜਾਇਜ਼ ਮਾਈਨਿੰਗ ਦੇ ਮਾਮਲਿਆਂ ਵਿੱਚ ਹੁਣ ਅਧਿਕਾਰੀਆਂ ਦੀ ਕੋਈ ਬਹਾਨੇਬਾਜ਼ੀ ਨਹੀਂ ਚੱਲਣ ਦਿੱਤੀ ਜਾਵੇਗੀ। ਉਧਰ, ਨਾਜਾਇਜ਼ ਮਾਈਨਿੰਗ ਵਿਰੁੱਧ ਸੰਘਰਸ਼ ਕਰ ਰਹੇ ਬਜ਼ੁਰਗ ਗੁਲਜ਼ਾਰ ਸਿੰਘ (85) ਨੇ ਅੱਜ ਮੁਹਾਲੀ ਵਿੱਚ ਡੀਸੀ ਅਤੇ ਐਸਐਸਪੀ ਨਾਲ ਮੁਲਾਕਾਤਾਂ ਕਰਕੇ ਦੋਸ਼ ਲਾਇਆ ਕਿ ਪਿੰਡ ਕਕਰਾਲੀ ਵਿੱਚ ਸ਼ਰ੍ਹੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਪ੍ਰੰਤੂ ਮਾਈਨਿੰਗ ਵਿਭਾਗ ਅਤੇ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਬਜ਼ੁਰਗ ਨੇ ਦੱਸਿਆ ਕਿ ਉਸ ਨੇ ਦਸੰਬਰ 2018 ਵਿੱਚ ਪ੍ਰਸ਼ਾਸਨ ਦੇ ਧਿਆਨ ਵਿੱਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਲਿਆਂਦਾ ਗਿਆ ਸੀ ਅਤੇ ਇਸ ਸਬੰਧੀ ਮਾਈਨਿੰਗ ਵਿਭਾਗ ਨੇ ਖ਼ੁਦ ਪੁਲੀਸ ਕੇਸ ਦਰਜ ਕਰਵਾਇਆ ਸੀ ਲੇਕਿਨ ਹੁਣ ਤੱਕ ਕਿਸੇ ਨੂੰ ਫੜ ਕੇ ਹਵਾਲਾਤ ਵਿੱਚ ਨਹੀਂ ਡੱਕਿਆ ਗਿਆ। ਡੀਸੀ ਨੇ ਪੀੜਤ ਬਜ਼ੁਰਗ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇੰਝ ਹੀ ਪੁਲੀਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਡੇਰਾਬੱਸੀ ਦੇ ਡੀਐਸਪੀ ਨੂੰ ਫੋਨ ’ਤੇ ਕੇਸ ਦੇ ਸਟੇਟਸ ਬਾਰੇ ਪੁੱਛਿਆ ਅਤੇ ਬਣਦੀ ਕਾਰਵਾਈ ਦੇ ਆਦੇਸ਼ ਦਿੱਤੇ। ਪਿੰਡ ਧਰਮਗੜ੍ਹ ਮਾਮਲੇ ਵਿੱਚ ਪੀੜਤ ਰਜਿੰਦਰ ਸਿੰਘ, ਉਸ ਦੇ ਭਰਾ ਭੁਪਿੰਦਰ ਸਿੰਘ ਅਤੇ ਐਚਐਸ ਗਰੇਵਾਲ ਨੇ ਦੱਸਿਆ ਕਿ ਭਲਕੇ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਮਾਈਨਿੰਗ ਅਫ਼ਸਰ ਨੂੰ ਲਿਖਤੀ ਰੂਪ ਵਿੱਚ ਉਨ੍ਹਾਂ ਦੀ ਜ਼ਮੀਨ ਨੇੜਲੇ ਖੇਤਾਂ ’ਚੋਂ ਗੈਰ ਕਾਨੂੰਨੀ ਤਰੀਕੇ ਨਾਲ ਮਿੱਟੀ ਚੁੱਕਣ ਵਿਰੁੱਧ ਸ਼ਿਕਾਇਤ ਦੇਣਗੇ। (ਬਾਕਸ ਆਈਟਮ) ਜ਼ਿਲ੍ਹਾ ਮਾਈਨਿੰਗ ਅਫ਼ਸਰ ਗੁਰਪ੍ਰੀਤਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਮੁਹਾਲੀ ਸਮੇਤ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਦਾ ਕੰਮ ਦੇਖ ਰਹੇ ਹਨ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਹਾਈ ਕੋਰਟ ਵਿੱਚ ਦੋ ਦਿਨਾਂ ਦੇ ਅੰਦਰ ਅੰਦਰ ਮਾਈਨਿੰਗ ਸਬੰਧੀ ਡਿਟੇਲ ਰਿਪੋਰਟ ਦੇਣੀ ਹੈ। ਜਿਸ ਕਾਰਨ ਉਹ ਕਾਫੀ ਰੁੱਝੇ ਹੋਏ ਹਨ। ਸ੍ਰੀ ਸੰਧੂ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਡੀਸੀ ਨੂੰ ਆਪਣੀ ਰਿਪੋਰਟ ਸੌਂਪ ਦੇਣਗੇ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਮਾਈਨਿੰਗ ਵਾਲੀਆਂ ਥਾਵਾਂ ਦੀ ਨਿਸ਼ਾਨਦੇਹੀ ਲਈ ਐਸਡੀਐਮ ਨੂੰ ਪੱਤਰ ਲਿਖਿਆ ਜਾਵੇਗਾ ਜਦੋਂਕਿ ਪੁਲੀਸ ਕੇਸ ਲਈ ਐਸਐਸਪੀ ਰਾਹੀਂ ਸਬੰਧਤ ਥਾਣਿਆਂ ਨੂੰ ਸਿਫਾਰਸ਼ ਕੀਤੀ ਜਾਵੇਗੀ। (ਬਾਕਸ ਆਈਟਮ) ਅਕਾਲੀ ਸਰਕਾਰ ਵੇਲੇ ਸਭ ਤੋਂ ਵੱਧ ਨਾਜਾਇਜ਼ ਮਾਈਨਿੰਗ ਅਤੇ ਹੋਰ ਮੁੱਦੇ ਚੁੱਕਣ ਵਾਲੇ ਕਾਂਗਰਸੀ ਵਿਧਾਇਕ ਤੇ ਮੌਜੂਦਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਜਿਹੀ ਕੋਈ ਗੱਲ ਨਹੀਂ ਹੈ। ਉਂਜ ਕਈ ਵਾਰ ਗਲਤਫਹਿਮੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਕਿਸਾਨ ਆਪਣੀ ਜ਼ਮੀਨ ਦਾ ਪੱਧਰ ਠੀਕ ਕਰਨ ਲਈ ਖੇਤਾਂ ’ਚੋਂ ਮਿੱਟੀ ਚੁੱਕ ਲੈਂਦਾ ਹੈ। ਜਿਸ ਨੂੰ ਨਾਜਾਇਜ਼ ਮਾਈਨਿੰਗ ਦਾ ਨਾਂ ਦਿੱਤਾ ਜਾਂਦਾ ਹੈ। ਪ੍ਰੰਤੂ ਫਿਰ ਵੀ ਜੇਕਰ ਕਿਤੇ ਨਾਜਾਇਜ਼ ਮਾਈਨਿੰਗ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਵਿਅਕਤੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ